ਪੰਥਕ ਦਲ਼ ਤੇ ਕਿਸਾਨ ਬਚਾਓ ਮੋਰਚਾ ਪੀੜਤ ਪਰਿਵਾਰ ਦੇ ਨਾਲ਼ ਖੜ੍ਹਾ
26 ਜਨਵਰੀ ਦਾ ਧਰਨਾ ਲਾਮਿਸਾਲ਼ ਹੋਵੇਗਾ- ਜੱਥੇਦਾਰ ਦਲੀਪ ਸਿੰਘ ਚੱਕਰ
ਦੀਪਕ ਜੈਨ, ਬਾਬੂਸ਼ਾਹੀ ਨੈੱਟਵਰਕ
ਜਗਰਾਉਂ 24 ਜਨਵਰੀ 2022- ਪਿੰਡ ਰਸੂਲਪੁਰ ਦੇ ਰਹਿਣ ਵਾਲੇ ਇਕ ਪਰਿਵਾਰ ਦੀ ਅੱਧੀ ਰਾਤ ਨੂੰ ਘਰੋਂ ਚੁੱਕੀ ਮਾਂ-ਧੀ ਨੂੰ ਸਥਾਨਕ ਥਾਣੇ 'ਚ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨ, ਕਰੰਟ ਲਗਾਉਣ ਅਤੇ ਪੁੱਤਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਮਾਮਲੇ ਦੇ ਮੁੱਖ ਦੋਸ਼ੀ, ਜੋ 2005 ਵਿੱਚ ਆਪਣੇ ਆਪ ਨੂੰ ਸਥਾਨਕ ਥਾਣਾ ਸਿਟੀ ਦਾ ਥਾਣਾਮੁਖੀ ਕਹਿੰਦਾ ਸੀ ਤੇ ਹੁਣ ਡੀ.ਐਸ.ਪੀ. ਗੁਰਿੰਦਰ ਬੱਲ, ਦੋਸ਼ੀ ਰਾਜਵੀਰ ਸਿੰਘ ਜੋ ਆਪਣੇ ਆਪ ਨੂੰ ਐਸ.ਆਈ. ਕਹਿੰਦਾ ਸੀ ਜਦਕਿ 2005 ਵਿੱਚ ਨਾਂ ਤਾਂ ਥਾਣਾ ਸਿਟੀ ਬਣਿਆ ਸੀ ਤੇ ਨਾਂ ਹੀ ਗੁਰਿੰਦਰ ਬੱਲ ਕੋਲ ਐਸ.ਆਈ ਰੈਂਕ ਸੀ ਅਤੇ ਸਾਲ 2005 ਵਿੱਚ ਸਥਾਨਕ ਬੱਸ ਅੱਡਾ ਪੁਲਿਸ ਚੌਂਕੀ ਦਾ ਇੰਚਾਰਜ ਰਾਜਵੀਰ ਸਿੰਘ ਅਤੇ ਕਤਲ਼ ਕੇਸ ਵਿੱਚ ਬਣੇ ਫਰਜ਼ੀ ਗਵਾਹ ਕੋਠੇ ਸ਼ੇਰ ਜੰਗ ਦੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਦਰਜਨ ਤੋਂ ਵਧੇਰੇ ਜੱਥੇਬੰਦੀਆਂ ਵਲੋਂ 26 ਜਨਵਰੀ ਨੂੰ ਥਾਣਾ ਸਿਟੀ ਸਾਹਮਣੇ ਲਗਾਇਆ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਲ਼ਾਮਿਸਾਲ਼ ਹੋਵੇਗਾ।
