ਬਠਿੰਡਾ ਹਲਕੇ ’ਚ ਭਾਜਪਾ ‘ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ’
ਅਸ਼ੋਕ ਵਰਮਾ
ਬਠਿੰਡਾ,23ਜਨਵਰੀ2022: ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਨੰਬਰਦਾਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਬਠਿੰਡਾ ਸ਼ਹਿਰੀ ਹਲਕੇ ਲਈ ’ਚ ਭਾਰਤੀ ਜੰਤਾ ਪਾਰਟੀ ਦੇ ਆਗੂਆਂ ਲਈ ਸਿਆਸੀ ਬੂਹੇ ਬੰਦ ਹੋ ਗਏ ਹਨ ਜਿੰਨ੍ਹਾਂ ਵੱਲੋਂ ਹਰ ਔਖੀ ਘੜੀ ’ਚ ਪਾਰਟੀ ਨਾਲ ਵਫਾ ਕਮਾਈ ਜਾ ਰਹੀ ਸੀ। ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ ਆਪਣੇ ਦਮ ਤੇ ਵਿਧਾਨ ਸਭਾ ਚੋਣਾਂ ਲੜਨ ਐਲਾਨ ਕਰ ਰਹੀ ਸੀ। ਭਾਜਪਾ ਹਾਈਕਮਾਂਡ ਵੱਲੋਂ ਕੈਪਟਨ ਤੇ ਢੀਂਡਸਾ ਨਾਲ ਗਠਜੋੜ ਕਰ ਲੈਣ ਦੇ ਬਾਵਜੂਦ ਸ਼ਹਿਰੀ ਹਲਕੇ ’ਚ ਬੀਜੇਪੀ ਆਗੂ ਕਾਫੀ ਆਸਵੰਦ ਸਨ ਕਿ ਪਾਰਟੀ ਉਨ੍ਹਾਂ ਦੀ ਸੇਵਾ ਦਾ ਮੁੱਲ ਪਾਏਗੀ ਪਰ ਹੁਣ ਬਹੁਤੇ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਅੱਜ ਕੈਪਟਨ ਦੇ ਐਲਾਨ ਨਾਲ ਉਮੀਦਵਾਰੀ ਦੀ ਝਾਕ ਲਾਈ ਬੈਠੇ ਭਾਜਪਾ ਆਗੂਆਂ ’ਚ ਇੱਕ ਤਰਾਂ ਨਾਲ ਨਮੋਸ਼ੀ ਵਾਲਾ ਮਹੌਲ ਨਜ਼ਰ ਆਇਆ।
ਕੁੱਝ ਆਗੂ ਤਾਂ ਅਜਿਹੇ ਵੀ ਹਨ ਜਿੰਨ੍ਹਾਂ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਫਿਰ ਵੀ ਉਨ੍ਹਾਂ ਪਾਰਟੀ ਦਾ ਸਾਥ ਨਹੀਂ ਛੱਡਿਆ। ਵੱਡੀ ਗੱਲ ਹੈ ਕਿ ਰਾਜ ਨੰਬਰਦਾਰ ਵੱਲੋਂ ਭਾਜਪਾ ਦੇ ਚੋਣ ਨਿਸ਼ਾਨ ‘ਕਮਲ ਦੇ ਫੁੱਲ’ ਤੇ ਚੋਣ ਲੜਨ ਦੇ ਫੈਸਲੇ ਨੇ ਤਾਂ ਕੁੱਝ ਲੀਡਰਾਂ ਨੂੰ ਅੰਦਰੋਂ ਅੰਦਰੀ ਤੋੜ ਕੇ ਰੱਖ ਦਿੱਤਾ ਹੈ । ਕੈਪਟਨ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਮਗਰੋਂ ਕੁੱਝ ਭਾਜਪਾ ਆਗੂਆਂ ਨੇ ਤਾਂ ਆਪਣੇ ਮੋਬਾਇਲ ਫੋਨ ਤੱਕ ਬੰਦ ਕਰ ਲਏ । ਕਈਆਂ ਨੇ ਤਾਂ ਫੋਨ ਹੀ ਨਹੀਂ ਚੁੱਕਿਆ ਜੋ ਉਨ੍ਹਾਂ ਦੀ ਮਨੋਸਥਿਤੀ ਦੱਸਣ ਲਈ ਕਾਫੀ ਹੈ।
