ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੌਰਵ ਕੱਕੜ ਦਾ ਸਿਆਸੀ ਸਫਰ
ਦੀਪਕ ਗਰਗ
ਫਰੀਦਕੋਟ 25 ਜਨਵਰੀ 2022 - ਫਰੀਦਕੋਟ ਵਿਧਾਨਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਵਲੋਂ ਯੂਥ ਆਗੂ ਗੌਰਵ ਕੱਕੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਜੋ ਪਹਿਲੀ ਬਾਰ ਕੋਈ ਚੋਣ ਲੜ ਰਹੇ ਹਨ। ਗੌਰਵ ਕੱਕੜ ਦਾ ਪਰਿਵਾਰ 2013 ਤੋਂ ਪਹਿਲਾਂ ਸਰਗਰਮ ਰਾਜਨੀਤੀ ਨਾਲ ਨਹੀਂ ਜੁੜਿਆ ਹੋਇਆ ਸੀ। ਸਮਾਜਿਕ ਗਤੀਵਿਧੀਆਂ ਦੇ ਖੇਤਰ ਵਿੱਚ ਪਰਿਵਾਰ ਦਾ ਫਰੀਦਕੋਟ ਵਿਚ ਚੰਗਾ ਨਾਂਅ ਹੈ। ਇਨ੍ਹਾਂ ਦੀਆਂ ਸਮਾਜਿਕ ਗਤੀਵਿਧੀਆਂ ਤੋਂ ਪ੍ਰਭਾਵਿਤ ਹੋਕੇ ਬੀਜੇਪੀ ਫਿਰੋਜ਼ਪੁਰ ਤੋਂ ਸੀਨੀਅਰ ਆਗੂ ਸ਼੍ਰੀ ਡੀ ਪੀ ਚੰਦਨ ਨੇ ਇਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਉਸ ਸਮੇਂ ਫਰੀਦਕੋਟ ਬੀਜੇਪੀ ਦੇ ਜ਼ਿਲਾ ਪ੍ਰਧਾਨ ਸਵ. ਗਾਇਤ੍ਰੀ ਪ੍ਰਕਾਸ਼ ਸ਼ਰਮਾ ਦੀ ਅਗੁਵਾਈ ਹੇਠ ਇਨ੍ਹਾਂ ਨੂੰ ਬੀਜੇਪੀ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਇਨ੍ਹਾਂ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਦਾ ਜਿਲਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਬਾਅਦ ਵਿੱਚ ਅਗਲੇ ਜਿਲਾ ਪ੍ਰਧਾਨ ਜੈਪਾਲ ਗਰਗ ਨੇ 2015 ਵਿੱਚ ਇਨ੍ਹਾਂ ਨੂੰ ਪ੍ਰਮੋਟ ਕਰਦੇ ਹੋਏ ਭਾਰਤੀ ਜਨਤਾ ਯੁਵਾ ਮੋਰਚਾ ਦਾ ਜਿਲਾ ਪ੍ਰਧਾਨ ਬਣਾ ਦਿੱਤਾ। ਉਸ ਸਮੇਂ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਸੀ ਅਤੇ ਸੁੱਬੇ ਵਿੱਚ ਗਠਜੋੜ ਦੀ ਸਰਕਾਰ ਸੀ। ਗੌਰਵ ਕੱਕੜ ਨੂੰ ਉਦੋਂ ਚਰਚਾ ਮਿਲੀ ਜਦੋਂ ਇਨ੍ਹਾਂ ਨੇ ਫਰੀਦਕੋਟ ਵਿਧਾਨ ਸਭਾ ਖੇਤਰ ਤੋਂ ਟਿਕਟ ਦੀ ਮੰਗ ਕੀਤੀ ਇਨ੍ਹਾਂ ਦਾ ਤਰਕ ਸੀ ਕਿ ਹੁਣ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੋਣ ਦੇ ਚਲਦੇ ਪੰਜਾਬ ਦੇ ਹਰ ਜਿਲੇ ਵਿੱਚ ਬੀਜੇਪੀ ਨੂੰ ਨੁਮਾਇੰਦਗੀ ਮਿਲਣੀ ਜਰੂਰੀ ਹੈ। ਹਾਲਾਂਕਿ 2017 ਵਿੱਚ ਗਠਜੋੜ ਨਿਯਮਾਂ ਵਿੱਚ ਪਰਿਵਰਤਨ ਨਹੀਂ ਹੋਇਆ।
ਉਸ ਸਮੇਂ ਗੌਰਵ ਕੱਕੜ ਨੂੰ ਕਈ ਹੋਰ ਪਾਰਟੀਆਂ ਨੇ ਟਿਕਟ ਅਤੇ ਵੱਡੇ ਅਹੁਦਿਆਂ ਦੀ ਆੱਫਰ ਕੀਤੀ ਪਰ ਗੌਰਵ ਕੱਕੜ ਨੇ ਬੀਜੇਪੀ ਛੱਡਣ ਤੋਂ ਸਾਫ ਇਨਕਾਰ ਕਰ ਦਿੱਤਾ। 2020 ਕੋਰੋਨਾ ਲਾਕਡਾਊਨ ਮੌਕੇ ਗੌਰਵ ਕੱਕੜ ਨੇ ਬਹੁਤ ਸਾਰੇ ਲੋੜਵੰਦ ਲੋਕਾਂ ਤੱਕ ਕੱਚਾ ਪੱਕਾ ਰਾਸ਼ਨ ਪਹੁੰਚਾਇਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਗੌਰਵ ਕੱਕੜ ਇਕ ਪੱਤਰਕਾਰ ਵੀ ਹਨ। ਇਨ੍ਹਾਂ ਨੇ ਕੋਰੋਨਾ ਲਾਕਡਾਊਨ ਮੌਕੇ ਵੱਖ ਵੱਖ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਬਾਰੇ ਸੋਸ਼ਲ ਮੀਡੀਆ ਰਾਹੀਂ ਕਵਰੇਜ ਵੀ ਕੀਤੀ।
ਜਿਸ ਨਾਲ ਸੁੱਤੀ ਪਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜਾਗਣਾ ਪਿਆ। ਗੌਰਵ ਕੱਕੜ ਪੇਸ਼ੇ ਤੋਂ ਕਲੋਨਾਇਜਰ ਹਨ ਅਤੇ ਇਨ੍ਹਾਂ ਦੇ ਵੱਡੇ ਭਰਾ ਲਲਿਤ ਕੱਕੜ ਫਰੀਦਕੋਟ ਦੇ ਨਾਮੀ ਆਰਕੀਟੈਕਚਰ ਹਨ। ਹੁਣ ਜਦੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕਰਕੇ ਵਿਧਾਨਸਭਾ ਚੋਣ ਲੜੀ ਜਾ ਰਹੀ ਹੈ ਤਾਂ ਗੌਰਵ ਕੱਕੜ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।