ਉੱਤਰੀ ਅਮਰੀਕਾ ਵਿਚ ਸੰਯੁਕਤ ਸਮਾਜ ਮੋਰਚੇ ਦੀ ਹਮਾਇਤ ਵਿੱਚ ਸਪੋਰਟ ਗਰੁੱਪ ਦਾ ਗਠਨ
ਸਪੋਰਟ ਗਰੁੱਪ ਦੀ ਜ਼ੂਮ ਮੀਟਿੰਗ ਵਿਚ ਸ਼ਾਮਲ ਹੋਈਆਂ 40 ਪ੍ਰਸਿੱਧ ਸ਼ਖ਼ਸੀਅਤਾਂ
ਹਰਦਮ ਮਾਨ,ਬਾਬੂਸ਼ਾਹੀ ਨੈੱਟਵਰਕ
ਸਰੀ, 19 ਜਨਵਰੀ 2022-ਪੰਜਾਬ ਦੀਆਂ ਫਰਵਰੀ 2022 ਦੀਆਂ ਚੋਣਾਂ ਵਿਚ ਸੰਯੁਕਤ ਸਮਾਜ ਮੋਰਚੇ ਦੀ ਹਮਾਇਤ ਕਰਨ ਵਾਸਤੇ ਪਰਵਾਸੀਆਂ ਵੱਲੋਂ ਉੱਤਰੀ ਅਮਰੀਕਾ ਵਿੱਚ ਸਪੋਰਟ ਗਰੁੱਪ ਗਠਿਤ ਕੀਤਾ ਗਿਆ ਹੈ। ਇਸ ਗਰੁੱਪ ਦੀ ਪਹਿਲੀ ਜ਼ੂਮ ਮੀਟਿੰਗ ਹੋਈ ਜਿਸ ਵਿਚ 40 ਦੇ ਕਰੀਬ ਉੱਘੀਆਂ ਸ਼ਖ਼ਸੀਅਤਾਂ ਨੇ ਹਿੱਸਾ ਲਿਆ।
ਗਰੁੱਪ ਦੇ ਟੋਰਾਂਟੋ ਤੋਂ ਕਨਵੀਨਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਭਨਾਂ ਸ਼ਖ਼ਸੀਅਤਾਂ ਨਾਲ ਜਾਣ ਪਛਾਣ ਕਰਵਾਈ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਕਨਵੀਨਰ ਡਾ. ਇੰਦਰਜੀਤ ਸਿੰਘ ਮਾਨ ਨੂੰ ਏਜੰਡਾ ਪੇਸ਼ ਕਰਨ ਲਈ ਕਿਹਾ। ਏਜੰਡੇ ਵਿੱਚ ਮੁੱਖ ਤੌਰ ਤੇ ਸ਼ਾਮਿਲ ਸੀ ਕਿ ਪੰਜਾਬੀ ਪਰਵਾਸੀਆਂ ਨਾਲ ਨਿੱਜੀ ਪੱਧਰ ਤੇ ਸੰਪਰਕ ਕੀਤਾ ਜਾਵੇ, ਜਿਸ ਵਿੱਚ ਉੱਤਰੀ ਅਮਰੀਕਾ ਤੋਂ ਖਾਸ ਕਰਕੇ ਔਰਤਾਂ, ਯੂਥ ਅਤੇ ਦਲਿਤ ਸ਼ਾਮਲ ਕੀਤੇ ਜਾਣ, ਗਰੁੱਪ ਨੂੰ ਉੱਤਰੀ ਅਮਰੀਕਾ ਤੋਂ ਇਲਾਵਾ ਯੂਰਪ, ਆਸਟਰੇਲੀਆ ਅਤੇ ਸੰਸਾਰ ਦੇ ਹੋਰ ਹਿੱਸਿਆਂ ਤਕ ਫੈਲਾਇਆ ਜਾਵੇ। ਮੋਰਚੇ ਦੀ ਹਮਾਇਤ ਵਾਸਤੇ ਦਿੱਤੇ ਠੋਸ ਸੁਝਾਵਾਂ ਵਿੱਚੋਂ ਪੰਜਾਬ ਵਿੱਚ ਫੋਨ ਕਾਲਾਂ ਕਰਨਾ ਪ੍ਰਮੁੱਖ ਸੀ।
ਐਕਸ ਸਰਵਿਸਮੈਨ ਦੇ ਆਗੂ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੇ ਗਰੁੱਪ ਗਠਿਤ ਕੀਤੇ ਜਾਣ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਇਹ ਜਾਣਕਾਰੀ ਸਾਂਝੀ ਕੀਤੀ ਕਿ 500 ਦੇ ਕਰੀਬ ਸਾਬਕਾ ਫੌਜੀ ਓਂਟਾਰੀਓ ਵਿੱਚ ਹਨ ਤੇ ਪੰਜਾਬ ਵਿੱਚ ਇਹ ਗਿਣਤੀ ਢਾਈ ਲੱਖ ਦੇ ਕਰੀਬ ਹੈ ਜਦੋਂਕਿ 90 ਹਜ਼ਾਰ ਫੌਜੀ ਸੇਵਾ ਨਿਭਾ ਰਹੇ ਹਨ। ਹੀਰ ਹੁਰਾਂ ਦੱਸਿਆ ਕਿ ਇਹ ਸਾਰੇ ਬਿਨਾਂ ਸ਼ਰਤ ਮੋਰਚੇ ਦੀ ਹਮਾਇਤ ਤੇ ਆ ਚੁੱਕੇ ਹਨ। ਇਨ੍ਹਾਂ ਨੂੰ ਟਿਕਟਾਂ ਦੇਣ ਦੀ ਸਲਾਹ ਵੀ ਦਿੱਤੀ ਗਈ।
