ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਟਿਕਟ ਮਿਲਣ 'ਤੇ ਹੋਣ ਲੱਗਿਆ ਕਾਂਗਰਸ 'ਚ ਵਿਰੋਧ
ਦੀਪਕ ਜੈਨ
ਜਗਰਾਓਂ, 26 ਜਨਵਰੀ 2022 - ਕਾਂਗਰਸ ਨੇ ਭਾਵੇਂ ਆਮ ਆਦਮੀ ਪਾਰਟੀ ਵਿੱਚੋ ਬਦਲਕੇ ਕਾਂਗਰਸ ਵਿਚ ਸ਼ਾਮਲ ਹੋਏ ਰਾਇਕੋਟ ਤੋਂ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਨੂੰ ਟਿਕਟ ਤਾਂ ਜਾਰੀ ਕਰ ਦਿੱਤੀ ਪਰ ਆਲਾਕਮਾਨ ਨੇ ਟਿਕਟ ਦੇ ਦੂਸਰੇ ਚਾਹਵਾਨ ਮਲਕੀਤ ਸਿੰਘ ਦਾਖਾ , ਗੇਜਾ ਰਾਮ ,ਅਵਤਾਰ ਸਿੰਘ ਚੀਮਨਾ ਅਤੇ ਬੀਬੀ ਗੁਰਕੀਰਤ ਕੌਰ ਨੂੰ ਭਰੋਸੇ ਵਿਚ ਨਹੀਂ ਲਿਆ ਅਤੇ ਇਸ ਗੱਲ ਦਾ ਪੁਰਾਣੇ ਟਕਸਾਲੀ ਕਾਂਗਰਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਅੱਜ ਮਲਕੀਤ ਸਿੰਘ ਦਾਖਾ ਸਾਬਕਾ ਰਾਜ ਮੰਤਰੀ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਇਹ ਬਿਆਨ ਜਾਰੀ ਕੀਤਾ ਕਿ ਓਨਾ ਨੂੰ ਜਗਤਾਰ ਸਿੰਘ ਜੱਗਾ ਉਮੀਦਵਾਰ ਮੰਜੂਰ ਨਹੀਂ ਹੈ ਅਤੇ ਉਹ ਕਲ ਨੂੰ ਕਾਂਗਰਸ ਦਫਤਰ ਵਿਚ ਮੀਟਿੰਗ ਬੁਲਾਕੇ ਇਸ ਉਪਰ ਰੋਸ ਪ੍ਰਗਟ ਕਰਦਿਆਂ ਅਗਲੀ ਰਣਨੀਤੀ ਬਣਾਉਣਗੇ।
ਦੂਜੇ ਪਾਸੇ ਅਵਤਾਰ ਸਿੰਘ ਚੀਮਨਾ ਨੇ ਕਿਹਾ ਕਿ ਜੇਕਰ ਪਾਰਟੀ ਉਸਨੂੰ ਟਿਕਟ ਨਹੀਂ ਦੇਵੇਗੀ ਤਾਂ ਉਹ ਪਾਰਟੀ ਤੋਂ ਵਿਮੁੱਖ ਹੋਕੇ ਅਜਾਦ ਚੌਣ ਲੜਨਗੇ। ਤੀਜੇ ਟਿਕਟ ਦੇ ਚਾਹਵਾਨ ਵਾਲਮੀਕਿ ਸਮਾਜ ਨਾਲ ਸੰਬੰਧਿਤ ਅਤੇ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਵੀ ਇਸ ਗੱਲ ਦਾ ਵਿਰੋਧ ਪ੍ਰਗਟ ਕਰਦਿਆਂ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਇਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਾਲਮੀਕਿ ਸਮਾਜ ਨਾਲ ਧ੍ਰੋਹ ਕੀਤਾ ਹੈ ਅਤੇ ਪੰਜਾਬ ਵਿਚ ਕਿਤੇ ਵੀ ਵਾਲਮੀਕਿ ਭਾਈਚਾਰੇ ਨੂੰ ਟਿਕਟ ਨਹੀਂ ਜਾਰੀ ਕੀਤੀ।
ਗੇਜਾ ਰਾਮ ਨੇ ਕਿਹਾ ਕਿ ਸਰਕਾਰ ਨੇ ਜਦੋ ਰਾਜ ਕੁਮਾਰ ਵੇਰਕਾ ਨੂੰ ਮੰਤਰੀ ਨਹੀਂ ਸੀ ਬਣਾਇਆ ਤਾਂ ਵਾਲਮੀਕਿ ਭਾਈਚਾਰੇ ਨੇ ਇਸ ਉੱਪਰ ਰੋਸ ਪ੍ਰਗਟ ਕੀਤਾ ਸੀ ਪਰ ਉਸ ਰਾਜ ਕੁਮਾਰ ਵੇਰਕਾ ਨੇ ਹੀ ਆਪਣੇ ਭਾਈਚਾਰੇ ਦੀਆਂ ਟਿਕਟਾਂ ਕੱਟਕੇ ਗਲਤ ਕੀਤਾ ਹੈ। ਓਨਾ ਵਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਉਹ ਆਪਣੇ ਹਿਮਾਇਤੀਆਂ ਨਾਲ ਕਲ ਆਪਣੇ ਗ੍ਰਹਿ ਵਿਖੇ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਉਣਗੇ।