ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ 88 ਵੇਂ ਬਰਸੀ ਸਮਾਗਮ ਵਿੱਚ ਭਾਕਿਯੂ ਏਕਤਾ ਡਕੌਂਦਾ ਦੇ ਸੈਂਕੜੇ ਜੁਝਾਰੂ ਮਰਦ ਔਰਤਾਂ ਦੇ ਕਾਫ਼ਲੇ ਹੋਏ ਸ਼ਾਮਿਲ
21 ਜਨਵਰੀ ਦਾਣਾ ਮੰਡੀ ਬਰਨਾਲਾ ਜੁਝਾਰ ਰੈਲੀ ਵਿੱਚ ਸ਼ਾਮਿਲ ਹੋਵੋ-ਧਨੇਰ,ਉੱਪਲੀ
ਕਮਲਜੀਤ ਸਿੰਘ ਸੰਧੂ,ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 20 ਜਨਵਰੀ 2022- ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸ.ਸੇਵਾ ਸਿੰਘ ਠੀਕਰੀਵਾਲਾ ਦੇ 88 ਵੀਂ ਸ਼ਹੀਦੀ ਬਰਸੀ ਸਮਾਗਮ ਸਮੇਂ ਜੁਝਾਰੂ ਕਿਸਾਨ ਜਥੇਬੰਦੀਆਂ ਖਾਸ ਕਰ ਭਾਕਿਯੂ ਏਕਤਾ ਡਕੌਂਦਾ ਦੇ ਸ਼ਹੀਦਾਂ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਜੁਝਾਰੂ ਕਿਸਾਨ ਮਰਦ ਔਰਤਾਂ ਦੇ ਕਾਫ਼ਲੇ ਪੂਰੇ ਇਨਕਲਾਬੀ ਜੋਸ਼ ਨਾਲ ਸ਼ਾਮਿਲ ਹੋਏ। ਇਸ ਸਮੇਂ ਸੰਬੋਧਨ ਕਰਦਿਆਂ ਮਨਜੀਤ ਧਨੇਰ,ਨਰਾਇਣ ਦੱਤ, ਬਲਵੰਤ ਸਿੰਘ ਉੱਪਲੀ ਅਤੇ ਗੁਰਦੇਵ ਸਿੰਘ ਮਾਂਗੇਵਾਲ ਨੇ ਠੀਕਰੀਵਾਲਾ ਦੀ ਪੰਚਾਇਤ, ਗੁਰਦਵਾਰਾ ਪਰਬੰਧਕ ਕਮੇਟੀ, ਨੌਜਵਾਨ ਸਭਾ ਅਤੇ ਸਮੂਹ ਪਿੰਡ ਨਿਵਾਸੀਆਂ ਦੇ ਉਤਸ਼ਾਹਜਨਕ ਉਪਰਾਲੇ ਦੀ ਜੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਸਾਲ ਵੀ ਸਮੂਹ ਠੀਕਰੀਵਾਲਾ ਨਿਵਾਸੀਆਂ ਨੇ ਸ਼ਹੀਦ ਸ ਸੇਵਾ ਸਿੰਘ ਠੀਕਰੀਵਾਲਾ ਜੀ ਦੇ ਬਰਸੀ ਸਮਾਗਮ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਕੇ ਨਵੀਂ ਪਿਰਤ ਪਾਈ ਸੀ।
ਇਸ ਵਾਰ ਵੀ ਪੂਰਾ ਇੱਕ ਦਿਨ ਜੁਝਾਰੂ ਕਿਸਾਨ ਆਗੂਆਂ ਅਤੇ ਲੋਕ ਹਿੱਤਾਂ ਲਈ ਜੂਝਣ ਵਾਲੇ ਕਾਫ਼ਲਿਆਂ ਲਈ ਰਾਖਵਾਂ ਕਰਕੇ ਹੋਰ ਵੀ ਨਿਵੇਕਲੀ ਪਿਰਤ ਪਾਈ ਹੈ।ਆਗੂਆਂ ਕਿਹਾ ਕਿ ਸ਼ਹੀਦਾਂ ਦੇ ਵਾਰਸ ਕਿਰਤੀ, ਕਿਸਾਨ, ਨੌਜਵਾਨ, ਔਰਤਾਂ ਸਮਝ ਚੁੱਕੇ ਹਨ ਕਿ ਵੱਖੋ ਵੱਖ ਰੰਗਾਂ ਦੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਨੇ 75 ਸਾਲਾਂ ਦੇ ਅਰਸੇ ਦੌਰਾਨ ਲੁੱਟਿਆ ਅਤੇ ਕੁੱਟਿਆ ਹੀ ਹੈ। ਉਹ ਕਦੇ ਵੀ ਸ਼ਹੀਦਾਂ ਦੇ ਹਕੀਕੀ ਵਾਰਸ ਨਹੀਂ ਹੋ ਸਕਦੇ। ਆਗੂਆਂ ਨੇ ਬਰਨਾਲਾ ਜਿਲ੍ਹੇ ਦੀਆਂ ਭਾਕਿਯੂ ਏਕਤਾ ਡਕੌਂਦਾ ਦੀਆਂ ਸਮੁੱਚੀਆਂ ਪਿੰਡ ਇਕਾਈਆਂ ਨੂੰ ਵੱਡੀ ਗਿਣਤੀ ਵਿੱਚ ਦਾਣਾ ਮੰਡੀ ਬਰਨਾਲਾ ਵਿਖੇ ਦੁੱਧ, ਚਾਹ, ਪਾਣੀ ਦਾ ਪੑਬੰਧਕੀ ਕਰਦਿਆਂ 21 ਜਨਵਰੀ ਨੂੰ 11 ਵਜੇ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ 'ਜੁਝਾਰ ਰੈਲੀ' ਵਿੱਚ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ। ਆਗੂਆਂ ਨੇ ਜੁਝਾਰ ਰੈਲੀ ਲਈ ਪ੍ਰਬੰਧਾਂ ਅਤੇ ਡਿਊਟੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ।ਇਸ ਸਮੇਂ ਗੁਰਮੀਤ ਸੁਖਪੁਰਾ,ਰਜਿੰਦਰਪਾਲ,ਸੁਖਵਿੰਦਰ ਸਿੰਘ ਠੀਕਰੀਵਾਲਾ,ਯੀਦਵਿੰਦਰ ਠੀਕਰੀਵਾਲਾ, ਕੁਲਵਿੰਦਰ ਸਿੰਘ,ਦਰਸ਼ਨ ਸਿੰਘ ਨਾਗਰਾ, ਪਰਮਜੀਤ ਕੌਰ, ਬਲਵਿੰਦਰ ਕੌਰ, ਸੁਖਦੇਵ ਸਿੰਘ, ਕੁਲਵੀਰ ਸਿੰਘ, ਰਾਮ ਸਿੰਘ, ਚਤਰ ਸਿੰਘ, ਜੀਤ ਸਿੰਘ, ਗੋਪਾਲ ਕਰਿਸ਼ਨ, ਰਾਜ ਸਿੰਘ ਹਮੀਦੀ, ਆਤਮਾ ਸਿੰਘ, ਗੁਰਮੀਤ ਸਿੰਘ ਵੀ ਸ਼ਾਮਿਲ ਸਨ।