ਮੀਟਿੰਗ ਦੌਰਾਨ ਮੀਡੀਆਕਾਰ ਰਵਿੰਦਰ ਸਿੰਘ ਪੰਨੂ ਦੁਆਰਾ ਤਿਆਰ ਕੀਤੇ ਐਪ ਦੀ ਵਰਤੋਂ ਕਰਨ ਦੀ ਪੇਸ਼ਕਸ਼ ਕੀਤੀ ਗਈ। ਅਮਰੀਕਾ ਤੋਂ ਧਰਮ ਸਿੰਘ ਗੁਰਾਇਆ ਨੇ ਸਭ ਨੂੰ ਪਰਵਾਸੀਆਂ ਨਾਲ ਪਹੁੰਚ ਕਰਨ ਦੀ ਵਕਾਲਤ ਕੀਤੀ, ਕਿਰਤਮੀਤ ਕੁਹਾੜ ਨੇ ਵਜਾਹਤ ਕੀਤੀ ਕਿ ਇਹ ਮੋਰਚਾ ਹੈ, ਰਾਜਸੀ ਪਾਰਟੀ ਨਹੀਂ ਹੈ। ਸੁਖਜੀਤ ਹੁਰਾਂ ਦਾ ਵਿਚਾਰ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਪ੍ਰਾਪਤੀਆਂ ਨੂੰ ਵੋਟਾਂ ਵਿੱਚ ਬਦਲਣ ਦੀ ਲੋਡੜ ਹੈ। ਰਜਿੰਦਰ ਸਿੰਘ ਦੂਹੜੇ ਨੇ ਕਿਹਾ ਕਿ ਪਰਵਾਸੀਆਂ ਨਾਲ ਪਹਿਲਾਂ ਤੋਂ ਹੀ ਧੋਖਾ ਹੁੰਦਾ ਆ ਰਿਹਾ ਹੈ, ਹੁਣ ਚੰਗਾ ਮੌਕਾ ਹੈ। ਮਲਕੀਤ ਸਿੰਘ ਜੰਡੇਰ ਨੇ ਵਿਰੋਧੀ ਪ੍ਰਚਾਰ ਦਾ ਟਾਕਰਾ ਕਰਨ ਦੀ ਸਲਾਹ ਦਿੱਤੀ। ਅਵਤਾਰ ਸਿੰਘ ਬਰਾੜ ਨੇ ਪੰਜਾਬ ਦੇ ਪਿੰਡ ਪਿੰਡ ਵਿਚ ਸੰਪਰਕ ਕਰਨ ਦਾ ਸੁਝਾਓ ਦਿੱਤਾ। ਡਾ ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਪ੍ਰਾਪਤੀਆਂ ਨੂੰ ਮੋਰਚੇ ਨਾਲ ਜੋੜਿਆ ਜਾਵੇ, ਚੋਣਾਂ ਨਾ ਲੜਨ ਵਾਲੀਆਂ ਕਿਸਾਨ ਧਿਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਕਿਉਂਕਿ ਸੰਯੁਕਤ ਸਮਾਜ ਮੋਰਚੇ ਦਾ ਏਜੰਡਾ ਕਾਫ਼ੀ ਹੱਦ ਤਕ ਸੰਯੁਕਤ ਕਿਸਾਨ ਮੋਰਚੇ ਦੇ ਵੇਲੇ ਤੋਂ ਹੀ ਬਣਿਆ ਹੋਇਆ ਹੈ, ਪ੍ਰਚਾਰ ਵਾਸਤੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ, ਅਖ਼ਬਾਰਾਂ ਵਿੱਚ ਲਿਖਿਆ ਜਾਵੇ, ਵੀਡੀਓ ਬਣਾ ਕੇ ਪਾਈਆਂ ਜਾਣ, ਭਾਵ ਸਾਰੇ ਆਧੁਨਿਕ ਢੰਗ ਤਰੀਕੇ ਅਪਣਾਏ ਜਾਣ।
ਅੰਤ ਵਿਚ ਡਾ. ਇੰਦਰਜੀਤ ਸਿੰਘ ਮਾਨ ਨੇ ਪੇਸ਼ ਕੀਤੇ ਇਨ੍ਹਾਂ ਸਭਨਾਂ ਸੁਝਾਵਾਂ ਤੇ ਵਿਚਾਰ ਕਰਕੇ ਮੋਰਚੇ ਦੇ ਏਜੰਡੇ ਵਿੱਚ ਸ਼ਾਮਲ ਕਰਨ ਦਾ ਯਕੀਨ ਦੁਆਇਆ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਗਰੁੱਪ ਦਾ ਘੇਰਾ ਦਿਨ ਬ ਦਿਨ ਵਧ ਰਿਹਾ ਹੈ। ਇਸ ਗਰੁੱਪ ਨਾਲ ਸੰਪਰਕ ਕਰਨ ਤੇ ਹਰ ਕਿਸਮ ਦੀ ਜਾਣਕਾਰੀ ਲਈ ਬ੍ਰਿਟਿਸ਼ ਕੋਲਬੀਆ ਵਿਚ ਡਾ. ਇੰਦਰਜੀਤ ਸਿੰਘ ਮਾਨ (604-725-5707) ਅਤੇ ਪਰਗਣ ਸਿੰਘ ਮੱਟੂ (604-825-3211) ਨਾਲ ਸੰਪਰਕ ਕੀਤਾ ਜਾ ਸਕਦਾ ਹੈ.
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com