ਚੋਣ ਪ੍ਰਚਾਰ ਲਈ ਡਿਜੀਟਲ ਮੁਹਿੰਮ ਤੇਜ਼: ਪੰਜਾਬ ਦੀਆਂ ਪੰਜੇ ਪ੍ਰਮੁੱਖ ਸਿਆਸੀ ਪਾਰਟੀਆਂ ਅਤੇ ਉਮੀਦਵਾਰ
ਫੇਸਬੁੱਕ-ਵਟਸਐਪ 'ਟਵਿੱਟਰ ਅਤੇ ਇੰਸਟਾਗ੍ਰਾਮ ਤੇ ਸਰਗਰਮ ਨੌਜਵਾਨਾਂ ਤੱਕ ਬਣਾ ਰਹੇ ਪਹੁੰਚ
ਡਿਜੀਟਲ ਪ੍ਰਚਾਰ ਵਿੱਚ ਆਪ ਸਭ ਤੋਂ ਅੱਗੇ ਅਤੇ ਸੰਯੁਕਤ ਸਮਾਜ ਮੋਰਚਾ ਸਭ ਤੋਂ ਪਿੱਛੇ
ਦੀਪਕ ਗਰਗ,ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ 20 ਜਨਵਰੀ 2022 -ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਰੈਲੀਆਂ, ਨੁੱਕੜ ਬੈਠਕਾਂ ਅਤੇ ਰੋਡ ਸ਼ੋਅ 'ਤੇ ਪਾਬੰਦੀ ਲਗਾ ਕੇ ਡਿਜੀਟਲ ਪ੍ਰਚਾਰ ਦੀ ਇਜਾਜ਼ਤ ਦੇ ਦਿੱਤੀ ਹੋਈ ਹੈ। ਅਜਿਹੇ ਵਿੱਚ ਹੁਣ ਪੰਜਾਬ ਦੇ ਚੋਣ ਮੈਦਾਨ ਵਿਚ ਉਤਰੀਆਂ ਪੰਜੇ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਅਤੇ ਇਨ੍ਹਾਂ ਦੇ ਸੰਭਾਵੀ ਤੇ ਘੋਸ਼ਿਤ ਉਮੀਦਵਾਰਾਂ ਨੇ ਵਰਚੁਅਲ ਸੰਵਾਦ ਰਾਹੀਂ ਲੋਕਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਡਿਜੀਟਲ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਵਟਸਐਪ ਅਤੇ ਮੈਸੇਂਜਰ 'ਤੇ ਗਰੁੱਪ ਬਣਾਏ ਗਏ ਹਨ। ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜੋੜਿਆ ਜਾ ਰਿਹਾ ਹੈ ਅਤੇ ਇਸ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸੰਭਾਵੀ ਅਤੇ ਘੋਸ਼ਿਤ ਉਮੀਦਵਾਰ ਆਪਣੇ ਹਲਕੇ ਦੇ ਲੋਕਾਂ ਦਾ ਡਾਟਾ ਇਕੱਠਾ ਕਰ ਰਹੇ ਹਨ ਜਿਨ੍ਹਾਂ ਕੋਲ ਸਮਾਰਟ ਫ਼ੋਨ ਹਨ ਅਤੇ ਉਹ ਸੋਸ਼ਲ ਮੀਡੀਆ 'ਤੇ ਸਰਗਰਮ ਹਨ। ਉਨ੍ਹਾਂ ਨਾਲ ਇੱਕੋ ਪਲੇਟਫਾਰਮ 'ਤੇ ਸੰਪਰਕ ਕੀਤਾ ਜਾ ਰਿਹਾ ਹੈ।
ਮੀਡਿਆ ਸੂਤਰਾਂ ਮੁਤਾਬਿਕ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿੱਚੋਂ ਆਮ ਆਦਮੀ ਕੋਲ ਸਭ ਤੋਂ ਵੱਡੀ ਡਿਜੀਟਲ ਟੀਮ ਹੈ। ਪੰਜਾਬ ਵਿੱਚ ਪੰਜ ਵੱਡੇ ਸਿਆਸੀ ਫਰੰਟ ਚੋਣ ਦੰਗਲ ਵਿੱਚ ਹਨ। ਇਨ੍ਹਾਂ ਵਿੱਚ ਸੱਤਾਧਾਰੀ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ, ਕਿਸਾਨ ਜਥੇਬੰਦੀਆਂ ਦਾ ਸੰਯੁਕਤ ਮੋਰਚਾ ਅਤੇ ਭਾਜਪਾ-ਕੈਪਟਨ ਅਮਰਿੰਦਰ ਸਿੰਘ-ਢੀਂਡਸਾ ਗਠਜੋੜ ਸ਼ਾਮਲ ਹਨ। ਸਾਰੀਆਂ ਸਿਆਸੀ ਪਾਰਟੀਆਂ ਦੇ ਆਪਣੇ ਸੋਸ਼ਲ ਮੀਡੀਆ ਸੈੱਲ ਹਨ। ਕਿਸਾਨ ਅੰਦੋਲਨ ਤੋਂ ਬਾਅਦ ਸਾਹਮਣੇ ਆਈ ਸੰਯੁਕਤ ਸਮਾਜ ਮੋਰਚਾ ਪਾਰਟੀ ਇਸ ਮਾਮਲੇ ਵਿੱਚ ਅਜੇ ਵੀ ਪਿੱਛੇ ਹੈ। ਮੋਰਚੇ ਦਾ ਅਜੇ ਤੱਕ ਕਿਸੇ ਵੀ ਪਲੇਟਫਾਰਮ 'ਤੇ ਕੋਈ ਅਧਿਕਾਰਤ ਪੇਜ ਨਹੀਂ ਹੈ।
ਰਾਜਨੀਤਿਕ ਪਾਰਟੀਆਂ ਦੀਆਂ ਟੀਮਾਂ ਵਿੱਚ ਉਹ ਲੋਕ ਸ਼ਾਮਲ ਹੁੰਦੇ ਹਨ ਜੋ ਡਿਜੀਟਲ ਮੁਹਿੰਮ ਵਿੱਚ ਨਿਪੁੰਨ ਹੁੰਦੇ ਹਨ, ਜੋ ਆਈਟੀ ਅਤੇ ਸਾਫਟਵੇਅਰ ਇੰਜੀਨੀਅਰਿੰਗ ਵਿੱਚ ਸਿਖਲਾਈ ਪ੍ਰਾਪਤ ਹੁੰਦੇ ਹਨ। ਇਹ ਟੀਮਾਂ ਸੂਬਾ ਪੱਧਰ ਦੇ ਨਾਲ-ਨਾਲ ਜ਼ਿਲ੍ਹਾ ਅਤੇ ਬੂਥ ਪੱਧਰ 'ਤੇ ਪਾਰਟੀਆਂ ਦੇ ਪ੍ਰਚਾਰ 'ਚ ਜੁਟੀਆਂ ਹੋਈਆਂ ਹਨ | ਹਰੇਕ ਟੀਮ ਕੋਲ 100 ਤੋਂ 200 ਲੋਕਾਂ ਦੀ ਟੀਮ ਹੈ, ਕੁਝ ਪਾਰਟੀਆਂ ਆਊਟਸੋਰਸਿੰਗ 'ਤੇ ਵੀ ਟੀਮਾਂ ਰੱਖ ਰਹੀਆਂ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਉਮੀਦਵਾਰਾਂ ਨੇ ਆਪਣੇ ਸੋਸ਼ਲ ਮੀਡੀਆ ਨੂੰ ਸੰਭਾਲਣ ਲਈ ਟੀਮ ਵੀ ਤਿਆਰ ਕੀਤੀ ਹੋਈ ਹੈ।
