ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਮਗਰੋਂ ਆਪਣੇ ਪਿੰਡ ਸਤੌਜ ਪਹੁੰਚੇ ਭਗਵੰਤ ਮਾਨ
- ਲੋਕਾਂ ਨੂੰ ਕੀਤੀ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ
ਦਲਜੀਤ ਕੌਰ ਭਵਾਨੀਗੜ੍ਹ
ਸਤੌਜ, 19 ਜਨਵਰੀ, 2022: ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਅੱਜ ਆਪਣੇ ਜਨਮ ਸਥਾਨ ਪਿੰਡ ਸਤੌਜ ਪਹੁੰਚੇ, ਜਿੱਥੇ ਪਿੰਡ ਦੇ ਲੋਕਾਂ ਦੁਆਰਾ ਭਗਵੰਤ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ। ਭਗਵੰਤ ਮਾਨ ਨੇ ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ਨੂੰ ਨਰਕ ਵੱਲ ਧੱਕ ਦਿੱਤਾ ਹੈ। ਅੱਜ ਨੌਜਵਾਨ ਪੀੜ੍ਹੀ ਬੇਰੁਜ਼ਗਾਰ ਫਿਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਮਾਂ-ਪਿਓ ਆਪਣੇ ਬੱਚੇ ਨੂੰ ਇਹ ਸੋਚ ਕੇ ਪੜ੍ਹਾਉਂਦਾ ਹੈ ਕਿ ਸ਼ਾਇਦ ਪੜ੍ਹ ਲਿਖ ਕੇ ਸਾਡੇ ਬੱਚੇ ਨੂੰ ਨੌਕਰੀ ਮਿਲ ਜਾਵੇ ਪਰ ਹੁੰਦਾ ਉਸ ਦੇ ਉਲਟ ਹੈ। ਮਜ਼ਦੂਰ ਦਾ ਬੱਚਾ ਮਜ਼ਦੂਰ ਹੀ ਰਹਿ ਜਾਂਦਾ ਹੈ। ਡਿਗਰੀਆਂ ਲੈ ਕੇ ਵੀ ਉਸ ਕੋਲ ਨੌਕਰੀ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੀ ਬਜਾਏ ਪੁਲਿਸ ਦੀਆਂ ਲਾਠੀਆਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਪੰਜਾਬ ਵਿੱਚ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹਨ।
ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਪੰਜਾਬ ’ਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਪੰਜਾਬ ’ਚ ਸਿੱਖਿਆ ਦਾ ਪੱਧਰ ਵੀ ਉੱਚਾ ਚੁੱਕਣਗੇ ਅਤੇ ਰੁਜ਼ਗਾਰ ਵੀ ਮੁਹੱਈਆ ਕਰਵਾਉਣਗੇ।
ਭਗਵੰਤ ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਮੈਂ ਜਦੋਂ ਵੀ ਰੈਲੀਆਂ ਕਰ ਕੇ ਘਰ ਜਾਂਦਾ ਹਾਂ ਤਾਂ ਲੋਕਾਂ ਵੱਲੋਂ ਮਿਲੇ ਅਥਾਹ ਪਿਆਰ ਨੂੰ ਦੇਖ ਮੈਨੂੰ ਖ਼ੁਸ਼ੀ ਮਹਿਸੂਸ ਹੁੰਦੀ ਹੈ। ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਤੋਂ ਕਿੰਨੇ ਅੱਕ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਵਾਰ ਬਦਲਾਅ ਚਾਹੀਦਾ ਹੈ। ਮੈਂ ਸਾਰੀਆਂ ਮਾਂਵਾਂ-ਭੈਣਾਂ, ਵੀਰਾਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਾਂਗਾ।
ਇਸ ਮੌਕੇ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਵੀ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਸ ਵਾਰ ਪਿੰਡ ’ਚ ਸਿਰਫ਼ ਝਾੜੂ ਦਾ ਹੀ ਪੋਲਿੰਗ ਬੂਥ ਲਗਵਾਇਆ ਜਾਵੇ ਅਤੇ ਮੇਰੇ ਵੀਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਜਾਵੇ।