ਸਾਬਕਾ ਡੀ.ਜੀ.ਪੀ.ਮੁਹੰਮਦ ਮੁਸਤਫਾ ਦੇ ਵਿਵਾਦਿਤ ਬਿਆਨ ਦੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ‘ਸਿਟ’ ਗਠਿਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 26 ਜਨਵਰੀ 2022, ਪੰਜਾਬ ਦੇ ਇੱਕੋ ਇੱਕ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਵਿਖੇ ਪਿਛਲੇ ਦਿਨੀ 20 ਜਨਵਰੀ ਨੂੰ ਸਥਾਨਕ ਸਰਹੰਦੀ ਗੇਟ ਨੇੜੇ ਆਪਣੀ ਪਤਨੀ ਕਾਂਗਰਸ ਦੀ ਉਮੀਦਵਾਰ ਬੀਬੀ ਰਜ਼ੀਆ ਸੁਲਤਾਨਾ ਦੇ ਚੋਣ ਜਲਸੇ ਨੂੰ ਸੰਬੋਧਨ ਦੌਰਾਨ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਵੱਲੋਂ ਦਿੱਤੇ ਗਏ ਕਥਿਤ ਵਿਵਾਦਿਤ ਬਿਆਨ ਦੀ ਸੋਸ਼ਲ ਮੀਡੀਆ ਸਮੇਤ ਨੈਸ਼ਨਲ ਟੀ. ਵੀ. ਚੈਨਲਾਂ 'ਤੇ ਵਾਇਰਲ ਹੋਈ ਵੀਡੀਓ ਸਬੰਧੀ ਜਿੱਥੇ ਰਾਸ਼ਟਰੀ ਪੱਧਰ ਤੇ ਰਾਜਨੀਤਿਕ ਪਾਰਟੀ ਦੇ ਪ੍ਰਮੁੱਖ ਆਗੂਆਂ ਵੱਲੋਂ ਬਿਆਨ ਦਿੱਤੇ ਜਾ ਰਹੇ ਹਨ ਉਥੇ ਹੀ ਪੰਜਾਬ ਦੀ ਸਿਆਸਤ ਗਰਮਾਈ ਦਿਖਾਈ ਦੇ ਰਹੀ ਹੈ ।ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਬਿਆਨ ਅਤੇ ਕੁਮੈਂਟਸ ਰਾਜਨੀਤਕ ਪਾਰਟੀਆਂ ਅਤੇ ਲੋਕਾਂ ਵੱਲੋਂ ਪਾਏ ਜਾ ਰਹੇ ਹਨ ।ਜਿਸ ਨੂੰ ਲੈ ਕੇ ‘ਆਮ ਆਦਮੀ ਪਾਰਟੀ ਅਤੇ ਭਾਜਪਾ ਵੱਲੋਂ ਸਥਾਨਕ ਪੁਲਸ ਸਮੇਤ ਚੋਣ ਕਮਿਸ਼ਨ ਕੋਲ ਮੁਸਤਫਾ ਦੇ ਬਿਆਨ ਸਬੰਧੀ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਿਥੇ ਪੁਲਸ ਨੇ ਸਥਾਨਕ ਸਿਟੀ-1 ਵਿਖੇ ਧਾਰਾ 153ਏ ਅਤੇ 125 ਤਹਿਤ ਮੁਹੰਮਦ ਮੁਸਤਫਾ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ ਉਥੇ ਲੋਕਾਂ ਵੱਲੋਂ ਰੋਸ ਵਜੋਂ ਮੁਸਤਫਾ ਦੇ ਪੁਤਲੇ ਤੇ ਫੋਟੋਆਂ ਫੂਕੇ ਜਾਣ ਦੇ ਨਾਲ-ਨਾਲ ਮੁਸਤਫਾ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਉਠਾਈ ਜਾ ਰਹੀ ਜਾ ਮੰਗ ਨੂੰ ਦੇਖਦੇ ਹੋਏ ਐੱਸ.ਐੱਸ.ਪੀ.ਮਾਲੇਰਕੋਟਲਾ ਡਾ. ਰਵਜੋਤ ਗਰੇਵਾਲ ਵੱਲੋਂ ਦਰਜ ਮਾਮਲੇ ਦੀ
ਜਾਂਚ ਲਈ ਐੱਸ.ਪੀ. (ਡੀ) ਮਾਲੇਰਕੋਟਲਾ ਰਮਨੀਸ਼ ਚੌਧਰੀ ਦੀ ਅਗਵਾਈ ਹੇਠ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਡੀ.ਐੱਸ.ਪੀ. (ਡੀ) ਮਾਲੇਰਕੋਟਲਾ ਸੌਰਭ ਜਿੰਦਲ, ਡੀ.ਐੱਸ.ਪੀ. ਸਪੈਸ਼ਲ ਬ੍ਰਾਂਚ ਗੁਰਪ੍ਰੀਤ ਸਿੰਘ ਅਤੇ ਇੰਚਾਰਜ ਸੀ.ਆਈ.ਏ. ਸਟਾਫ ਮਾਹੋਰਾਣਾ ਗੁਰਪ੍ਰੀਤ ਸਿੰਘ ਭਿੰਡਰ ਨੂੰ ਸ਼ਾਮਲ ਕੀਤਾ ਗਿਆ ਹੈ। ਉੱਧਰ, ਮੀਟਿੰਗ ਨੂੰ ਸੰਬੋਧਨ ਦੌਰਾਨ ਮੁਹੰਮਦ ਮੁਸਤਫਾ ਨੇ ਕਿਹਾ ਕਿ ਜੇਕਰ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਬੇਸ਼ੱਕ ਕਰ ਲਵੇ, ਉਹ ਗ੍ਰਿਫਤਾਰੀ ਲਈ ਤਿਆਰ ਹਨ ਪਰਉਹ ਆਪਣੀ ਜ਼ਮਾਨਤ ਨਹੀਂ ਕਰਵਾਉਣਗੇ, ਕਿਉਂਕਿ ਉਹ ਬੇਕਸੂਰ ਹਨ। ਜਾਂਚ ਦੌਰਾਨ ਉਹ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਦੀ ਲਿਆਉਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਚੋਣਾਂ 'ਚ ਸਿਆਸੀ ਲਾਹਾ ਲੈਣ ਲਈ ਮੇਰੇ ਖਿਲਾਫ ਗਲਤ ਪ੍ਰਚਾਰ ਕਰ ਕੇ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਜਿਸ 'ਚ ਉਹ ਕਦੇ ਵੀ ਸਫਲ ਨਹੀਂ ਹੋਣਗੀਆਂ।