ਆਮ ਆਦਮੀ ਪਾਰਟੀ ਦੀ ਟੀਮ ਬਾਕੀ ਸਿਆਸੀ ਪਾਰਟੀਆਂ ਨਾਲੋਂ ਥੋੜ੍ਹੀ ਵੱਡੀ ਹੈ। 'ਆਪ' ਦੀ ਟੀਮ ਜੋ ਇਕ ਥਾਂ 'ਤੇ ਰੁਕਣ ਦੀ ਬਜਾਏ ਚਲਦੀ ਰਹਿੰਦੀ ਹੈ। ਸੂਤਰਾਂ ਮੁਤਾਬਿਕ ਟੀਮ ਵਿੱਚ ਡੇਢ ਸੌ ਦੇ ਕਰੀਬ ਲੋਕ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਕੈਮਰਾਮੈਨ, ਵੀਡੀਓ ਐਡੀਟਰ, ਐਸਈਓ ਮਾਹਿਰ, ਸੋਸ਼ਲ ਮੀਡੀਆ ਮੈਨੇਜਰ ਸ਼ਾਮਲ ਹਨ। ਇਹ ਟੀਮ ਨਾ ਸਿਰਫ ਆਮ ਆਦਮੀ ਪਾਰਟੀ ਦੇ ਅਧਿਕਾਰਤ ਪੇਜ ਦੀ ਦੇਖ-ਰੇਖ ਕਰਦੀ ਹੈ, ਸਗੋਂ ਪਾਰਟੀ ਦੇ ਨਾਂ 'ਤੇ ਕਈ ਹੋਰ ਪੇਜ ਜਾਂ ਸੋਸ਼ਲ ਮੀਡੀਆ ਅਕਾਊਂਟ ਵੀ ਹੈਂਡਲ ਕਰਦੀ ਹੈ। ਉਹ ਵਿਰੋਧੀ ਆਗੂਆਂ ਅਤੇ ਪਾਰਟੀਆਂ ਦੇ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਰੱਖਦੇ ਹਨ ਅਤੇ ਉਨ੍ਹਾਂ ਦੀ ਹੀ ਭਾਸ਼ਾ 'ਚ ਜਵਾਬ ਦਿੰਦੇ ਹਨ।
ਭਾਰਤੀ ਜਨਤਾ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਡੀ ਅਤੇ ਤੇਜ਼ ਤਰਾਰ ਹੈ। ਉੱਤਰ ਪ੍ਰਦੇਸ਼ ਵਿੱਚ, ਭਾਜਪਾ ਨੇ ਡਿਜੀਟਲ ਮੁਹਿੰਮ ਲਈ 10 ਜਨਵਰੀ ਤੱਕ 11150 ਲੋਕਾਂ ਦੀ ਟੀਮ ਨੂੰ ਲਗਾਇਆ ਹੈ। ਹਾਲਾਂਕਿ ਭਾਜਪਾ ਦੀ ਅਜਿਹੀ ਤਿਆਰੀ ਪੰਜਾਬ ਵਿੱਚ ਨਜ਼ਰ ਨਹੀਂ ਆ ਰਹੀ ਹੈ। ਭਾਜਪਾ ਦੀ 100 ਮੈਂਬਰੀ ਸੋਸ਼ਲ ਮੀਡੀਆ ਟੀਮ ਸੂਬੇ ਵਿੱਚ ਕੰਮ ਕਰ ਰਹੀ ਹੈ।
ਸੋਸ਼ਲ ਮੀਡੀਆ ਦੇ ਮਾਮਲੇ ਵਿੱਚ ਕਾਂਗਰਸ ਵੀ ਪਿੱਛੇ ਨਹੀਂ ਹੈ। ਜਿੱਥੇ ਪਾਰਟੀ ਨੇ ਯੂਪੀ ਵਿੱਚ 1500 ਲੋਕਾਂ ਦੀ ਵਿਸ਼ੇਸ਼ ਟੀਮ ਲਗਾਈ ਹੈ। ਪੰਜਾਬ 'ਚ 100 ਲੋਕਾਂ ਦੀ ਟੀਮ ਸੋਸ਼ਲ ਮੀਡੀਆ ਦੇ ਪ੍ਰਚਾਰ 'ਤੇ ਲੱਗੀ ਹੋਈ ਹੈ। ਇਹ ਟੀਮ ਹਰ ਰੋਜ਼ ਚੰਨੀ ਅਤੇ ਸਿੱਧੂ ਦੀਆਂ ਕਲਿੱਪਾਂ ਵਾਇਰਲ ਕਰ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਸੋਸ਼ਲ ਮੀਡੀਆ ਦੇ ਪ੍ਰਚਾਰ ਲਈ 70 ਤੋਂ ਵੱਧ ਸੋਸ਼ਲ ਮੀਡੀਆ ਮਾਹਿਰਾਂ ਦੀ ਟੀਮ ਲਗਾਈ ਹੈ। ਟੀਮ ਵਿੱਚ ਸੋਸ਼ਲ ਮੀਡੀਆ ਮੈਨੇਜਰ, ਵੀਡੀਓ ਐਡੀਟਰ, ਐਸਈਓ ਮਾਹਰ ਸ਼ਾਮਲ ਹੁੰਦੇ ਹਨ ਜੋ ਦੂਜੀਆਂ ਪਾਰਟੀਆਂ ਦੇ ਸੋਸ਼ਲ ਮੀਡੀਆ ਦੀ ਵੀ ਨਿਗਰਾਨੀ ਕਰਦੇ ਹਨ। ਇਹ ਟੀਮ ਸੁਖਬੀਰ ਬਾਦਲ ਦੇ ਪ੍ਰੋਗਰਾਮਾਂ ਨੂੰ ਫੇਸਬੁੱਕ, ਟਵਿਟਰ ਅਤੇ ਯੂ-ਟਿਊਬ 'ਤੇ ਲਾਈਵ ਕਰਦੀ ਹੈ।
ਟਵਿੱਟਰ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਸਭ ਤੋਂ ਅੱਗੇ ਅਤੇ ਬੀਜੇਪੀ ਸਭ ਤੋਂ ਪਿੱਛੇ ਹੈ। ਪੰਜਾਬ ਕਾਂਗਰਸ ਦੇ 169K
ਫਾਲੋਰਜ, ਸ਼੍ਰੋਮਣੀ ਅਕਾਲੀ ਦਲ ਦੇ 82K ਫਾਲੋਰਜ, ਆਮ ਆਦਮੀ ਪਾਰਟੀ ਦੇ 150K ਫਾਲੋਰਜ ਜਦਕਿ ਪੰਜਾਬ ਬੀਜੇਪੀ ਦੇ 67.3K ਫਾਲੋਰਜ ਹਨ।
ਇਸੇ ਤਰਾਂ ਬੀਜੇਪੀ ਪ੍ਰਧਾਨ ਨਵਜੋਤ ਸਿੱਧੂ ਦੇ 1M ਫਾਲੋਰਜ , ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 413K ਫਾਲੋਰਜ , ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ 557K ਫਾਲੋਰਜ, ਜਦਕਿ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਿਰਫ 8472 ਹੀ ਫਾਲੋਰਜ ਹਨ।
ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ 23.9M ਫਾਲੋਰਜ , ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 1.1M ਫਾਲੋਰਜ, ਜਦਕਿ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ 181K ਫਾਲੋਰਜ ਹਨ। ਇਕ ਵੱਡੇ ਫਿਲਮ ਸਟਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਟਵਿੱਟਰ ਉਪਰ ਸਿਰਫ 5422 ਫਾਲੋਰਜ ਹਨ।