ਦਿੱਲੀ ਗੁਰਦੁਆਰਾ ਕਮੇਟੀ ਦਫਤਰ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ, ਉਚ ਪੁਲਿਸ ਅਧਿਕਾਰੀ ਵੀ ਪਹੁੰਚੇ, ਮਸਲਾ ਜਿਉਂ ਦਾ ਤਿਉਂ ਬਰਕਰਾਰ
ਨਵੀਂ ਦਿੱਲੀ, 22 ਜਨਵਰੀ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿਚ ਅੱਜ ਦੇਰ ਰਾਤ ਭਾਰੀ ਪੁਲਿਸ ਫੋਰਸ ਕਮੇਟੀ ਦਫਤਰ ਵਿਚ ਤਾਇਨਾਤ ਕੀਤੀ ਗਈ। ਚੋਣਾਂ ਵਾਸਤੇ ਚੁਣੇਗ ਏ ਪ੍ਰੋ ਟੈਮ ਚੇਅਰਮੈਨ ਗੁਰਦੇਵ ਸਿੰਘ ਨੇ ਉਚ ਪੁਲਿਸ ਅਧਿਕਾਰੀਆਂ ਨੁੰ ਲਿਖਤੀ ਬੇਨਤੀ ਕਰ ਕੇ ਪੁਲਿਸ ਫੋਰਸ ਤਾਇਨਾਤ ਕਰਨ ਦੀ ਮੰਗ ਕੀਤੀ ਸੀ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ 1987 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਮੇਟੀ ਦਫਤਰ ਵਿਚ ਇਸ ਤਰੀਕੇ ਪੁਲਿਸ ਵੱਡੀ ਗਿਣਤੀ ਵਿਚ ਪਹੁੰਚੀ ਹੋਵੇ।
ਦੇਰ ਰਾਤ ਸਾਢੇ 9 ਵਜੇ ਇਹ ਖਬਰ ਲਿਖਣ ਵੇਲੇ ਦਿੱਲੀ ਪੁਲਿਸ ਦੇ ਡੀ ਸੀ ਪੀ ਤੇ ਦੋ ਏ ਸੀ ਪੀ ਕਮੇਟੀ ਦਫਤਰ ਵਿਚ ਪਹੁੰਚੇ ਹੋਏ ਸਨ ਤੇ ਇਹਨਾਂ ਵੱਲੋਂ ਸਰਨਾ ਧੜੇ, ਮਨਜੀਤ ਸਿੰਘ ਜੀ ਕੇ ਤੇ ਹਰਮੀਤ ਸਿੰਘ ਕਾਲਕਾ ਦੇ ਗਰੁੱਪਾਂ ਨਾਲ ਵੱਖੋ ਵੱਖ ਕਮਰਿਆਂ ਵਿਚ ਗੱਲਬਾਤ ਜਾਰੀ ਸੀ। ਇਸ ਦੌਰਾਨ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਡਾਇਰੈਕਟਰ ਗੁਰਦੁਆਰਾ ਚੋਣਾਂ ਅੱਜ ਹੀ ਚੋਣ ਕਰਵਾਉਣ ਦੇ ਰੌਂਅ ਵਿਚ ਹਨ।
ਸੂਤਰਾਂ ਮੁਤਾਬਕ ਚੋਣਾਂ ਵਿਚ ਆਹਮੋ ਸਾਹਮਣੇ ਹੋਏ ਹਰਮੀਤ ਸਿੰਘ ਕਾਲਕਾ ਤੇ ਪਰਮਜੀਤ ਸਿੰਘ ਸਰਨਾ ਦੇ ਧੜੇ ਆਪੋ ਆਪਣੇ ਸਟੈਂਡ ’ਤੇ ਅੜੇ ਹੋਏ ਹਨ। ਅਸਲ ਵਿਚ ਮਾਮਲਾ ਸੁਖਬੀਰ ਸਿੰਘ ਕਾਲੜਾ ਵੱਲੋਂ ਆਪਣੀ ਵੋਟ ਪਾਉਣ ਵੇਲੇ ਬੈਲਟ ਪੇਪਰ ਆਪਣੇ ਸਾਥੀਆਂ ਨੁੰ ਵਿਖਾਉਣ ਤੋਂ ਖੜ੍ਹਾ ਹੋਇਆ ਜਿਸ ’ਤੇ ਸਰਨਾ ਗਰੁੱਪ ਨੇ ਕਾਲੜਾ ਦੀ ਵੋਟ ਰੱਦ ਕਰਨ ਦੀ ਮੰਗ ਕੀਤੀ ਜਦਕਿ ਹਰਮੀਤ ਸਿੰਘ ਕਾਲਕਾ ਦਾ ਧੜਾ ਇਸਨੁੰ ਰੱਦ ਨਾ ਹੋਣ ਦੇਣ ’ਤੇ ਅੜ ਗਿਆ। ਕਾਲੜਾ ਵੋਟ ਪਾਉਣ ਵਾਲੇ ਤੀਜੇ ਮੈਂਬਰ ਸਨ। ਉਸ ਵੇਲੇ ਤੋਂ ਹੀ ਵੋਟਿੰਗ ਰੁਕੀ ਹੋਈ ਹੈ।