ਦੱਸਣਯੋਗ ਹੈ ਕਿ ਲੱਗਭਗ ਪੰਜ ਮਹੀਨੇ ਪਹਿਲਾਂ ਤੱਕ ਜਦੋਂ ਭਾਜਪਾ ਨੂੰ ਕਿਸਾਨਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉਦੋਂ ਸੀਨੀਅਰ ਲੀਡਰ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਸ਼ੋਕ ਭਾਰਤੀ ਨੇ ਬਠਿੰਡਾ ਹਲਕੇ ’ਚ ਮੇਲਜੋਲ ਰਾਹੀਂ ਸ਼ਹਿਰੀ ਲੋਕਾਂ ਦੀ ਸਿਆਸੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ ਸੀ। ਭਾਰਤੀ ਇਸ ਕਰਕੇ ਵੀ ਉਤਸ਼ਾਹਿਤ ਹਨ ਕਿ ਲੰਘੀਆਂ ਨਗਰ ਨਿਗਮ ਚੋਣਾਂ ਦੌਰਾਨ ਉਨ੍ਹਾਂ ਦੀ ਭਾਜਪਾ ਉਮੀਦਵਾਰ ਪਤਨੀ ਸ਼ਮਾ ਭਾਰਤੀ ਬੇਸ਼ੱਕ ਹਾਰ ਗਏ ਸਨ ਪਰ ਉਨ੍ਹਾਂ ਨੂੰ ਵੋਟਰਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ। ਭਾਜਪਾ ਦੇ ਨਾਲ ਨਾਲ ਸ਼ਹਿਰ ਦੇ ਸਿਆਸੀ ਤੇ ਸਮਾਜਿਕ ਹਲਕਿਆਂ ਵਿੱਚ ਵੀ ਵੀ ਅਸ਼ੋਕ ਭਾਰਤੀ ਦੀ ਉਮੀਦਵਾਰੀ ਨੂੰ ਤਕਰੀਬਨ ਤੈਅ ਹੀ ਮੰਨਿਆ ਜਾ ਰਿਹਾ ਸੀ।
ਇਸ ਤੋਂ ਬਿਨਾਂ ਭਾਜਪਾ ਦੀ ਔਰਤ ਆਗੂ ਵੀਨੂੰ ਗੋਇਲ ਨੇ ਵੀ ਹਲਕੇ ’ਚ ਸਿਆਸੀ ਮੋਰਚਾ ਲਾਇਆ ਹੋਇਆ ਸੀ ਜੋ ਟਿਕਟ ਦੀ ਆਸ ਵਾਲੇ ਆਗੂਆਂ ਸ਼ੁਮਾਰ ਹੁੰਦੇ ਸਨ। ਵੀਨੂੰ ਗੋਇਲ ਨੂੰ ਤਾਂ ਆਪਣੇ ਸਮਾਗਮ ਕਾਰਨ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਮਹੱਤਵਪੂਰਨ ਤੱਥ ਹੈ ਕਿ ਰਾਜ ਨੰਬਰਦਾਰ ਦੇ ਹੱਕ ’ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿਰ ’ਚ ਕੀਤੀ ਸਿਆਸੀ ਰੈਲੀ ਤੋਂ ਬਾਅਦ ਬਹੁਤੇ ਭਾਜਪਾ ਲੀਡਰ ‘ਹਵਾ ਦਾ ਰੁੱਖ’ ਪਛਾਣਦਿਆਂ ਚੁੱਪ ਵੱਟ ਗਏ ਸਨ। ਇਸ ਦੇ ਬਾਵਜੂਦ ਵੀਨੂੰ ਗੋਇਲ ਆਦਿ ਆਗੂਆਂ ਨੇ ਸ਼ਹਿਰੀ ਹਲਕੇ ’ਚ ਸਰਗਰਮੀ ਜਾਰੀ ਰੱਖੀ ਹੋਈ ਸੀ। ਇੱਕ ਭਾਜਪਾ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਏਨਾ ਹੀ ਆਖਿਆ ‘ਅੱਜ ਰੋਣ ਨੂੰ ਦਿਲ ਕਰਦਾ ਹੈ।
