ਕੋਵਿਡ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਨੇ ਸੋਸ਼ਲ ਮੀਡੀਆ ਰਾਹੀਂ ਚੋਣ ਪ੍ਰਚਾਰ ਕੀਤਾ ਤੇਜ਼ : ਗੋਲਡੀ ਰਾਵਲ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ 24 ਜਨਵਰੀ 2022- ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੋਲਡੀ ਰਾਵਲ ਨੇ ਦੱਸਿਆ ਕਿ ਕੋਵਿਡ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਰੈਲੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸਦੇ ਚਲਦੇ ਸਾਡੇ ਵਰਕਰ ਵੀ ਕੋਵਿਡ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਘਰ-ਘਰ ਜਾ ਕੇ ਪ੍ਰਚਾਰ ਕਰ ਰਹੇ ਹਨ ਅਤੇ 10 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ- ਬਸਪਾ ਗਠਜੋੜ ਨੂੰ ਬਹੁਮਤ ਮਿਲਣ ਤੇ ਬਣਨ ਵਾਲੀ ਸਾਡੀ ਸਰਕਾਰ ਵੱਲੋ ਲਾਗੂ ਕੀਤੇ ਜਾਣ ਵਾਲੇ 13 ਨੁਕਾਤੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਾਂ। ਅਸੀਂ ਵਰਚੁਅਲ ਮਾਧਿਅਮ ਰਾਹੀਂ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਵੱਧ ਤੋਂ ਵੱਧ ਵਹੱਟਸ ਐਪ ਗਰੁਪਾਂ ਦੇ ਨਾਲ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿੱਚ ਅਸੀਂ ਆਪਣੇ ਦਫਤਰ ਵਿੱਚ ਆਈ.ਟੀ.ਸੈਲ ਦਾ ਗਠਨ ਵੀ ਕੀਤਾ ਹੈ। ਯੂਥ ਅਕਾਲੀ ਦਲ ਅਤੇ ਆਈਟੀ ਸੈਲਾਂ ਦੇ ਸਾਰੇ ਵਰਕਰਾਂ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਅਤੇ ਵੱਧ ਤੋਂ ਵੱਧ ਗਰੁੱਪ ਬਣਾ ਕੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ।
ਗੋਲਡੀ ਰਾਵਲ ਨੇ ਸਾਰੇ ਸਰਗਰਮ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਰਾਹੀਂ ਹੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ।