ਅਸ਼ੋਕ ਵਰਮਾ
ਬਠਿੰਡਾ, 24 ਜਨਵਰੀ 2022: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਪਾਰਟੀ ਤੋਂ ਅਸਤੀਫਾ ਦੇਣ ਅਤੇ ਆਫੀਸ਼ਅਲ ਤੌਰ ਤੇ ਅਜਾਦ ਚੋਣ ਲੜਨ ਦਾ ਐਲਾਨ ਕਰਨ ਤੋਂ ਫਿਲਹਾਲ ਚੁੱਪ ਵੱਟ ਲਈ ਹੈ। ਜੱਸੀ ਵੱਲੋਂ ਆਪਣੇ ਪਿੰਡ ਜੱਸੀ ਬਾਗਵਾਲੀ ’ਚ 23 ਜਨਵਰੀ ਨੂੰ ਆਪਣੇ ਸਮਰਥਕਾਂ ਦਾ ਇਕੱਠ ਕਰਕੇ ਇਸ ਤਰਾਂ ਦੀ ਰਣਨੀਤੀ ਐਲਾਨਣ ਬਾਰੇ ਆਖਿਆ ਗਿਆ ਸੀ। ਜੱਸੀ ਐਤਵਾਰ ਨੂੰ ਆਪਣੇ ਪਿੰਡ ਵਿੱਚ ਸਮਰਥਕਾਂ ਦਾ ਇਕੱਠ ਕਰਨ ’ਚ ਤਾਂ ਸਫਲ ਰਹੇ ਪਰ ਜੱਸੀ ਵੱਲੋਂ ਅਸਤੀਫਾ ਦੇਣ ਵਾਲੇ ਆਪਣੇ ਪ੍ਰੋਗਰਾਮ ਦੇ ਪੱਖ ਤੋਂ ਲੋਕ ਨਿਰਾਸ਼ ਰਹੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਮਿੰਦਰ ਸਿੰਘ ਜੱਸੀ ਨੇ ਚੋਣ ਪ੍ਰਚਾਰ ਲਈ ਦਿਨ ਰਾਤ ਇੱਕ ਕਰ ਦੇਣ ਦਾ ਸੱਦਾ ਦਿੱਤਾ ।
ਜਾਣਕਾਰੀ ਮੁਤਾਬਕ ਇਸ ਮੌਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਹਰਮਿੰਦਰ ਸਿੰਘ ਜੱਸੀ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਖਿਲਾਫ ਜੰਮ ਕੇ ਭੜਾਸ ਕੱਢੀ ਪਰ ਕਾਂਗਰਸ ਪਾਰਟੀ ਪ੍ਰਤੀ ਕੁੱਝ ਵੀ ਨਾਂ ਬੋਲਿਆ। ਉਨ੍ਹਾਂ ਇਸ ਮੌਕੇ ਆਪਣੇ ਹਮਾਇਤੀਆਂ ਨੂੰ ਚੋਣ ਪ੍ਰਚਾਰ ’ਚ ਡਟਣ ਲਈ ਵੀ ਕਿਹਾ ਅਤੇ ਹਲਕੇ ਨਾਲ ਆਪਣੇ ਪੁਰਾਣੇ ਸਬੰਧਾਂ ਦਾ ਵੇਰਵਾ ਵੀ ਗਿਣਾਇਆ। ਸੂਤਰ ਦੱਸਦੇ ਹਨ ਕਿ ਜੱਸੀ ਵੱਲੋਂ ਅਚਾਨਕ ਚੁੱਪ ਵੱਟਣ ਦਾ ਮੁੱਖ ਕਾਰਨ ਕਾਂਗਰਸ ਪਾਰਟੀ ਤੇ ਤਲਵੰਡੀ ਤੋਂ ਉਮੀਦਵਾਰ ਬਦਲਣ ਲਈ ਦਬਾਅ ਬਨਾਉਣਾ ਹੈ । ਦੂਜੇ ਪਾਸੇ ਸਿਆਸੀ ਮਾਹਿਰ ਇਸ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਇੱਕ ਮੰਤਰੀ ਦਾ ਹਲਕਾ ਬਦਲਣ ਤੋ ਬਾਅਦ ਜੱਸੀ ਨੂੰ ਅਡਜਸਟ ਕਰਨ ਦੀਆਂ ਚਰਚਾਵਾਂ ਨਾਲ ਜੋੜਕੇ ਦੇਖ ਰਹੇ ਹਨ।
ਦਰਅਸਲ ਕਾਂਗਰਸ ਜੱਸੀ ਨੂੰ ਨਰਾਜ਼ ਕਰਕੇ ਡੇਰਾ ਸੱਚਾ ਸੌਦਾ ਸਿਰਸਾ ਦਾ ਅਹਿਮ ਵੋਟ ਬੈਂਕ ਨਹੀਂ ਗੁਆਉਣਾ ਚਾਹੁੰਦੀ ਹੈ। ਇਸੇ ਤਰਾਂ ਹੀ ਇਹ ਵੀ ਚੁੰਝ ਚਰਚਾ ਛਿੜੀ ਹੋਈ ਹੈ ਕਿ ਕਾਂਗਰਸ ਖਿਲਾਫ ਖੁੱਲ੍ਹੀ ਬਗਾਵਤ ਕਰਨ ਤੋਂ ਪੈਰ ਪਿੱਛੇ ਹਟਾਉਣ ਦੀ ਵਜਾਹ ਡੇਰਾ ਸਿਰਸਾ ਪ੍ਰੇਮੀਆਂ ਦੇ ਇੱਕ ਵਰਗ ਵੱਲੋਂ ਹਰਮਿੰਦਰ ਜੱਸੀ ਦੀ ਕੀਤੀ ਜਾ ਰਹੀ ਵਿਰੋਧਤਾ ਹੈ। ਇੰਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਜੱਸੀ ਨੂੰ ਵੋਟ ਪਾਉਣ ਦੀ ਥਾਂ ‘ਨੋਟਾ’ ਦਾ ਬਟਨ ਦਬਾਉਣ ਦੀ ਮੁਹਿੰਮ ਛੇੜੀ ਹੋਈ ਹੈ। ਹਾਲਾਂਕਿ ਡੇਰਾ ਆਗੂ ਅਜਿਹੇ ਲੋਕਾਂ ਦਾ ਡੇਰਾ ਸੱਚਾ ਸੌਦਾ ਸਿਰਸਾ ਨਾਲ ਸਬੰਧ ਨਾਂ ਹੋਣ ਬਾਰੇ ਆਖਦੇ ਹਨ ਫਿਰ ਵੀ ਅਜਿਹੇ ਪ੍ਰਚਾਰ ਨਾਲ ਚੋਣ ਮੁਹਿੰਮ ਤੇ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਉੱਜ ਜੱਸੀ ਲਈ ਸੁਖਾਵਾਂ ਪਹਿਲੂ ਇਹੋ ਹੈ ਕਿ ਡੇਰਾ ਸਿਰਸਾ ਦੇ ਪੈਰੋਕਾਰਾਂ ਅਤੇ ਆਗੂਆਂ ਨੇ ਚੋਣ ਪ੍ਰਚਾਰ ਦਾ ਜਿੰਮਾ ਸੰਭਾਲ ਲਿਆ ਹੈ। ਪਤਾ ਲੱਗਿਆ ਹੈ ਕਿ ਇਸ ਕੰਮ ਲਈ ਬਕਾਇਦਾ ਟੀਮਾਂ ਬਣਾਈਆਂ ਗਈਆਂ ਹਨ ਜਿੰਨ੍ਹਾਂ ਵਿੱਚੋਂ ਹਰ ਟੀਮ ਨੂੰ ਪਿੰਡ ਅਲਾਟ ਕਰ ਦਿੱਤੇ ਗਏ ਹਨ। ਇੰਨ੍ਹਾਂ ਪ੍ਰਚਾਰ ਟੀਮਾਂ ’ਚ ਡੇਰੇ ਨਾਲ ਜੁੜੇ ਪੁਰਾਣੇ ਪ੍ਰੀਵਾਰਾਂ ਦੀਆਂ ਔਰਤਾਂ ਵੀ ਸ਼ਾਮਲ ਹਨ ਜਿੰਨ੍ਹਾਂ ਵੱਲੋਂ ਹਲਕੇ ’ਚ ਲੋਕਾਂ ਨੂੰ ਜੱਸੀ ਦੇ ਹੱਕ ’ਚ ਵੋਟਾਂ ਪਾਉਣ ਲਈ ਪ੍ਰੇਰਿਆ ਜਾ ਰਿਹਾ ਹੈ।
ਜੱਸੀ ਲਈ ਚੋਣ ਮੁੱਛ ਦਾ ਸਵਾਲ
ਦੱਸਣਯੋਗ ਹੈ ਕਿ ਜਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ’ਚ ਕਾਂਗਰਸ ਦਾ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਹੈ ਜੋ ਪਿਛਲੀ ਵਾਰ ਆਮ ਆਦਮੀ ਪਾਰਟੀ ਤੋਂ ਚੋਣ ਹਾਰ ਗਿਆ ਸੀ। ਹਲਕਾ ਇੰਚਾਰਜ ਦੇ ਤੌਰ ਤੇ ਜਟਾਣਾ ਨੇ ਲਗਤਾਰ ਪੰਜ ਸਾਲ ਪਿੰਡਾਂ ’ਚ ਕੰਮ ਕੀਤਾ ਅਤੇ ਸਰਕਾਰ ਤੋਂ ਗਰਾਂਟਾਂ ਵੀ ਲਿਆਂਦੀਆਂ ਜੋ ਜਟਾਣਾ ਨੂੰ ਉਮੀਦਵਾਰ ਬਨਾਉਣ ਦੇ ਰੂਪ ਸਹਾਈ ਹੋਈਆਂ। ਇਸੇ ਦੌਰਾਨ ਹਰਮਿੰਦਰ ਸਿੰਘ ਜੱਸੀ ਹਲਕੇ ’ਚ ਵਿਚਰਨ ਲੱਗ ਪਏ ਜਿਸ ਦਾ ਜਟਾਣਾ ਸਮਰਥਕਾਂ ਨੇ ਬੁਰਾ ਮਨਾਇਆ । ਮੁੱਖ ਮੰਤਰੀ ਦੀ ਰੈਲੀ ਮੌਕੇ ਦੋਵੇਂ ਧਿਰਾਂ ਆਹਮੋ ਸਾਹਮਣੇ ਵੀ ਹੋ ਗਈਆਂ ਜਿਸ ਦੌਰਾਨ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਜੱਸੀ ਨੇ ਤਲਵੰਡੀ ਹਲਕੇ ਤੋਂ ਚੋਣ ਲੜਨ ਨੂੰ ਮੁੱਛ ਦਾ ਸਵਾਲ ਬਣਾ ਲਿਆ।
ਡੇਰੇ ਲਈ ਜੱਸੀ ਦੀ ਚੋਣ ਅਹਿਮ
ਹਰਮਿੰਦਰ ਸਿੰਘ ਜੱਸੀ ਦੀ ਲੜਕੀ ਡੇਰਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਲੜਕੇ ਜਸਮੀਤ ਸਿੰਘ ਨਾਲ ਵਿਆਹੀ ਹੋਈ ਹੈ। ਰਿਸ਼ਤੇਦਾਰੀ ਹੋਣ ਕਾਰਨ ਜੱਸੀ ਦੀ ਚੋਣ ਡੇਰੇ ਲਈ ਅਹਿਮ ਬਣ ਜਾਂਦੀ ਹੈ। ਜੱਸੀ ਦੇ ਹਾਰਨ ਦੀ ਸੂਰਤ ’ਚ ਡੇਰਾ ਪ੍ਰਬੰਧਕ ਖਾਸ ਤੌਰ ਤੇ ਸਿਆਸੀ ਵਿੰਗ ਲਈ ਨਮੋਸ਼ੀ ਮੰਨਦਾ ਹੈ । ਇਹੋ ਕਾਰਨ ਹੈ ਕਿ ਡੇਰਾ ਆਗੂ ਇਸ ਵਾਰ ਨਿੱਜੀ ਦਿਲਚਸਪੀ ਨਾਲ ਚੋਣ ਮੈਦਾਨ ’ਚ ਡਟੇ ਹਨ। ਐਤਵਾਰ ਦੀ ਮੀਟਿੰਗ ’ਚ ਵੀ ਕੁੱਝ ਡੇਰਾ ਆਗੂ ਹਾਜਰ ਸਨ ਜਦੋਂਕਿ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਨੇ ਜੱਸੀ ਨੂੰ ਥਾਪੜਾ ਦਿੱਤਾ। ਹਲਕਾ ਤਲਵੰਡੀ ਸਾਬੋ ’ਚ ਡੇਰੇ ਦੇ ਹਜ਼ਾਰਾਂ ਪੈਰੋਕਾਰਾਂ ਹਨ ਅਤੇ ਜੱਸੀ ਦਾ ਆਪਣਾ ਨਿੱਜੀ ਪ੍ਰਭਾਵ ਵੀ ਦੱਸਿਆ ਜਾ ਰਿਹਾ ਹੈ।
ਨਵੇਂ ਤੱਥਾਂ ਕਾਰਨ ਫੈਸਲਾ ਮੁਲਤਵੀ ਜੱਸੀ
ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਇਸ ਦੌਰਾਨ ਕਈ ਤਰਾਂ ਦੇ ਸਾਹਮਣੇ ਆਏ ਨਵੇਂ ਤੱਥਾਂ ਨੂੰ ਦੇਖਦਿਆਂ ਫਿਲਹਾਲ ਇੲ ਪ੍ਰਕਿਰਿਆ ਫੈਸਲੇ ਮੁਲਤਵੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਚੋਣਾਂ ਨਾਲ ਜੁੜੇ ਇੰਨ੍ਹਾਂ ਪਹਿਲੂਆਂ ਨੂੰ ਬਰੀਕੀ ਨਾਲ ਘੋਖ ਰਹੇ ਹਨ ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਚੋਣ ਹਰ ਹਾਲਤ ’ਚ ਲੜਨੀ ਹੈ ਜਿਸ ਲਈ ਤਿਆਰੀਆਂ ਜਾਰੀ ਹਨ।