ਅਸ਼ੋਕ ਵਰਮਾ
ਬਠਿੰਡਾ, 24 ਜਨਵਰੀ 2022: ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਰਾਜ ਨੰਬਰਦਾਰ ਨੇ ਅੱਜ ਆਮ ਆਦਮੀ ਪਾਰਟੀ ਤਰਫੋਂ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੂੰ ਭੰਡ ਕਰਾਰ ਦਿੱਤਾ ਹੈ। ਭਾਜਪਾ ਦੀ ਲੀਡਰਸ਼ਿਪ ਦੀ ਹਾਜਰੀ ’ਚ ਕੀਤੀ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਰਾਜ ਨੰਬਰਦਾਰ ਨੇ ਕਿਹਾ ਕਿ ਭਗਵੰਤ ਮਾਨ ਭੰਡ ਹੈ ਜਿਸ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਬਲਕਿ ਲੋਕ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟਾਂ ਪਾਉਣਗੇ। ਹਾਈਕਮਾਂਡ ਵੱਲੋਂ ਦਿੱਤੀ ਘੁਰਕੀ ਤੋਂ ਬਾਅਦ ਐਤਵਾਰ ਨੂੰ ਨਿਰਾਸ਼ਤਾ ਦੇ ਮਹੌਲ ’ਚ ਵਿਚਰ ਰਹੇ ਭਾਜਪਾ ਆਗੂਆਂ ਨੇ ਰਾਜ ਨੰਬਰਦਾਰ ਵੱਲੋਂ ਸੱਦੀ ਪ੍ਰੈਸ ਕਾਨਫਰੰਸ ’ਚ ਨਿੱਠ ਕੇ ਹਾਜਰੀ ਭਰੀ ਅਤੇ ਗੱਠਜੋੜ ਦੇ ਏਕੇ ਦਾ ਚਿਹਰਾ ਮੋਹਰਾ ਪੇਸ਼ ਕੀਤਾ। ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਜਿੱਥੇ ਭਾਜਪਾ ਆਗੂਆਂ ਨੇ ਆਪਣੀ ਸਿਆਸੀ ਮੁਹਾਰਤ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਰਾਜ ਨੰਬਰਦਾਰ ਸਿਆਸੀ ਤੌਰ ਤੇ ਅਣਜਾਣ ਨਜ਼ਰ ਆਏ ।
ਇਸ ਨੂੰ ਦੇਖਦਿਆਂ ਕਈ ਬੀਜੇਪੀ ਆਗੂਆਂ ਨੇ ਮੁਸ਼ਕੜੀਏਂ ਹੱਸਦੇ ਦਿਖਾਈ ਦਿੱਤੇ । ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਜ ਨੰਬਰਦਾਰ ਨੇ ਵਿੱਤ ਮੰਤਰੀ ਮੜਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਬਠਿੰਡਾ ’ਚ ਕਾਂਗਰਸ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇੱਕ ਹੀ ਪ੍ਰੀਵਾਰ ਨੇ ਲੁੱਟ ਮਚਾਈ ਹੋਈ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਜਿਸ ਨੂੰ ਮੇਅਰ ਬਣਾਇਆ ਹੈ ਉਸ ਦਾ ਪਹਿਲਾਂ ਅਕਾਲੀ ਦਲ ਨਾਲ ਸ਼ਰਾਬ ਤਾ ਕਾਰੋਬਾਰ ਸੀ ਪਰ ਬਾਅਦ ’ਚ ਇੰਨ੍ਹਾਂ ਦਾ ਹਿੱਸੇਦਾਰ ਬਣ ਗਿਆ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ’ਚ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਸ਼ਹਿਰ ’ਚ ਹੋਏ ਭ੍ਰਿਸ਼ਟਾਚਾਰ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਦੀ ਸਰਕਾਰ ਆਉਣ ਤੇ ਬਠਿੰਡਾ ’ਚ ਕੀਤੀ ਗਈ ਚੱਕ ਥੱਲ ਦੀ ਜਾਂਚ ਕਰਵਾਈ ਜਾਏਗੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ’ਚ ਜੋ ਮਨਪ੍ਰੀਤ ਬਾਦਲ ਖਜਾਨਾ ਖਾਲੀ ਹੋਣ ਦਾ ਰੌਲਾ ਪਾਉਂਦਾ ਰਿਹਾ ਉਸ ਨੇ ਚੰਨੀ ਦੇ ਆਉਣ ਤੇ 33 ਹਜਾਰ ਕਰੋੜ ਕੱਢ ਲਿਆ ਜੋ ਇੱਕ ਵੱਡੀ ਸਾਜਿਸ਼ ਹੈ। ਆਮ ਆਦਮੀ ਪਾਰਟੀ ਨੂੰ ਨਿਸ਼।ਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਕੋਈ ਭੰਡ ਜਾਂ ਗਾਉਣ ਵਜਾਉਣ ਵਾਲੇ ਨੂੰ ਵੋਟਾਂ ਪਾਉਂਦਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਦੀ ਸੋਚ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਵੋਟ ਦੀ ਮੰਗ ਕੀਤੀ ਜਾਏਗੀ । ਉਨ੍ਹਾਂ ਭਾਜਪਾ ਆਗੂਆਂ ਵੱਲੋਂ ਸਹਿਯੋਗ ਦੇਣ ਦੇ ਦਿਵਾਏ ਭਰੋਸੇ ਪ੍ਰਤੀ ਸਭਨਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਰਾਜ ਨੰਬਰਦਾਰ ਅਤੇ ਭਾਜਪਾ ਲੀਡਰਸ਼ਿਪ ਦੀ ਸਾਂਝੀ ਮੀਟਿੰਗ ਦੌਰਾਨ ਚੋਣ ਰਣਲਤੀ ਵੀ ਘੜੀ ਗਈ।
ਭਾਜਪਾ ਦੇ ਜਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਰੋਕਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖਮੰਤਰੀ ਦਾ ਫਰਜ਼ ਬਣਾ ਸੀ ਕਿ ਉਹ ਅਹੁਦੇ ਦੇ ਨਾਤੇ ਪ੍ਰਧਾਨ ਮੰਤਰੀ ਨੂੰ ਰੈਲੀ ਵਾਲੀ ਥਾਂ ਲੈਕੇ ਜਾਂਦੇ ਪਰ ਗੰਦੀ ਰਾਜਨੀਤੀ ਕਾਰਨ ਉਨ੍ਹਾਂ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸੇ ਰਾਜਨੀਤੀ ਤਹਿਤ ਉਨ੍ਹਾਂ ਦੀਆਂ ਬੱਸਾਂ ਨੂੰ ਅੱਗੇ ਜਾਣ ’ਚ ਅੜਿੱਕੇ ਪਾਇਆ ਗਿਆ। ਉਨ੍ਹਾਂ ਕਿਹਾ ਕਿ ਪਾਰਟਂ ਨੂੰ ਕੋਈ ਫਰਕ ਨਹੀਂ ਪਿਆ ਪਰ ਪੰਜਾਬ ਹਜਾਰਾਂ ਕਰੋੜ ਦੇ ਗੱਫਿਆਂ ਤੋਂ ਵਾਂਝਾ ਰਹਿ ਗਿਆ। ਬਿੰਟਾ ਨੇ ਅੱਜ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰਨ ਲਈ ਰਾਜ ਨੰਬਰਦਾਰ ਅਤੇ ਗੱਠਜੋੜ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੋਹਨਲਾਲ ਗਰਗ, ਸੁਖਪਾਲ ਸਰਾਂ, ਸੁਨੀਲ ਸਿੰਗਲਾ, ਐਡਵੋਕੇਟ ਨਵੀਨ ਸਿੰਗਲਾ, ਅਸ਼ੋਕ ਬਾਲਿਆਂ ਵਾਲੀ, ਸ਼ਾਮ ਲਾਲ ਬਾਂਸਲ, ਨਰਿੰਦਰ ਮਿੱਤਲ, ਰਾਜੇਸ਼ ਨੋਨੀ, ਆਸ਼ੁਤੋਸ਼ ਤਿਵਾੜੀ, ਸੰਦੀਪ ਅਗਰਵਾਲ, ਐਡਵੋਕੇਟ ਬਬੀਤਾ ਗੁਪਤਾ, ਪਰਮਿੰਦਰ ਕੌਰ, ਸੰਯੁਕਤ ਅਕਾਲੀ ਦਲ ਦੇ ਲੀਗਲ ਐਡਵਾਇਜਰ ਛਿੰਦਰਪਾਲ ਸਿੰਘ ਬਰਾੜ ਤੋਂ ਇਲਾਵਾ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