ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਰਹੇ ਮੌਜੂਦ
ਜੀ ਐਸ ਪੰਨੂ
ਪਟਿਆਲਾ, 18 ਜਨਵਰੀ,2022 : ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਅੱਜ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜੇਸ਼ਨ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਦੀ ਅਗਵਾਈ ਹੇਠ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਹੇਠ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵੀ ਉਨ੍ਹਾਂ ਦੇ ਨਾਲ ਮੌਜਦ ਸਨ।
ਉਨ੍ਹਾਂ ਦੱਸਿਆ ਕਿ ਜਿਹੜੀਆਂ ਮਸ਼ੀਨਾਂ ਰਾਹੀਂ ਵੋਟਾਂ ਪੈਣੀਆਂ ਹਨ, ਉਨ੍ਹਾਂ ਉਪਰ ਇਲੈਕਸ਼ਨ ਲਿਖਿਆ ਹਰੇ ਰੰਗ ਦਾ ਸਟਿਕਰ ਲੱਗਿਆ ਹੋਇਆ ਹੈ ਜਦੋਂ ਕਿ ਜ਼ਿਲ੍ਹੇ 'ਚ ਪੁੱਜੀਆਂ ਕੁੱਲ ਮਸ਼ੀਨਾਂ ਦਾ 10 ਫੀਸਦੀ ਈ.ਵੀ.ਐਮਜ ਚੋਣ ਅਮਲੇ ਦੀ ਸਿਖਲਾਈ ਅਤੇ ਵੋਟਰਾਂ ਨੂੰ ਵੋਟਾਂ ਬਾਰੇ ਜਾਗਰੂਕ ਕਰਨ ਲਈ ਰੱਖੀਆਂ ਗਈਆਂ ਹਨ, ਜਿਨ੍ਹਾਂ ਉਪਰ ਗੂੜੇ ਸੰਤਰੀ ਰੰਗ ਦਾ ਸਟਿਕਰ ਲੱਗਿਆ ਹੋਇਆ ਹੈ।
ਇਸ ਮੌਕੇ ਸੰਦੀਪ ਹੰਸ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ 'ਚ 20 ਫੀਸਦੀ ਵਾਧੂ ਈ.ਵੀ.ਐਮਜ ਸਮੇਤ ਕੁਲ 3128 ਬੈਲਟ ਯੂਨਿਟ ਮਸ਼ੀਨਾਂ, 2410 ਸੈਂਟਰਲ ਯੂਨਿਟ ਮਸ਼ੀਨਾਂ ਤੇ 30 ਫੀਸਦੀ ਵਾਧੂ ਸਮੇਤ 2672 ਵੀ.ਵੀ. ਪੈਟ ਮਸ਼ੀਨਾਂ ਜ਼ਿਲ੍ਹੇ ਦੇ 1784 ਪੋਲਿੰਗ ਬੂਥਾਂ ਲਈ ਭੇਜੀਆਂ ਜਾਣੀਆਂ ਹਨ।
ਉਨ੍ਹਾਂ ਦੱਸਿਆ ਕਿ ਸਮੁੱਚੇ ਚੋਣ ਅਮਲ ਨੂੰ ਪਾਰਦਰਸ਼ੀ ਢੰਗ ਨਾਲ ਪੂਰਾ ਕੀਤਾ ਜਾ ਰਿਹਾ ਹੈ, ਜਿਸ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਈ.ਵੀ.ਐਮਜ ਦੀ ਪਹਿਲੇ ਪੱਧਰ 'ਤੇ ਚੈਕਿੰਗ ਕਰਨ ਉਪਰੰਤ ਅੱਜ ਇਹ ਪਹਿਲੀ ਰੈਂਡੇਮਾਈਜੇਸ਼ਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਕਰਵਾਈ ਗਈ ਹੈ। ਇਸ ਤੋਂ ਬਾਅਦ ਦੂਜੀ ਰੈਂਡੇਮਾਈਜੇਸ਼ਨ 'ਚ ਇਨ੍ਹਾਂ ਮਸ਼ੀਨਾਂ ਨੂੰ ਬੂਥ ਵਾਈਜ ਭੇਜਿਆ ਜਾਵੇਗਾ ਅਤੇ ਅੱਜ ਇਨ੍ਹਾਂ ਨੂੰ 8 ਹਲਕਿਆਂ 'ਚ ਭੇਜਿਆ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਆਨਲਾਈਨ ਸਾਫਟਵੇਅਰ ਰਾਹੀਂ ਸੀਰੀਅਲ ਨੰਬਰਾਂ ਮੁਤਾਬਕ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਗ਼ਲਤੀ ਰਹਿਤ ਢੰਗ ਨਾਲ ਰੈਂਡੇਮਾਈਜੇਸ਼ਨ ਦਾ ਸਾਰਾ ਅਮਲ ਨੇਪਰੇ ਚੜ੍ਹਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ 'ਚੋਂ ਪੁਰਾਣੀਆਂ ਵੋਟਾਂ ਡੀਲੀਟ ਕਰ ਦਿਤੀਆਂ ਗਈਆਂ ਹਨ ਅਤੇ ਤਕਨੀਕੀ ਟੀਮਾਂ ਨੇ ਇਨ੍ਹਾਂ ਨੂੰ ਅਗਲੀਆਂ ਵੋਟਾਂ ਲਈ ਤਿਆਰ ਕਰ ਦਿੱਤਾ ਗਿਆ ਹੈ।
ਇਸ ਮੌਕੇ ਨੋਡਲ ਅਫ਼ਸਰ ਖ਼ਰਚਾ ਈਸ਼ਾ ਸਿੰਘਲ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਸੰਜੀਵ ਸ਼ਰਮਾ, ਚੋਣ ਤਹਿਸੀਲਦਾਰ ਰਾਮਜੀ ਲਾਲ, ਚੋਣ ਕਾਨੂਗੋ ਸ਼ਿਵਾਨੀ ਅਰੋੜਾ ਤੇ ਪ੍ਰਿਯੰਕਾ ਰਾਣੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਵਿੰਦਰ ਸਿੰਘ, ਕਾਂਗਰਸ ਤੋਂ ਮਹਿੰਦਰ ਸਿੰਘ, ਆਮ ਆਦਮੀ ਪਾਰਟੀ ਤੋਂ ਸੁਖਦੇਵ ਸਿੰਘ, ਤ੍ਰਿਣਮੂਲ ਕਾਂਗਰਸ ਤੋਂ ਅਸ਼ੋਕ ਸ਼ਰਮਾ, ਸ਼ਿਵ ਸੈਨਾ ਹਿੰਦੁਸਤਾਨ ਤੋਂ ਸੁਰਿੰਦਰਪਾਲ ਸਮੇਤ ਬਸਪਾ ਦੇ ਨੁਮਾਇੰਦੇ ਵੀ ਮੌਜੂਦ ਸਨ।