ਚੋੋਣਾਂ ਤੋਂ ਪਹਿਲਾਂ ਹੀ ਸੰਯੁਕਤ ਸਮਾਜ ਮੋਰਚਾ ’ਚ ਖਿਲਾਰਾ ਪੈਣ ਲੱਗਿਆ, ਮਾਲਵੇ ਦੇ ਇੱਕ ਉਮੀਦਵਾਰ ਨੇ ਚੋਣ ਲੜਨ ਤੋਂ ਦਿੱਤਾ ਕੋਰਾ ਜਵਾਬ
ਅਸ਼ੋਕ ਵਰਮਾ
ਮਾਨਸਾ,22 ਜਨਵਰੀ2022: ਸੀ ਪੀ ਆਈ(ਐਮ.ਐਲ) ਲਿਬਰੇਸ਼ਨ ਦੀ ਸੂਬਾ ਸਕੱਤਰੇਤ ਦੇ ਮੈਂਬਰ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸ਼ੁਮਾਓ ਨੇ ਸੰਯੁਕਤ ਸਮਾਜ ਮੋਰਚੇ ਤਰਫੋਂ ਵਿਧਾਨ ਸਭਾ ਹਲਕਾ ਭਦੌੜ ਚੋਣ ਲੜਨ ਤੋਂ ਨਾਂਹ ਕਰਦਿਆਂ ਇਸ ਮੋਰਚੇਨੂੰ ਧਨਾਢ ਕਿਸਾਨਾਂ ਦੀ ਸਿਆਸੀ ਪਾਰਟੀ ਕਰਾਰ ਦਿੱਤਾ ਹੈ। ਕਾਮਰੇਡ ਸ਼ੁਮਾਓਂ ਨੂੰ ਕੁੱਝ ਦਿਨ ਪਹਿਲਾਂ ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਤੋਂ ਉਮੀਦਵਾਰ ਬਨਾਉਣ ਦਾ ਐਲਾਨ ਕੀਤਾ ਸੀ। ਨਾਮੀ ਮਜਦੂਰ ਆਗੂ ਵੱਲੋਂ ਕੀਤੇ ਐਲਾਨ ਨੇ ਦਰਸਾ ਦਿੱਤਾ ਹੈ ਕਿ ਸੰਯੁਕਤ ਸਮਾਜ ਮੋਰਚਾ ਦੇ ਆਗੂ ਕੁੱਝ ਵੀ ਕਹਿਣ ਵਿਧਾਨ ਸਭਾ ਚੋਣਾਂ ਲੜਨ ਦੇ ਮਾਮਲੇ ’ਚ ਮੋਰਚੇ ’ਚ ਸ਼ਾਮਲ ਧਿਰਾਂ ਵਿਚਕਾਰ ਸਭ ਅੱਛਾ ਨਹੀਂ ਹੈ।
ਸਿਆਸੀ ਮਾਹਿਰਾਂ ਵੱਲੋਂ ਕੀਤੇ ਐਲਾਨ ਨੂੰ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰਾਂ ਨੂੰ ਕਈ ਜਿਲਿ੍ਹਆਂ ’ਚ ਵੱਡੇ ਮਜ਼ਦੂਰ ਵੋਟ ਬੈਂਕ ਤੋਂ ਵਾਂਝੇ ਰਹਿਣ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜਿਲ੍ਹੇ ਅਜਿਹੇ ਹਨ ਜਿੱਥੇ ਮਜਦੂਰ ਮੁਕਤੀ ਮੋਰਚਾ ਦਾ ਚੰਗਾ ਜਨਤਕ ਵਜ਼ੂਦ ਹੈ ਜੋ ਸੀ ਪੀ ਆਈ(ਐਮ.ਐਲ) ਲਿਬਰੇਸ਼ਨ ਦੀ ਸੱਜੀ ਬਾਂਹ ਮੰਨਿਆ ਜਾਂਦਾ ਹੈ। ਅੱਜ ਇਸ ਸਬੰਧ ’ਚ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੀ ਪੀ ਆਈ(ਐਮ.ਐਲ) ਲਿਬਰੇਸ਼ਨ ਦੀ ਸੂਬਾ ਸਕੱਤਰੇਤ ਦੇ ਮੈਂਬਰ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਸਿਰਫ ਮੋਰਚਾ ਨਹੀਂ ਰਿਹਾ ਸਗੋਂ ਇਹ ਇੱਕ ਵੱਡੇ ਧਨਾਢ ਕਿਸਾਨਾਂ ਦੀ ਸਿਆਸੀ ਪਾਰਟੀ ਬਣ ਗਿਆ ਹੈ।