ਇਹ ਆਗੂ ਐਨੇ ਗਮਗੀਨ ਸਨ ਕਿ ਹੋਰ ਇੱਕ ਵੀ ਸ਼ਬਦ ਨਹੀਂ ਬੋਲ ਸਕੇ ਅਤੇ ਫੋਨ ਕੱਟ ਦਿੱਤਾ ਜੋ ਕੋਈ ਸਹਿਜ ਨਹੀਂ ਹੈ।ਭਾਜਪਾ ਦੇ ਇੱਕ ਸਮਰਥਕ ਨੇ ਮੰਨਿਆ ਕਿ ਹੁਣ ਜਦੋਂ ਪਾਰਟੀ ਲਈ ਸਿਆਸੀ ਬੂਹੇ ਬੰਦ ਹੋ ਗਏ ਹਨ ਤਾਂ ਕੇਵਲ ਟਿਕਟ ਦੀ ਉਮੀਦ ’ਚ ਬੈਠੇ ਭਾਜਪਾ ਆਗੂਆਂ ਨੂੰ ਹੀ ਨਹੀਂ ਬਲਕਿ ਬੂਥ ਲੈਵਲ ਤੱਕ ਕੰਮ ਕਰਨ ਵਾਲੇ ਵਰਕਰਾਂ ਨੂੰ ਵੱਡਾ ਝਟਕਾ ਲੱਗਿਆ ਹੈ। ਇੱਕ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਉਹ ਹਰ ਔਖ ਸੌਖ ’ਚ ਅਡੋਲ ਰਹੇ ਕਿ ਚਲੋ ਚੰਗਾ ਮਾੜਾ ਸਮਾਂ ਲੰਘ ਜਾਂਦਾ ਹੈ । ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ਦੀ ਦੂਸਰੀ ਸਿਆਸੀ ਰਾਜਧਾਨੀ ਸਮਝੇ ਜਾਣ ਵਾਲੇ ਬਠਿੰਡਾ ’ਚ ਭਾਜਪਾ ਦੀ ਵਾਰੀ ਆਉਣ ਲੱਗੀ ਸੀ ਤਾਂ ਸਥਾਨਕ ਲੀਡਰਸ਼ਿਪ ਨੂੰ ਬੇਗਾਨਗੀ ਦਾ ਸਾਹਮਣਾ ਕਰਨਾ ਪਿਆ ਹੈ।
ਸੌਖੀ ਨਹੀਂ ਰਾਜ ਨੰਬਰਦਾਰ ਦੀ ਰਾਹ
ਸ਼ਹਿਰੀ ਹਲਕੇ ਦੀ ਰਾਜਨੀਤੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਮਨਪ੍ਰੀਤ ਬਾਦਲ ਅਤੇ ਕਾਂਗਰਸ ਨੂੰ ਛੱਡਕੇ ਆਏ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਰਾਜ ਨੰਬਰਦਾਰ ਲਈ ‘ਸਿਆਸੀ ਪਨਘਟ’ ਦੀ ਡਗਰ ਐਨੀ ਸੌਖੀ ਨਹੀਂ ਹੈ। ਉਨ੍ਹਾਂ ਅੱਜ ਲੋਕ ਕਾਂਗਰਸ ਦੇ ਨਾਲ ਨਾਲ ਭਾਜਪਾ ਦਾ ਮਫਲਰ ਪਹਿਨ ਲਿਆ ਹੈ। ਰਾਜ ਨੰਬਰਦਾਰ ਟਕਸਾਲੀ ਕਾਂਗਰਸੀ ਹੈ ਜਿਸ ਲਈ ਭਾਜਪਾ ਆਗੂਆਂ ਨੂੰ ਆਪਣੇ ਨਾਲ ਤੋਰਨਾ ਵੱਡੀ ਚੁਣੌਤੀ ਹੈ। ਖਾਸ ਤੌਰ ਤੇ ਉਸ ਵਕਤ ਜਦੋਂ ਦੋਵਾਂ ਧਿਰਾਂ ਦੀ ਵਿਚਾਰਧਾਰਾ ’ਚ ਵੱਡਾ ਪਾੜਾ ਹੈ ਤਾਂ ਸਿਆਸੀ ਜੰਗ ਦੇ ਮਾਇਨੇ ਹੋਰ ਵੀ ਅਹਿਮ ਹੋ ਜਾਂਦੇ ਹਨ।
ਪਾਰਟੀ ਹਾਈਕਮਾਂਡ ਦਾ ਫੈਸਲਾ:ਦਿਆਲ ਸੋਢੀ
ਭਾਰਤੀ ਜੰਤਾ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਦਿਆਲ ਸੋਢੀ ਦਾ ਕਹਿਣਾ ਸੀ ਕਿ ਇਸ ਫੈਸਲੇ ਨਾਲ ਲੰਮੇ ਸਮੇ ਤੋਂ ਪਾਰਟੀ ਕੰਮ ਕਰ ਰਹੇ ਵਰਕਰਾਂ ਦੀ ਆਸ ਤਾਂ ਟੁੱਟੀ ਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੂੰ ਵਰਕਰਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਫਿਰ ਵੀ ਪਾਰਟੀ ਹਾਈਕਮਾਂਡ ਨੇ ਜੋ ਫੈਸਲਾ ਲਿਆ ਹੈ ਉਸ ਤੇ ਪਾਰਟੀ ਵਰਕਰ ਫੁੱਲ ਚੜ੍ਹਾਉਣਗੇ।