ਦੀਪਕ ਗਰਗ
ਕੋਟਕਪੂਰਾ, 24 ਜਨਵਰੀ 2022 :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵੱਲੋਂ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਜ਼ੋਨਲ ਦਫਤਰ ਵਿਖੇ ਇੱਕ ਦਿਨਾ ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ ਲਾਇਆ ਗਿਆ। ਜਿਸ ’ਚ ਨੌਵੀਂ ਕਲਾਸ ਤੋਂ ਕਾਲਜ ਪੱਧਰ ਦੇ 90 ਵਿਦਿਆਰਥੀਆਂ ਅਤੇ ਵੀਰ/ਭੈਣਾਂ ਨੇ ਭਾਗ ਲਿਆ। ਚਮਕੌਰ ਸਿੰਘ ਖੇਤਰ ਪ੍ਰਧਾਨ ਨੇ ਜੀ ਆਇਆਂ ਅਤੇ ਕੈਂਪ ਉਦੇਸ਼ ਸਾਂਝਾ ਕੀਤਾ। ਸਚਿਆਰ ਜੀਵਨ ਜੁਗਤ ਵਿਸ਼ੇ ’ਤੇ ਰਮਨਦੀਪ ਸਿੰਘ ਖੇਤਰ ਮੁਕਤਸਰ ਸਾਹਿਬ ਤੋਂ ਅਤੇ ਵੱਡੇ ਨਿਸ਼ਾਨੇ ਵੱਡੀਆਂ ਪ੍ਰਾਪਤੀਆਂ ਵਿਸ਼ੇ ’ਤੇ ਜਸਮਿੰਦਰਪਾਲ ਸਿੰਘ ਵਿੰਗ ਕੋਆਰਡੀਨੇਟਰ ਨੇ ਗੁਰਬਾਣੀ ਅਤੇ ਇਤਿਹਾਸ ’ਚੋਂ ਪ੍ਰੇਰਨਾਵਾਂ ਰਾਹੀਂ ਆਪਣੇ ਜੀਵਨ ਨੂੰ ਆਦਰਸ਼ਮਈ ਬਣਾਉਣ ਦੇ ਨੁਕਤੇ ਸਾਂਝੇ ਕੀਤੇ। ਗੁਰਵਿੰਦਰ ਸਿੰਘ ਪ੍ਰਚਾਰ ਸਕੱਤਰ ਨੇ ਐਕਟੀਵਿਟੀ ਰਾਹੀਂ ਜੀਵਨ ਸੇਧਾਂ ਦਿੱਤੀਆਂ। ਡਾ. ਅਵੀਨਿੰਦਰਪਾਲ ਸਿੰਘ ਡਾਇਰੈਕਟਰ ਜਨਰਲ ਹਿਊਮਨ ਰਿਸੋਰਸ ਡਿਵੈਲਪਮੈਂਟ ਨੇ ਜੀਵਨ ਨੂੰ ਨਾਮ, ਦਾਨ, ਇਸ਼ਨਾਨ ਰਾਹੀਂ ਆਪਣਾ ਤੇ ਸਮਾਜ ਨੂੰ ਸਚਿਆਰ ਬਣਾਉਣ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੁਹਿੰਮ ਦਾ ਹਿੱਸਾ ਬਣਨ ਅਤੇ ਸਮਾਜ ਨੂੰ ਸਚਿਆਰ ਬਣਾਉਣ ਲਈ ਪ੍ਰੇਰਿਆ। ਪ੍ਰਸ਼ਨ-ਉੱਤਰ ਸ਼ੈਸਨ ’ਚ ਵਿਦਿਆਰਥੀਆਂ ਨੇ ਅਨੈਤਿਕਤਾ ਤੋਂ ਬਚਣ ਅਤੇ ਨੈਤਿਕਤਾ ਨੂੰ ਗ੍ਰਹਿਣ ਕਰਨ ਦੇ ਵਲਵਲਿਆਂ ਦਾ ਹੱਲ ਜਾਣਿਆ। ਕੈਂਪ ਕੋਆਰਡੀਨੇਟਰ ਸਤਨਾਮ ਸਿੰਘ ਨੇ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਲਗਾਤਾਰ ਸੰਪਰਕ ਬਣਾਈ ਰੱਖਣ ਲਈ ਕਿਹਾ।