ਇਹ ਦਾਅਵਾ ਇੰਟਰਨੈਸ਼ਨਲ ਪੰਥਕ ਦਲ਼ ਦੇ ਪ੍ਰਧਾਨ ਜੱਥੇਦਾਰ ਦਲ਼ੀਪ ਸਿੰਘ ਚਕਰ, ਦਲ਼ ਦੇ ਜਿਲ੍ਹਾ ਪ੍ਰਧਾਨ ਤੇ ਸਾਬਕਾ ਸਰਪੰਚ ਹਰਚੰਦ ਸਿੰਘ ਚਕਰ ਤੇ ਕਿਸਾਨ ਬਚਾਓ ਮੋਰਚੇ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲ਼ਕ ਨੇ ਇੱਕ ਸਾਂਝੇ ਬਿਆਨ 'ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਘਟੀਆ ਪ੍ਰਬੰਧਕ 17 ਸਾਲਾਂ ਤੋਂ ਅਨਿਆਂ ਦੇ ਖਿਲਾਫ਼ ਲੜ੍ਹ ਰਹੇ ਗਰੀਬ ਪਰਿਵਾਰ ਨੂੰ ਇਨਸਾਫ਼ ਨਾਂ ਦੇ ਕੇ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਹਨ। ਉਨ੍ਹਾਂ ਆਮ ਅਵਾਮ ਨੂੰ ਸੱਦਾ ਦਿੱਤਾ ਕਿ ਆਓ 26 ਜਨਵਰੀ ਨੂੰ ਥਾਣੇ ਦਾ ਘਿਰਾਓ ਕਰ ਰਹੀਆਂ ਕਿਸਾਨ-ਮਜ਼ਦੂਰ ਜੱਥੇਬੰਦੀਆਂ ਦਾ ਸੱਚੇ ਦਿਲੋਂ ਸਾਥ ਦੇਈਏ ਅਤੇ ਆਪਣਾ ਬਣਦਾ ਯੋਗਦਾਨ ਪਾਈਏ। ਜ਼ਿਕਰਯੋਗ ਹੈ ਕਿ ਗੁਰਿੰਦਰ ਬੱਲ ਤੇ ਰਾਜਵੀਰ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਰਸੂਲਪੁਰ ਦੇ ਗਰੀਬ ਪਰਿਵਾਰ ਦੀ ਨੌਜਵਾਨ ਧੀ ਕੁਲਵੰਤ ਕੌਰ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਨਾਂ ਸਿਰਫ਼ ਜਗਰਾਉਂ ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਤਸੀਹੇ ਦਿੱਤੇ ਸਗੋਂ ਅੱਤਿਆਚਾਰ ਨੂੰ ਛੁਪਾਉਣ ਲਈ ਮ੍ਰਿਤਕਾ ਕੁਲਵੰਤ ਕੌਰ ਦੇ ਭਰਾ ਨੂੰ ਫਰਜ਼ੀ ਗਵਾਹ ਤੇ ਫਰਜ਼ੀ ਕਾਗਜ਼ ਬਣਾ ਕੇ ਝੂਠੇ ਕਤਲ਼ ਕੇਸ ਵਿੱਚ ਵੀ ਫਸਾ ਦਿੱਤਾ ਸੀ ਅਤੇ ਕੁਲਵੰਤ ਕੌਰ ਥਾਣੇ 'ਚ ਲਗਾਏ ਕਰੰਟ ਕਾਰਨ 15-16 ਸਾਲ ਸਰੀਰਕ ਤੌਰ ਤੇ ਨਕਾਰਾ ਹੋਈ ਤਫੜਦੀ ਰਹੀ ਤੇ ਲੰਘੀ 10 ਦਸੰਬਰ ਨੂੰ ਮਰ ਗਈ ਸੀ ਤੇ ਪੁਲਿਸ ਨੇ ਮਰਨ ਤੋਂ ਬਾਅਦ ਦੋਸ਼ੀਆਂ ਖਿਲਾਫ਼ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਤਾਂ ਦਰਜ ਕਰ ਲਿਆ ਸੀ ਪਰ ਗ੍ਰਿਫਤਾਰ ਨਹੀਂ ਕੀਤਾ ਜਿਸ ਕਾਰਨ ਇਨਸਾਫ਼ ਪਸੰਦ ਜੱਥੇਬੰਦੀਆਂ ਸੰਘਰਸ਼ ਦੇ ਰਾਹ 'ਤੇ ਹਨ।