ਕਿਸਾਨਾਂ,ਮਜਦੂਰਾਂ,ਬੀਬੀਆਂ ਦਾ 1 ਲੱਖ ਤੋਂ ਵੱਧ ਇਕੱਠ, ਇਤਿਹਾਸਕ ਹੋਈ ਮਹਾਂ ਰੈਲੀ
- ਕਿਸਾਨਾਂ,ਮਜਦੂਰਾਂ,ਬੀਬੀਆਂ ਦਾ 1 ਲੱਖ ਤੋਂ ਵੱਧ ਇਕੱਠ ਇਤਿਹਾਸਕ ਮਹਾਂ ਰੈਲੀ ਵਿੱਚ ਪੁੱਜਾ ਤੇ ਕੁਦਰਤ ਮੁਖੀ ਤੇ ਲੋਕ ਪੱਖੀ ਰਾਜ ਲਿਆ ਕੇ ਦੇਸ਼ ਦੇ ਸਾਰੇ ਕਿਸਾਨਾਂ ਮਜਦੂਰਾਂ ਵਿੱਚ ਬਰਾਬਰ ਜ਼ਮੀਨ ਦੀ ਵੰਡ ਕਰਨ ਦਾ ਕੀਤਾ ਐਲਾਨ
- ਦਿੱਲੀ ਮੋਰਚੇ ਦੌਰਾਨ ਭਾਜਪਾ ਦੇ ਗੁੰਡਿਆ ਵੱਲੋ ਕੀਤੇ ਹਮਲੇ ਵਿਰੁੱਧ 29 ਜਨਵਰੀ ਨੂੰ ਪੰਜਾਬ ਭਰ ਵਿੱਚ ਫੂਕੇ ਜਾਣਗੇ ਪੁਤਲੇ
ਦੀਪਕ ਗਰਗ
ਚੰਡੀਗੜ੍ਹ 26 ਜਨਵਰੀ 2022 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਕਾਰਪੋਰੇਟ ਪੱਖੀ ਸਾਮਰਾਜੀ ਰਾਜ ਪ੍ਰਬੰਧ ਦੇ ਵਿਰੁੱਧ ਜੰਡਿਆਲਾ ਗੁਰੂ (ਅੰਮ੍ਰਿਤਸਰ) ਦੀ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਕੁਦਰਤ ਤੇ ਲੋਕ ਪੱਖੀ ਬਦਲ ਉਸਾਰੋ ਇਤਿਹਾਸਕ ਮਹਾਂ ਰੈਲੀ ਵਿੱਚ ਪੰਜਾਬ,ਹਰਿਆਣਾ ਤੇ ਯੂਪੀ ਤੋਂ 1 ਲੱਖ ਤੋਂ ਵੱਧ ਕਿਸਾਨਾਂ, ਮਜਦੂਰਾਂ,ਬੀਬੀਆਂ ਤੇ ਨੌਜਵਾਨਾਂ ਵੱਲੋ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। 26 ਜਨਵਰੀ 2021 ਨੂੰ ਪੁਲਿਸ ਨਾਲ ਝੜਪ ਅਤੇ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਨਵਰੀਤ ਸਿੰਘ ਡਿਬਡਿਬਾ ਸਮੇਤ 750 ਦੇ ਕਰੀਬ ਕਿਸਾਨਾਂ ਮਜਦੂਰਾਂ ਤੇ ਦੇਸ਼ ਦੁਨੀਆਂ ਭਰ ਦੀਆਂ ਲੋਕ ਲਹਿਰਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।
ਰੈਲੀ ਵਿੱਚ 30 ਹਜ਼ਾਰ ਤੋਂ ਉੱਪਰ ਬੀਬੀਆਂ ਦਾ ਇਕੱਠ ਵੱਖਰਾ ਰੌਂਅ ਪੇਸ਼ ਕਰ ਰਿਹਾ ਸੀ।ਜੁਝਾਰੂ ਜਨਤਾ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ,ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਐਲਾਨ ਕੀਤਾ ਕਿ ਦੇਸ਼ ਵਿੱਚ ਨਿੱਜੀਕਰਨ,ਉਦਾਰੀਕਰਨ, ਸੰਸਾਰੀਕਰਨ ਦੀਆਂ ਕਾਰਪੋਰੇਟ ਪੱਖੀ ਸਾਮਰਾਜੀ ਨੀਤੀਆਂ ਲਾਗੂ ਕਰਨ ਵਾਲੇ ਭਾਰਤੀ ਰਾਜ ਪ੍ਰਬੰਧ ਨੂੰ ਵੱਡੀ ਲੋਕ ਲਹਿਰ ਨਾਲ ਜੜ੍ਹਾਂ ਤੋਂ ਪੁੱਟ ਕੇ ਕੁਦਰਤ ਤੇ ਲੋਕ ਪੱਖੀ ਰਾਜ ਲਿਆ ਕੇ ਬੇਜ਼ਮੀਨੇ ਤੇ ਥੁੜਜਮੀ ਨੇ ਕਿਸਾਨਾਂ, ਮਜਦੂਰਾਂ ਤੇ ਹੋਰ ਦੱਬੇ ਕੁਚਲੇ ਤਬਕਿਆਂ ਵਿੱਚ ਬਰਾਬਰ ਜ਼ਮੀਨ ਦੀ ਸਾਂ ਵੀ ਵੰਡ ਕਰ ਦਿੱਤੀ ਜਾਵੇਗੀ।
