ਮਲੇਰਕੋਟਲਾ ਦੀ ਸਿਆਸਤ ਤੁਰੀ ਪੁੱਠੇ ਰਾਹ, ਆਹਮੋ ਸਾਹਮਣੀ ਵਿਰੋਧੀ ਪਾਰਟੀਆਂ ਨੇ ਲਗਾਏ ਸਟੇਜ
ਇਸਮਾਈਲ ਏਸ਼ੀਆ
- ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਟੇਜਾਂ ਤੋਂ ਹੋਈ ਗਰਮੋ ਗਰਮੀ
-ਜ਼ਿਲ੍ਹਾ ਮਾਲੇਰਕੋਟਲਾ ਅੰਦਰ ਧਾਰਾ 144 ਲੱਗੀ ਹੋਣ ਤੇ ਦੋਵੇਂ ਪਾਰਟੀਆਂ ਨੂੰ ਇੱਕੋ ਸੜਕ ਤੇ ਨੇੜੇ ਨੇੜੇ ਜਲਸਿਆਂ ਦੀ ਇਜ਼ਾਜ਼ਤ ਮਿਲਣਾ ਹੈਰਾਨੀਜਨਕ
ਮਲੇਰਕੋਟਲਾ 21 ਜਨਵਰੀ 2022 - ਮਲੇਰਕੋਟਲਾ ਦੇ ਇਕੋ ਇਕ ਮੁਸਲਿਮ ਬਹੁਗਿਣਤੀ ਵਾਲੇ ਹਲਕੇ ਵਿਚ ਜਿਸ ਤਰ੍ਹਾਂ ਪਹਿਲਾਂ ਹੀ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਮਲੇਰਕੋਟਲਾ ਵਿੱਚ ਇਸ ਵਾਰ ਦੀਆਂ ਚੋਣਾਂ ਸੁੱਕੀਆਂ ਨਹੀਂ ਜਾਂਦੀਆਂ। ਲੱਗਦਾ ਹੈ ਕਿ ਮਲੇਰਕੋਟਲਾ ਦੀ ਸਿਆਸਤ ਹੁਣ ਪੁੱਠੇ ਰਾਹ ਤੁਰ ਪਈ ਹੈ। ਕੱਲ੍ਹ ਰਾਤ ਸਰਹੰਦੀ ਗੇਟ ਵਿਖੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਆਹਮਣੋ ਸਾਹਮਣੇ ਚੋਣ ਪ੍ਰਚਾਰ ਲਈ ਪੰਡਾਲ ਲਗਾ ਲਏ। ਜਿਸ ਨੂੰ ਲੈ ਕੇ ਦੋਵੇਂ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਜਲਸੇ ਨੂੰ ਰੋਕਣ ਲਈ ਖੂਬ ਨਾਟਕ ਹੋਇਆ।
ਜਦੋਂ ਕਾਂਗਰਸ ਦੀ ਸਟੇਜ ਤੋਂ ਸਥਾਨਕ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਸਾਬਕਾ ਡੀਜੀਪੀ ਪ੍ਰਮੁੱਖ ਰਾਜਨੀਤਕ ਸਲਾਹਕਾਰ ਸ.ਨਵਜੋਤ ਸਿੰਘ ਸਿੱਧੂ ਜਨਾਬ ਮੁਹੰਮਦ ਮੁਸਤਫ਼ਾ ਨੂੰ ਬੋਲਣ ਲਈ ਸਟੇਜ ਤੇ ਬੁਲਾਇਆ ਗਿਆ ਤਾਂ ਉਧਰੋਂ ਜਮੀਲ ਉਰ ਰਹਿਮਾਨ ਦੀ ਉੱਚੀ ਉੱਚੀ ਅਵਾਜ਼ ਆਉਣ ਲਗ ਗਈ। ਜਿਸ ਨੂੰ ਲੈ ਕੇ ਕਾਂਗਰਸ ਦੀ ਸਟੇਜ ਤੋਂ ਮੁਹੰਮਦ ਮੁਸਤਫ਼ਾ ਨੇ ਭਾਸ਼ਣ ਦੇਣ ਦੀ ਜਗ੍ਹਾ ਸਪੀਕਰ ਤੇ ਅਪਣੀ ਪਾਰਟੀ ਦਾ ਗਾਣਾ ਉੱਚੀ ਅਵਾਜ਼ ਵਿੱਚ ਚਲਾ ਦਿੱਤਾ ਅਤੇ ਅਤੇ ਇਸ ਜਲਸੇ ਵਿੱਚ ਹਾਜ਼ਰੀਨ ਭੰਗੜਾ ਪਾਉਣ ਲਗ ਗਏ। ਮੁਹੰਮਦ ਮੁਸਤਫਾ ਨੇ ਕਿਹਾ ਕਿ ਜੇਕਰ ਦੁਬਾਰਾ ਇੰਝ ਹੋਇਆ ਤਾਂ ਇਹਨਾਂ ਦਾ ਕੋਈ ਜਲਸਾ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ ਦੇ ਘਰ ਅੰਦਰ ਘੁਸ ਕੇ ਇਹਨਾਂ ਨੂੰ ਮਾਰਾਂਗੇ।
ਉਹਨਾਂ ਜਿ਼ਲ੍ਹਾ ਮਾਲੇਰਕੋਟਲਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਵਾਰਨਿੰਗ ਦਿੰਦੇ ਹੋਏ ਕਿਹਾ ਕਿ ਜੇਕਰ ਦੁਬਾਰਾ ਇੰਝ ਹੋਇਆ ਤਾਂ ਸ਼ਹਿਰ ਅੰਦਰ ਅਜਿਹੇ ਹਾਲਾਤ ਪੈਦਾ ਹੋ ਜਾਣਗੇ ਜਿਹੜੇ ਸੰਭਾਲਣੇ ਮੁਸ਼ਕਲ ਹੋ ਜਾਣਗੇ।
ਉਧਰ ਦੂਜੇ ਪਾਸੇ ਆਦਿ ਆਮ ਆਦਮੀ ਪਾਰਟੀ ਦੇ ਸਥਾਨਕ ਉਮੀਦਵਾਰ ਡਾ.ਜਮੀਲ ਉਰ ਰਹਿਮਾਨ ਨੇ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆ ਜਾਉ ਨਹੀਂ ਤਾਂ ਤੁਹਾਨੂੰ ਬੰਦੇ ਦੇ ਪੁੱਤ ਬਣਾ ਕੇ ਦਮ ਲਵਾਂਗੇ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਮਾਲੇਰਕੋਟਲਾ ਦੇ ਪ੍ਰਸ਼ਾਸ਼ਨ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ। ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਜਿ਼ਲ੍ਹਾ ਮਾਲੇਰਕੋਟਲਾ ਅੰਦਰ ਧਾਰਾ 144 ਲੱਗੀ ਹੋਈ ਹੈ। ਫਿਰ ਵੀ ਦੋਵੇਂ ਪਾਰਟੀਆਂ ਨੂੰ ਇੱਕੋ ਸੜਕ ਤੇ ਨੇੜੇ ਨੇੜੇ ਜਲਸਿਆਂ ਦੀ ਇਜ਼ਾਜ਼ਤ ਮਿਲਣਾ ਜਿੱਥੇ ਹੈਰਾਨੀ ਪੈਦਾ ਕਰਦਾ ਹੈ ਉੱਥੇ ਹੀ ਅੱਗੇ ਕੀ ਹੋਵੇਗਾ ਇਸ ਬਾਰੇ ਲੋਕਾਂ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਦਾ ਜ਼ੋਰ ਗਰਮ ਹੈ । ਇਸ ਸੰਬੰਧੀ ਜਦੋਂ ਜ਼ਿਲ੍ਹਾ ਮਾਲੇਰਕੋਟਲਾ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੇ ਇਸ ਸੰਬੰਧੀ ਪੂਰੀ ਜਾਣਕਾਰੀ ਸਥਾਨਕ ਰਿਟਰਨਿੰਗ ਅਫ਼ਸਰ ਚੋਣਾਂ ਨੂੰ ਹੁੰਦੀ ਹੈ