ਉਨ੍ਹਾਂ ਆਖਿਆ ਕਿ ਇਸ ਦੇ ਉਲਟ ਉਹ ਇੱਕ ਕੌਮੀ ਪੱਧਰ ਦੀ ਇਨਕਲਾਬੀ ਕਮਿਊਨਿਸਟ ਪਾਰਟੀ ਸੀਪੀਆਈ (ਐਮ.ਐਲ) ਲਿਬਰੇਸ਼ਨ ਜੋ ਬਿਹਾਰ ’ਚ ਮਾਨਤਾ ਪ੍ਰਾਪਤ ਸੂਬਾ ਪੱਧਰੀ ਪਾਰਟੀ ਹੈ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਦੀ ਸ਼ਰਤ ਹੈ ਕਿ ਆਪਣੀ ਪਾਰਟੀ ਦਾ ਝੰਡਾ ਨਿਸ਼ਾਨ ਛੱਡ ਕੇ ਮੋਰਚੇ ਨੂੰ ਅਲਾਟ ਹੋਏ ਚੋਣ ਨਿਸ਼ਾਨ ਤੇ ਹੀ ਚੋਣ ਲੜਨੀ ਹੈ ਜੋ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਦੇਖਦਿਆਂ ਅਸੀਂ ਫੈਸਲਾ ਕੀਤਾ ਹੈ ਕਿ ਆਪਣੇ ਸਿਧਾਂਤ ਅਤੇ ਅਸੂਲਾਂ ਤੇ ਕਾਇਮ ਰਹਿੰਦੇ ਹੋਏ ਮਜਦੂਰ ਕਿਸਾਨਾਂ ਦੇ ਹੱਕ ਵਿੱਚ ਲੜੇ ਸੰਘਰਸ਼ ਦੀ ਤਰ੍ਹਾਂ ਇਸ ਸਿਆਸੀ ਮੈਦਾਨ ਵਿੱਚ ਵੀ ਆਪਣੀ ਪਾਰਟੀ ਦੇ ਝੰਡੇ ਹੇਠ ਹੀ ਇਸ ਅਹਿਮ ਚੋਣ ਜੰਗ ਨੂੰ ਵੀ ਲੜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਆਪਣੇ ਅਸੂਲਾਂ ਤੋਂ ਪਾਸੇ ਹਟ ਕੇ ਜਿਸ ਤਰਾਂ ਟਿਕਟਾਂ ਦੀ ਵੰਡ ਕਰ ਰਿਹਾ ਹੈ ਉਹ ਦਰੁਸਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਦੇ ਨਾਮ ਤੇ ਬਣੀ ਪਾਰਟੀ ਦੀਆਂ ਬਣੀਆਂ ਤਿੰਨ ਕਮੇਟੀਆਂ ਵਿੱਚ ਕਿਸਾਨ ਆਗੂਆਂ ਤੋਂ ਬਿਨਾਂ ਹੋਰ ਕਿਸੇ ਵੀ ਵਰਗ ਦਾ ਆਗੂ ਨਹੀਂ ਲਿਆ ਗਿਆ ਜੋਂ ਕਿ ਪੇਂਡੂ ਧਨਾਢ ਕਿਸਾਨ ਲੀਡਰਾਂ ਦੀ ਮਾਨਸਿਕਤਾ ਜਾਹਰ ਕਰਦਾ ਹੈ। ਦੱਸਣਯੋਗ ਹੈ ਕਿ ਸੰਯੁਕਤ ਸਮਾਜ ਮੋਰਚਾ ਵੱਲੋਂ ਮਾਨਸਾ ਜਿਲ੍ਹੇ ਨਾਲ ਸਬੰਧਤ ਇਸ ਮਜਦੂਰ ਆਗੂ ਨੂੰ ਭਦੌੜ ਤੋਂ ਉਮੀਦਵਾਰ ਬਣਾਇਆ ਗਿਆ ਸੀ ਜਿਸ ਪਿੱਛੋਂ ਇਸ ਸਬੰਧ ’ਚ ਚਰਚਾ ਛਿੜੀ ਹੋਈ ਸੀ ਜਿਸ ਨੂੰ ਅੱਜ ਵਿਰਾਮ ਦਿੰਦਿਆਂ ਬੇਸ਼ੱਕ ਹਲਕਾ ਤਾਂ ਨਹੀਂ ਬਦਲਿਆ ਪਰ ਮੋਰਚੇ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ।