ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਚੁੱਕੇ ਨਾਗਰਿਕ ਤੁਰੰਤ ਦੂਸਰਾ ਟੀਕਾ ਲਗਵਾਉਣ-ਸੰਦੀਪ ਹੰਸ
ਜੀ ਐਸ ਪੰਨੂ
ਪਟਿਆਲਾ, 24 ਜਨਵਰੀ 2022: ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਪਟਿਆਲਾ ਜ਼ਿਲ੍ਹੇ ਵਿੱਚ ਕੋਵਿਡ ਸੁਰੱਖਿਅਤ ਚੋਣ ਮਾਹੌਲ ਸਿਰਜਣ ਲਈ ਚੋਣ ਸਟਾਫ਼, ਆਮ ਲੋਕਾਂ ਅਤੇ ਰਾਜਨੀਤਿਕ ਸਮਰਥਕਾਂ ਨੂੰ ਕੋਵਿਡ ਤੋਂ ਬਚਾਅ ਲਈ ਆਪਣਾ ਟੀਕਾਕਰਣ ਕਰਵਾਉਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
ਸੰਦੀਪ ਹੰਸ, ਪਟਿਆਲਾ ਜ਼ਿਲ੍ਹੇ 'ਚ ਕੋਵਿਡ ਟੀਕਾਕਰਣ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਾਰੇ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਅਤੇ ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਵੀਨੂ ਗੋਇਲ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਸਰਕਾਰੀ ਰਾਜਿੰਦਰਾ ਹਸਪਤਾਲ ਦੇ ਐਮ.ਐਸ. ਡਾ. ਐਚ.ਐਸ. ਰੇਖੀ ਸਮੇਤ ਸਮੂਹ ਐਸ.ਐਮ.ਓਜ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਦੇ ਨਾਲ ਅਡੀਨਲ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜ਼ਿਲ੍ਹੇ 'ਚ ਜਿਹੜੇ ਨਾਗਰਿਕਾਂ ਨੇ ਪਹਿਲੀ ਡੋਜ਼ ਤਾਂ ਲਗਵਾ ਲਈ ਹੈ ਪਰੰਤੂ ਅਜੇ ਉਨ੍ਹਾਂ ਨੇ ਦੂਸਰੀ ਡੋਜ਼ ਨਹੀਂ ਲਗਵਾਈ, ਉਨ੍ਹਾਂ ਨੂੰ ਵੈਕਸੀਨ ਦੀ ਦੂਸਰੀ ਖੁਰਾਕ ਤੁਰੰਤ ਲਗਵਾਈ ਜਾਵੇ ਅਤੇ ਜਿਹੜੇ ਲੋਕਾਂ ਨੇ ਅਜੇ ਪਹਿਲੀ ਡੋਜ਼ ਵੀ ਨਹੀਂ ਲਗਵਾਈ, ਉਨ੍ਹਾਂ ਨੂੰ ਪਛਾਣ ਕੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਲਈ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਤ ਕੀਤਾ ਜਾਵੇ।
ਸੰਦੀਪ ਹੰਸ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਕੋਵਿਡ ਦੇ ਇਸ ਅਸੁਰੱਖਿਅਤ ਵਿਵਹਾਰ ਨੂੰ ਦੇਖਦੇ ਹੋਏ ਜਿੱਥੇ ਵੋਟਰਾਂ ਲਈ ਮਤਦਾਨ ਦੌਰਾਨ ਠੋਸ ਪ੍ਰਬੰਧ ਕੀਤੇ ਹਨ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਮੁੱਚੇ ਚੋਣ ਸਟਾਫ਼ ਅਤੇ ਜ਼ਿਲ੍ਹੇ ਦੇ ਲੋਕਾਂ ਦੀ ਕੋਵਿਡ ਤੋਂ ਸੁਰੱਖਿਆ ਲਈ ਜ਼ਿਲ੍ਹੇ ਵਿੱਚ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਟੀਕਾਕਰਣ ਦੇ ਟੀਚੇ ਨੂੰ ਵਧਾਉਣ ਦੇ ਨਾਲ ਨਾਲ ਸੈਂਪਲਿੰਗ ਨੂੰ ਵੀ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ 15 ਤੋਂ 18 ਸਾਲ ਵਰਗ ਅਤੇ 18 ਸਾਲ ਤੋਂ ਉੱਪਰ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਟੀਕਾਕਰਣ ਦੀ ਸੁਰੱਖਿਆ ਛੱਤਰੀ ਦੇ ਘੇਰੇ ਚ ਲਿਆ ਜਾਵੇ।
ਸੰਦੀਪ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੀ ਇਸ ਸਬੰਧੀ ਟੀਕਾਕਰਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਪ੍ਰਮੁੱਖ ਸਕੱਤਰ (ਸਿਹਤ) ਪੰਜਾਬ ਵੱਲੋਂ ਵੀ ਇਸ ਸਬੰਧੀ ਵੀਡਿਓ ਕਾਨਫਰੰਸਿੰਗ ਕਰਕੇ ਕੋਵਿਡ ਟੀਕਾਕਰਣ ਸਬੰਧੀ ਰੋਜ਼ਾਨਾ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।