ਭਾਜਪਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਹਿੱਸੇ ਵਾਲੀਆਂ 70 ਸੀਟਾਂ ਤੋਂ ਅੱਜ ਕੀਤਾ ਜਾ ਸਕਦਾ ਉਮੀਦਵਾਰਾਂ ਦਾ ਐਲਾਨ
ਦੀਪਕ ਗਰਗ,ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 19 ਜਨਵਰੀ 2022- ਭਾਰਤੀ ਜਨਤਾ ਪਾਰਟੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਇਸ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੀਜੇਪੀ ਸੂਤਰਾਂ ਮੁਤਾਬਿਕ ਪਾਰਟੀ ਹਾਈਕਮਾਂਡ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਅੱਜ ਸੰਸਦੀ ਬੋਰਡ ਦੀ ਮੀਟਿੰਗ ਦਿੱਲੀ ਵਿੱਚ ਰੱਖੀ ਗਈ ਹੈ। ਇਸ ਵਿੱਚ ਪੰਜਾਬ ਦੀ ਸਿਖਰ ਲੀਡਰਸ਼ਿਪ ਤੋਂ ਇਲਾਵਾ ਕੇਂਦਰੀ ਲੀਡਰਸ਼ਿਪ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਜਾਵੇਗੀ। 4028 ਅਰਜ਼ੀਆਂ 'ਤੇ ਵਿਚਾਰ ਕਰਕੇ ਜੋ ਸੂਚੀ ਬਣਾਈ ਗਈ ਹੈ, ਉਸ ਨੂੰ ਮੀਟਿੰਗ 'ਚ ਰੱਖਿਆ ਜਾਵੇਗਾ ਅਤੇ ਹਰੇਕ ਨਾਂ 'ਤੇ ਚਰਚਾ ਤੋਂ ਬਾਅਦ ਅੰਤਿਮ ਸੂਚੀ ਤਿਆਰ ਕੀਤੀ ਜਾਵੇਗੀ। ਇਸ ਸੂਚੀ 'ਤੇ ਪਾਰਟੀ ਹਾਈਕਮਾਂਡ ਦੀ ਮੋਹਰ ਲੱਗਣ ਤੋਂ ਬਾਅਦ ਜੇਕਰ ਕੋਈ ਅੜਿੱਕਾ ਨਾ ਪਿਆ ਤਾਂ ਅੱਜ ਹੀ ਇਹ ਸੂਚੀ ਜਾਰੀ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਇਹ ਸੂਚੀ ਜਾਰੀ ਹੋ ਜਾਂਦੀ ਹੈ ਤਾਂ ਜਲਦ ਹੀ ਕਾਂਗਰਸ ਪਾਰਟੀ ਵੀ ਬਾਕੀ ਰਹਿੰਦੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।
ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੇ ਪੱਧਰ ‘ਤੇ ਉਤਰਨ ਜਾ ਰਹੀ ਹੈ। ਪੰਜਾਬ ਵਿੱਚ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਆ ਰਹੀ ਹੈ। ਇਸ ਵਿਚ ਸੀਟਾਂ ਦੀ ਵੰਡ ਵੀ ਇਸੇ ਤਰ੍ਹਾਂ ਕੀਤੀ ਗਈ ਹੈ। ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੂੰ 5 ਸੀਟਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਭਾਜਪਾ 70 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗੀ।
ਜਦਕਿ ਬਾਕੀ 42 ਸੀਟਾਂ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਲਈ ਛੱਡੀਆਂ ਗਈਆਂ ਹਨ।
ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਕੇ ਛੋਟੇ ਭਰਾ ਦੀ ਭੂਮਿਕਾ ਨਿਭਾਈ ਸੀ। ਪਰ, ਇਸ ਵਾਰ ਭਾਜਪਾ ਵੱਡੇ ਭਰਾ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਭਾਵੇਂ ਭਾਜਪਾ ਨੇ ਕੈਪਟਨ ਨਾਲ ਸਮਝੌਤਾ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਗਠਜੋੜ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਇਹ ਕਿਹਾ ਸੀ ਕਿ ਇਸ ਵਾਰ ਅਕਾਲੀ ਦਲ ਨੂੰ ਵੱਡੇ ਭਰਾ ਵਜੋਂ ਨਹੀਂ, ਸਗੋਂ ਛੋਟੇ ਭਰਾ ਵਜੋਂ ਸਾਥ ਦੇਣਾ ਪਵੇਗਾ।
ਭਾਜਪਾ ਦੀ ਇਸ ਪੇਸ਼ਕਸ਼ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿਰੇ ਤੋਂ ਠੁਕਰਾ ਦਿੱਤਾ। ਇਸ ਤੋਂ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ।
ਪੰਜਾਬ ਵਿੱਚ ਕਿਸਾਨ ਅੰਦੋਲਨ ਦੌਰਾਨ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਦੇ ਨੇੜੇ-ਤੇੜੇ ਵੀ ਨਹੀਂ ਸਨ ਗਏ, ਉਨ੍ਹਾਂ ਨੇ ਹੁਣ ਹਾਲਾਤ ਸੁਧਰਦੇ ਹੀ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਲਈ ਅਪਲਾਈ ਕੀਤਾ ਹੈ। ਕਿਸਾਨ ਅੰਦੋਲਨ ਦੌਰਾਨ ਜਦੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਆਪਣੇ ਸਿਖਰ 'ਤੇ ਸੀ, ਉਸ ਸਮੇਂ ਹਰ ਕੋਈ ਪਾਰਟੀ ਨਾਲ ਚੱਲਣ ਤੋਂ ਗੁਰੇਜ਼ ਕਰ ਰਿਹਾ ਸੀ, ਤਾਂ ਜੋ ਉਨ੍ਹਾਂ ਨੂੰ ਕਿਸਾਨਾਂ ਦੇ ਰੋਸ ਦਾ ਸ਼ਿਕਾਰ ਨਾ ਹੋਣਾ ਪਵੇ। ਪਰ ਜਦੋਂ ਕਿਸਾਨ ਅੰਦੋਲਨ ਖ਼ਤਮ ਹੋਇਆ ਤਾਂ ਪੰਜਾਬ ਵਿੱਚ ਭਾਜਪਾ ਦੀ ਹਾਲਤ ਵੀ ਸੁਧਰ ਗਈ। ਸਹੀ ਸਥਿਤੀ ਦਾ ਨਤੀਜਾ ਹੀ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਚੋਣ ਟਿਕਟ ਲਈ 4028 ਲੋਕਾਂ ਨੇ ਅਪਲਾਈ ਕੀਤਾ।
ਜ਼ਿਆਦਾਤਰ ਦਰਖਾਸਤਾਂ ਵਰਕਿੰਗ ਕਮੇਟੀ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ ਰਾਹੀਂ ਜਥੇਬੰਦੀ ਪੰਜਾਬ ਕੋਲ ਪੁੱਜੀਆਂ ਹਨ। ਜਦਕਿ ਕਈ ਅਜਿਹੇ ਹਨ ਜਿਨ੍ਹਾਂ ਨੇ ਸਿੱਧੇ ਤੌਰ 'ਤੇ ਅਪਲਾਈ ਕੀਤਾ ਹੈ। ਸਭ ਤੋਂ ਵੱਧ ਦਰਖਾਸਤਾਂ ਦੋਆਬਾ, ਮਾਝਾ, ਪੁਆੜ ਅਤੇ ਪੰਜਾਬ ਦੀ ਹਿੰਦੂ ਬਹੁਲ ਪੱਟੀ ਦੇ ਸ਼ਹਿਰੀ ਖੇਤਰਾਂ ਤੋਂ ਆਈਆਂ ਹਨ। ਜਦਕਿ ਸਭ ਤੋਂ ਘੱਟ ਅਰਜੀਆਂ ਬਠਿੰਡਾ ਤੋਂ ਪ੍ਰਾਪਤ ਹੋਈਆਂ ਹਨ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਹੁਸ਼ਿਆਰਪੁਰ, ਪਠਾਨਕੋਟ, ਮੋਹਾਲੀ ਤੋਂ ਵਧੇਰੇ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਕਿਉਂਕਿ ਸ਼ਹਿਰੀ ਖੇਤਰਾਂ ਵਿੱਚ ਹਿੰਦੂ ਜ਼ਿਆਦਾ ਹਨ ਅਤੇ ਇਨ੍ਹਾਂ ਸ਼ਹਿਰਾਂ ਵਿੱਚ ਕਿਤੇ ਨਾ ਕਿਤੇ ਭਾਜਪਾ ਦਾ ਆਧਾਰ ਹੈ। ਇਸੇ ਲਈ ਇਨ੍ਹਾਂ ਸ਼ਹਿਰਾਂ ਤੋਂ ਟਿਕਟਾਂ ਦੇ ਚਾਹਵਾਨ ਜ਼ਿਆਦਾ ਨਿਕਲੇ ਹਨ।
ਸੂਤਰਾਂ ਮੁਤਾਬਿਕ ਜਿਲਾ ਫਰੀਦਕੋਟ ਵਿਖੇ ਬੀਜੇਪੀ ਨੇ ਆਪਣੇ ਕੋਲ ਕੋਟਕਪੂਰਾ ਸੀਟ ਹੀ ਰੱਖੀ ਹੈ ਜਦੋਂਕਿ ਫਰੀਦਕੋਟ ਸੀਟ ਪੰਜਾਬ ਲੋਕ ਕਾਂਗਰਸ ਅਤੇ ਜੈਤੋ ਸੀਟ ਅਕਾਲੀ ਦਲ ਸੰਯੁਕਤ ਦੇ ਖਾਤੇ ਹੋਣ ਦੀ ਚਰਚਾ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਦੋਨਾਂ ਸੀਟਾਂ ਉਪਰੋਕਤ ਪਾਰਟੀਆਂ ਕੋਲ ਮਜਬੂਤ ਦਾਅਵੇਦਾਰ ਹਨ। ਕੋਟਕਪੂਰਾ ਵਿਧਾਨਸਭਾ ਹਲਕੇ ਤੋਂ ਸੁੱਬਾ ਸਕੱਤਰ ਸੁਨੀਤਾ ਗਰਗ, ਜਿਲਾ ਪ੍ਰਧਾਨ ਦੁਰਗੇਸ਼ ਸ਼ਰਮਾ, ਸੀਨੀਅਰ ਆਗੂ ਅਜੀਤ ਪ੍ਰਕਾਸ਼ ਸ਼ਰਮਾ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਗੌਰਵ ਕੱਕੜ ਨੇ ਦਾਅਵੇਦਾਰੀ ਜਤਾਈ ਹੈ। ਇਸ ਤੋਂ ਪਹਿਲਾਂ 1992 ਵਿਚ ਸਵ. ਕ੍ਰਿਸ਼ਨ ਕੁਮਾਰ ਸ਼ਾਸਤਰੀ ਨੇ ਬੀਜੇਪੀ ਦੀ ਟਿਕਟ ਤੇ ਕੋਟਕਪੂਰਾ ਸੀਟ ਤੋਂ ਚੋਣ ਲੜੀ ਸੀ ਅਤੇ 5147 ਵੋਟਾਂ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੇ ਸਨ। ਇਹ ਕੁਲ ਵੋਟਾਂ ਦਾ 16.94 ਫੀਸਦੀ ਸੀ।