ਕੋਟਕਪੂਰਾ ਤੋਂ ਅਜੈਪਾਲ ਸਿੰਘ ਸੰਧੂ ਨੂੰ ਕਾਂਗਰਸ ਟਿਕਟ ਮਿਲਣ ਤੋਂ ਬਾਅਦ ਬਦਲੇ ਸਾਰੇ ਸਮੀਕਰਨ
ਦੀਪਕ ਗਰਗ,ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ 26 ਜਨਵਰੀ 2022- ਕਾਂਗਰਸ ਵਲੋਂ ਮੰਗਲਵਾਰ ਦੇਰ ਰਾਤ ਜਾਰੀ 23 ਹੋਰ ਵਿਧਾਨਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਕੋਟਕਪੂਰਾ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਕਿਉਂਕਿ ਇਸ ਸੂਚੀ ਵਿੱਚ ਕੋਟਕਪੂਰਾ ਦੇ ਹਰਮਨ ਪਿਆਰੇ ਆਗੂ ਸਰਦਾਰ ਅਜੈਪਾਲ ਸਿੰਘ ਸੰਧੂ ਦਾ ਕੋਟਕਪੂਰਾ ਤੋਂ ਕਾਂਗਰਸ ਉਮੀਦਵਾਰ ਵਜੋਂ ਨਾਂਅ ਸ਼ਾਮਿਲ ਹੈ। ਇਸ ਨਾਲ ਟਿਕਟ ਨੂੰ ਲੈਕੇ ਚਲ ਰਹੀਆਂ ਚਰਚਾਵਾਂ ਨੂੰ ਵਿਰਾਮ ਲੱਗ ਗਿਆ ਨਾਲ ਹੀ ਸਾਰੇ ਸਮੀਕਰਨ ਬਦਲਦੇ ਜਾਪ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਅਜੈਪਾਲ ਸਿੰਘ ਦੇ ਉਮੀਦਵਾਰ ਘੋਸ਼ਿਤ ਹੋਣ ਤੋਂ ਪਹਿਲਾਂ ਆਪ ਸਮਰਥਕਾਂ ਨੂੰ ਆਪ ਉਮੀਦਵਾਰ ਦੀ ਜਿੱਤ ਬਹੁਤ ਅਸਾਨ ਲੱਗ ਰਹੀ ਸੀ। ਉਹ ਹੁਣ ਕਾਫੀ ਮੁਸ਼ਕਿਲਾਂ ਵਿੱਚ ਪੈ ਗਈ ਹੈ। ਕੋਟਕਪੂਰਾ ਵਿਧਾਨਸਭਾ ਹਲਕੇ ਦੇ ਲੋਕਾਂ ਨੂੰ ਹੁਣ ਤੱਕ ਹਲਕੇ ਤੋਂ ਬਾਹਰੀ ਕਾਂਗਰਸੀ ਉਮੀਦਵਾਰ ਹੀ ਝੱਲਣਾ ਪੈਂਦਾ ਸੀ। ਇਸ ਤੋਂ ਪਹਿਲਾਂ ਫਰੀਦਕੋਟ ਨਿਵਾਸੀ ਉਪਿੰਦਰ ਸ਼ਰਮਾ, ਮੁਕਤਸਰ ਨਿਵਾਸੀ ਰਿਪਜੀਤ ਸਿੰਘ ਬਰਾੜ ਅਤੇ ਭਾਈ ਹਰਨਿਰਪਾਲ ਸਿੰਘ ਕੁੱਕੂ ਕੋਟਕਪੂਰਾ ਤੋਂ ਕਾਂਗਰਸ ਉਮੀਦਵਾਰ ਰਹੇ ਹਨ। 2017 ਵਿਧਾਨਸਭਾ ਚੋਣਾਂ ਮੌਕੇ ਵੀ ਸਰਦਾਰ ਅਜੈਪਾਲ ਸਿੰਘ ਸੰਧੂ ਕੋਟਕਪੂਰਾ ਤੋਂ ਕਾਂਗਰਸ ਟਿਕਟ ਦੇ ਮਜਬੂਤ ਦਾਅਵੇਦਾਰ ਦੇ ਰੂਪ ਵਿੱਚ ਸਾਹਮਣੇ ਆਏ ਸੀ ਪਰ ਅੰਤਿਮ ਸਮੇਂ ਟਿਕਟ ਮੁਕਤਸਰ ਨਿਵਾਸੀ ਭਾਈ ਹਰਨਿਰਪਾਲ ਸਿੰਘ ਕੁੱਕੂ ਨੂੰ ਦੇ ਦਿੱਤੀ ਗਈ। ਇਹ ਆਮ ਮੰਨਿਆ ਜਾਂਦਾ ਹੈ ਕਿ 2017 ਵਿੱਚ ਕਾਂਗਰਸ ਦੀ ਲਹਿਰ ਦੇ ਬਾਵਜੂਦ ਕੋਟਕਪੂਰਾ ਤੋਂ ਜਿੱਤ ਨਾ ਮਿਲਣ ਪਿੱਛੇ ਵੱਡਾ ਕਾਰਨ ਪੈਰਾਸ਼ੂਟ ਉਮੀਦਵਾਰ ਸੀ। ਜਿਸਦੇ ਚਲਦੇ ਕਾਂਗਰਸੀ ਵੋਟਾਂ "ਆਪ" ਨੂੰ ਭੁਗਤੀਆਂ।
ਅਜੈਪਾਲ ਸਿੰਘ ਸੰਧੂ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਪੀੜੀ ਦਰ ਪੀੜੀ ਕਾਂਗਰਸ ਨਾਲ ਜੁੜੇ ਹੋਏ ਹਨ ਤੇ ਇਨ੍ਹਾਂ ਦੇ ਪਰਿਵਾਰ ਦੀ ਕਾਂਗਰਸ ਪ੍ਰਤੀ ਵਫਾਦਾਰੀ ‘ਤੇ ਜਰਾ ਜਿੰਨਾ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਅਜੈਪਾਲ ਸੰਧੂ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਨੇੜਲੇ ਰਿਸ਼ਤੇਦਾਰ ਹਨ। ਸੰਧੂ ਪਰਿਵਾਰ ਦੀ ਇਮਾਨਦਾਰੀ ਦੀਆਂ ਹੁਣ ਤੱਕ ਇਲਾਕੇ ਦੇ ਲੋਕ ਮਿਸਾਲਾਂ ਦਿੰਦੇ ਹਨ। ਜਨਵਰੀ 2019 ਵਿੱਚ ਇਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿਲਾ ਫਰੀਦਕੋਟ ਦਾ ਪ੍ਰਧਾਨ ਵੀ ਬਣਾਇਆ ਗਿਆ ਸੀ। ਇਨ੍ਹਾਂ ਦੇ ਭਰਾ ਸੁਖਬੀਰ ਸਿੰਘ ਸੰਧੂ ਸ਼ਹਿਰ ਦੇ ਮੂਹਰਲੀ ਕਤਾਰ ਦੇ ਸਮਾਜਸੇਵੀਆਂ ਵਿਚੋਂ ਇਕ ਮੰਨੇ ਜਾਂਦੇ ਹਨ।
ਅਜੈਪਾਲ ਸਿੰਘ ਸੰਧੂ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ, ਸੁੱਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁਖਮੰਤਰੀ ਚਰਨਜੀਤ ਸਿੰਘ ਚੰਨੀ, ਚੋਣ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਅਤੇ ਹੋਰ ਪਾਰਟੀ ਹਾਈਕਮਾਂਡ ਸਮੇਤ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਚੇਅਰਮੈਨ ਮਾਰਕਫੈਡ ਅਤੇ ਵਿਧਾਇਕ ਹਲਕਾ ਫਰੀਦਕੋਟ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਨਾਲ ਹੀ ਪਾਰਟੀ ਦੀ ਮਜਬੂਤੀ ਲਈ ਪਹਿਲਾਂ ਦੀ ਤਰਾਂ ਤਤਪਰ ਰਹਿਣਗੇ।