ਮੁਸਤਫਾ ਮਾਮਲਾ: ਦੰਗੇ ਕਰਾਉਣ ਦੀ ਸਾਜ਼ਿਸ਼ ਦਾ ਕੇਸ ਦਰਜ ਕਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ,22ਜਨਵਰੀ2022: ਮਲੇਰਕੋਟਲਾ ਤੋਂ ਕਾਂਗਰਸ ਦੀ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਵੱਲੋਂ ਹਿੰਦੂਆਂ ਨੂੰ ਜਲਸਾ ਨਾ ਕਰਨ ਦੀ ਧਮਕੀ ਦੇਣ ਪ੍ਰਤੀ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਭਾਜਪਾ ਆਗੂਆਂ ਨੇ ਚੋਣ ਕਮਿਸ਼ਨ ਤੋਂ ਮੁਸਤਫਾ ਅਤੇ ਉਸ ਦੀ ਪਤਨੀ ਰਜੀਆ ਸੁਲਾਤਾਨਾ ਖਿਲਾਫ ਦੰਗੇ ਕਰਵਾਉਣ ਦੀ ਸਾਜਿਸ਼ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਅਤੇ ਯੁਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਮੁਹੰਮਦ ਮੁਸਤਫ਼ਾ ਦੀ ਬਿਆਨਬਾਜ਼ੀ ਸੋਚੀ ਸਮਝੀ ਸਾਜ਼ਿਸ਼ ਤਹਿਤ ਕਾਂਗਰਸ ਦੀ ਪੰਜਾਬ ਵਿਚ ਦੰਗੇ ਕਰਵਾਉਣ ਦੀ ਸੋਚ ਜ਼ਾਹਰ ਹੋਈ ਹੈ।
ਉਨ੍ਹਾਂ ਕਿਹਾ ਕਿ ਰਜ਼ੀਆ ਸੁਲਤਾਨਾ ਅਤੇ ਕਾਂਗਰਸ ਦੀ ਚੋਣ ਲੜਨੀ ਪ੍ਰਕਿਰਿਆ ਨੂੰ ਰੱਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਹਿੰਦੂ ਵਿਰੋਧੀ ਸਾਜਿਸ਼ਾਂ ਸਹਿਣ ਨਹੀਂ ਕੀਤੀਆਂ ਜਾਣਗੀਆਂ। ਆਗੂਆਂ ਨੇ ਮੁਹੰਮਦ ਮੁਸਤਫ਼ਾ ਦੇ ਡੀਜੀਪੀ ਰਹਿੰਦਿਆਂ ਪੁਲੀਸ ਮੁਕਾਬਲਿਆਂ ਦੌਰਾਨ ਮਾਰੇ ਗਏ ਸਿੱਖ ਨੌਜਵਾਨਾਂ ਦੇ ਮਾਮਲਿਆਂ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਮੁਸਤਫਾ ਵਰਗੇ ਲੋਕਾਂ ਦੀਆਂ ਗਿੱਦੜ ਧਮਕੀਆਂ ਤੋਂ ਹਿੰਦੂ ਸਮਾਜ ਨਹੀਂ ਡਰਦਾ ਅਤੇ ਅਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਾ ਜਾਣਦਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀਹ ਫਰਵਰੀ ਨੂੰ ਕਾਂਗਰਸ ਦੀ ਦੰਗਾਕਾਰੀ ਸੋਚ ਦਾ ਜਵਾਬ ਦੇਣਗੇ। ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਅਜਿਹੇ ਲੋਕਾਂ ਦੇ ਰਾਹੀਂ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ ਜਿਸਨੂੰ ਸਮਾਜ ਸਹਿਣ ਨਹੀਂ ਕਰੇਗਾ ਅਤੇ ਅਜਿਹੀ ਘਟੀਆ ਮਾਨਸਿਕਤਾ ਦਾ ਲੋਕ ਮੂੰਹ ਤੋੜ ਜਵਾਬ ਵੋਟਾਂ ਰਾਹੀਂ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਇਨ੍ਹਾਂ ਨੂੰ ਤੁਰੰਤ ਬਰਖਾਸਤ ਕਰੇ ਨਹੀਂ ਤਾਂ ਕਾਂਗਰਸ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾਏਗਾ।