ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਵਾਲੀਆ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਡਟੇ
ਸੰਜੀਵ ਜਿੰਦਲ,ਬਾਬੂਸ਼ਾਹੀ ਨੈੱਟਵਰਕ
ਮਾਨਸਾ , 24 ਜਨਵਰੀ 2022 : ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਉਵੇਂ ਉਵੇਂ ਚੋਣਾਂ ਦੇ ਮਾਹੌਲ ਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਹੇ ਹਨ । ਇਸੇ ਤਰ੍ਹਾਂ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਵਾਲੀਆ ਨੇ ਸਿੱਧੂ ਮੂਸੇਵਾਲਾ ਜੋ ਕਿ ਹਲਕਾ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਹਨ ਦੇ ਹੱਕ ਵਿਚ ਡਟ ਕੇ ਖੜ੍ਹਨ ਦਾ ਫ਼ੈਸਲਾ ਲਿਆ ਹੈ । ਜਿਸ ਨਾਲ ਸਿੱਧੂ ਮੂਸੇਵਾਲਾ ਦੀ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਮਿਲਿਆ । ਜਦ ਸਿੱਧੂ ਮੂਸੇਵਾਲਾ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੋਲ ਉਨ੍ਹਾਂ ਦੇ ਘਰ ਸਮਰਥਣ ਲੈਣ ਗਏ ਤਾਂ ਸਰਬਜੀਤ ਸਿੰਘ ਵਾਲੀਆ ਅਤੇ ਉਸਦੇ ਪਰਿਵਾਰ ਵੱਲੋ ਦੁਨੀਆਂ ਭਰ ਵਿੱਚ ਮਾਨਸਾ ਦਾ ਨਾਮ ਰੌਸ਼ਨ ਕਰਨ ਵਾਲੇ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਨੂੰ ਨਿੱਜੀ ਤੌਰ ਤੇ ਆਪਣੇ ਪਰਿਵਾਰ ਦਾ ਸਮਰਥਣ ਦਿੱਤਾ ਅਤੇ ਨਿੱਜੀ ਤੌਰ ਤੇ ਸਿੱਧੂ ਮੂਸੇਵਾਲਾ ਦੀ ਚੌਣ ਕੰਪੇਨ ਅੱਗੇ ਲੱਗ ਕੇ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਚਲਾਉਣ ਦਾ ਫੈਸਲਾ ਕੀਤਾ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਧੰਨਵਾਦੀ ਹਨ ਕਿ ਸਮਾਜ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਵਕੀਲ ਭਾਈਚਾਰੇ ਦੇ ਚੁਣੇ ਹੋਏ ਮੁੱਖ ਨੁਮਾਇੰਦੇ ਨੇ ਆਪਣਾ ਨਿੱਜੀ ਸਮਰਥਣ ਉਨ੍ਹਾਂ ਨੂੰ ਦਿੱਤਾ ਹੈ।
ਅੱਜ ਤੱਕ ਮਾਨਸਾ ਤੋਂ ਕੋਈ ਵੀ ਦਮਦਾਰ ਆਵਾਜ਼ ਵਿਧਾਨ ਸਭਾ ਵਿੱਚ ਨਹੀਂ ਪਹੁੰਚੀ ਜੋ ਆਵਾਜ ਮਾਨਸਾ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਆਪਣੇ ਦਮ ਉੱਪਰ ਕਰਵਾ ਸਕੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਇਕ ਇੰਜੀਨੀਅਰ ਦੀ ਪੜਾਈ ਕਰਨ ਵਾਲਾ ਪੜ੍ਹਿਆ ਲਿਖਿਆ ਨੌਜਵਾਨ ਹੈ। ਜੋ ਕਿ ਅੱਜ ਕੱਲ੍ਹ ਦੀਆਂ ਸਮੱਸਿਆਵਾਂ ਤੋਂ ਜਾਣੂ ਹੈ। ਸਿੱਧੂ ਮੂਸੇਵਾਲਾ ਅੱਜ ਦੇਸ਼ ਵਿੱਚ ਚੋਟੀ ਦਾ ਕਲਾਕਾਰ ਹੋਣ ਦੇ ਬਾਵਜੂਦ ਆਪਣੀ ਰਿਹਾਇਸ਼ ਆਪਣੇ ਪਿੰਡ ਰੱਖੀ ਹੋਈ ਹੈ ਅਤੇ ਸ਼ੌਹਰਤ ਦੀਆਂ ਬੁਲੰਦੀਆਂ ਤੇ ਪਹੁੰਚਣ ਤੋਂ ਬਾਅਦ ਵੀ ਆਪਣੀ ਸ਼ਾਨੋਸ਼ੋਕਤ ਨੂੰ ਛੱਡ ਆਪਣੀ ਗਾਈਕੀ ਦੇ ਚੋਟੀ ਦੇ ਹੋਣ ਸਮੇਂ ਰਾਜਨੀਤੀ ਵਿੱਚ ਆਕੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਕੇ ਮਾਨਸਾ ਦੇ ਲੋਕਾਂ ਦੀ ਆਵਾਜ਼ ਬਣਨ ਦਾ ਫੈਸਲਾ ਕੀਤਾ ਹੈ। ਇਸ ਲਈ ਉਹ ਸਿੱਧੂ ਮੂਸੇਵਾਲੇ ਦਾ ਸਾਥ ਦੇ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਮਾਨਸਾ ਕਾਂਗਰਸ ਦੇ ਜਿਲ੍ਹਾ ਲਿਗਲ ਸੈੱਲ ਦੇ ਚੇਅਰਮੈਨ ਪਰਮਿੰਦਰ ਸਿੰਘ ਬਹਿਣੀਵਾਲ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਦੁਲੋਵਾਲ ਅਤੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ ਨਵਲ ਕੁਮਾਰ ਗੋਇਲ ਨੂੰ ਨਾਲ ਲੈ ਕੇ ਮਾਨਸਾ ਬਾਰ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨੂੰ ਵੀ ਸਿੱਧੂ ਮੂਸੇਵਾਲੇ ਦਾ ਸਾਥ ਦੇਣ ਲਈ ਪ੍ਰਰਿਤ ਕਰਨਗੇ।