ਮਜੀਠੀਆ 'ਤੇ ਹਰਸਿਮਰਤ ਦਾ ਵੱਡਾ ਬਿਆਨ: ਕਿਹਾ- ਭਰਾ ਨੇ ਸੂਈ ਦੇ ਨੱਕੇ ਜਿੰਨਾ ਵੀ ਨਸ਼ਾ ਵੇਚਿਆ ਜਾਂ ਤਸਕਰੀ ਕੀਤੀ ਤਾਂ ਉਸ ਦਾ ਕੁਝ ਨਾ ਬਚੇ
ਦੀਪਕ ਗਰਗ
ਚੰਡੀਗੜ੍ਹ 26 ਜਨਵਰੀ 2022
ਡਰੱਗਜ਼ ਮਾਮਲੇ 'ਚ ਘਿਰੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਭੈਣ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਭਾਵੁਕ ਹੋਈ ਹਰਸਿਮਰਤ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੇ ਭਰਾ ਨੂੰ ਫਸਾਇਆ ਹੈ, ਹੁਣ ਉਨ੍ਹਾਂ ਨੂੰ ਰੱਬ ਤੋਂ ਇਨਸਾਫ ਦੀ ਉਮੀਦ ਬਾਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮਜੀਠੀਆ ਦੇ ਨਾਂ 'ਤੇ ਰਾਜਨੀਤੀ ਕਰਨ ਵਾਲਿਆਂ ਨੂੰ ਵੀ ਕੋਸਿਆ।
ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਭੈਣ ਹੈ। ਹਰਸਿਮਰਤ ਨੇ ਕਿਹਾ ਕਿ ਪੰਜਾਬ ਦੀਆਂ ਕਈ ਮਾਵਾਂ ਨਸ਼ਿਆਂ ਕਾਰਨ ਆਪਣੇ ਬੱਚੇ ਗੁਆ ਚੁੱਕੀਆਂ ਹਨ, ਭੈਣਾਂ ਆਪਣੇ ਭਰਾ ਗਵਾ ਚੁੱਕੀਆਂ ਹਨ। ਮੈਨੂੰ ਆਪਣੇ ਭਰਾ ਤੇ ਮਾਨ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਅਤੇ ਬਿਕਰਮ ਦੇ ਵੀ ਬੱਚੇ ਹਨ। ਜਦੋਂ ਕਿਸੇ ਦੀ ਨਸ਼ੇ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮਾਂ ਜਾਂ ਭੈਣ ਤੇ ਕੀ ਬੀਤਦੀ ਹੈ, ਉਹ ਬਹੁਤ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੀ ਹੈ।
ਹਰਸਿਮਰਤ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਨੂੰ ਦੇਖਦਿਆਂ ਉਹ ਅਰਦਾਸ ਕਰਦੀ ਹੈ ਕਿ ਜੇਕਰ ਉਸ ਦੇ ਭਰਾ ਨੇ ਸੂਈ ਦੇ ਨੱਕੇ ਜਿੰਨਾ ਵੀ ਨਸ਼ਾ ਵੇਚਿਆ ਜਾਂ ਤਸਕਰੀ ਕੀਤੀ ਹੈ ਤਾਂ ਉਸ ਕੋਲ ਕੁਝ ਵੀ ਨਾ ਰਹੇ। ਨਾਲ ਹੀ ਕਿਹਾ ਕਿ ਜੇਕਰ ਕਿਸੇ ਨੇ ਉਨ੍ਹਾਂ ਦਾ ਨਾਂ ਲੈ ਕੇ ਰਾਜਨੀਤੀ ਕੀਤੀ ਹੈ ਤਾਂ ਉਸ 'ਤੇ ਰੱਬ ਦਾ ਕਹਿਰ ਟੁੱਟਣਾ ਚਾਹੀਦਾ ਹੈ।
ਇਸ 'ਤੇ ਹਰਸਿਮਰਤ ਬਾਦਲ ਨੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ 'ਚ ਸੱਤਾਧਾਰੀ ਪਾਰਟੀ ਨੇ ਸਿਰਫ ਨਸ਼ਿਆਂ ਅਤੇ ਬੇਅਦਬੀ ਦੇ ਨਾਂ 'ਤੇ ਰਾਜਨੀਤੀ ਕੀਤੀ ਹੈ। ਕਾਂਗਰਸ ਨੇ ਸਿਧਾਰਥ ਚਟੋਪਾਧਿਆਏ ਨੂੰ ਕੁਝ ਦਿਨਾਂ ਲਈ ਡੀਜੀਪੀ ਨਿਯੁਕਤ ਕਰਕੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਹੈ। ਬਿਕਰਮ ਨੂੰ ਫਸਾਇਆ ਗਿਆ ਹੈ। ਪਰ ਹੁਣ ਉਨ੍ਹਾਂ ਨੂੰ ਸਿਰਫ਼ ਰੱਬ 'ਤੇ ਹੀ ਭਰੋਸਾ ਹੈ।