ਮੌਜੂਦਾ ਸਮੇਂ ਦੇ ਕਾਰਪੋਰੇਟ ਪੱਖੀ ਅਡਾਨੀਆਂ,ਅੰਬਾਨੀਆ,ਟਾਟਾ, ਬਿਰਲਿਆਂ ਆਦਿ ਰਾਸ਼ਟਰੀ ਬਹੁ ਰਾਸ਼ਟਰੀ ਕੰਪਨੀਆਂ,ਜਗੀਰਦਾਰਾਂ, ਰਾਜਿਆਂ ਮਹਂਰਾਜਿਆਂ,ਵੋਟ ਬਟੋਰੂ ਲੁਟੇਰੇ ਹਾਕਮਾਂ,ਵੱਡੀ ਅਫ਼ਸਰਸ਼ਾਹੀ ਤੇ ਮਾਫ਼ੀਆ ਗਰੁੱਪਾਂ ਦੁਆਰਾ ਬਣਾਈਆਂ ਜਾਇਦਾਦਾਂ ਜ਼ਬਤ ਕਰਕੇ ਸਰਕਾਰੀ ਜਾਇਦਾਦ ਐਲਾਨੀ ਜਾਵੇਗੀ।ਕਿਸਾਨ ਆਗੂ ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ,ਹਰਪ੍ਰੀਤ ਸਿੰਘ ਸਿੱਧਵਾਂ ਨੇ ਐਲਾਨ ਕੀਤਾ ਕਿ 29 ਜਨਵਰੀ 2021 ਨੂੰ ਭਾਜਪਾ ਤੇ ਆਰ.ਐਸ.ਐਸ. ਦੇ ਗੁੰਡਿਆ ਵੱਲੋ ਪੁਲਿਸ ਦੀ ਮਿਲੀਭੁਗਤ ਨਾਲ ਜਥੇਬੰਦੀ ਦੀ ਦਿੱਲੀ ਮੋਰਚੇ ਦੀ ਸਟੇਜ ਉਖਾੜਨ ਲਈ ਕੀਤੇ ਹਮਲੇ ਵਿਰੁੱਧ 29 ਜਨਵਰੀ ਨੂੰ ਪੰਜਾਬ ਭਰ ਵਿੱਚ ਜਿਲ੍ਹਾ,ਜੋਨ ਤੇ ਪਿੰਡ ਪੱਧਰੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਮੰਗ ਕੀਤੀ ਜਾਵੇਗੀ ਕਿ ਵੀਡਿਓ ਵਿੱਚ ਦਿਸ ਰਹੇ ਪ੍ਰਦੀਪ ਖੱਤਰੀ,ਅਮਨ ਡਬਾਸ ਸਮੇਤ ਸਾਰੇ ਦੋਸ਼ੀਆਂ ਉੱਤੇ ਪਰਚਾ ਦਰਜ ਕਰਕੇ ਗਿਰਫ਼ਤਾਰ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਕਿਸਾਨਾਂ ਮਜਦੂਰਾਂ ਦੇ ਰਾਜ ਵਿੱਚ ਕਿਰਤ ਤੇ ਕੁਦਰਤ ਪੱਖੀ ਖੇਤੀ ਨੀਤੀ ਬਣਾ ਕੇ ਖੇਤੀ ਅਧਾਰਿਤ ਲਘੂ ਉਦਯੋਗ ਪਿੰਡਾ ਵਿੱਚ ਸਥਾਪਿਤ ਕੀਤੇ ਜਾਣਗੇ,ਜੋ ਪ੍ਰਦੂਸ਼ਣ ਮੁਕਤ ਹੋਣਗੇ।ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਮੁਫ਼ਤ ਵਿੱਦਿਆ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਹੋਵੇਗਾ,ਵਿੱਦਿਆ ਰੁਜ਼ਗਾਰ ਮੁਖੀ ਹੋਵੇਗੀ।ਕੁਦਰਤੀ ਨਿਯਮਾਂ ਅਨੁਸਾਰ ਜੰਗਲ ਲਗਾਉਣ,ਜੀਵ ਜੰਤੂਆਂ ਦੀ ਸੰਭਾਲ ਤੇ ਦਰਿਆਈ ਪਾਣੀਆਂ ਨੂੰ ਸ਼ੁੱਧ ਕਰਕੇ ਖੇਤਾਂ ਲਈ ਵਰਤਣ, ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਨੂੰ ਪੂਰਾ ਕਰਨ ਦੀ ਗਰੰਟੀ ਕੀਤੀ ਜਾਵੇਗੀ ਤੇ ਇਨ੍ਹਾਂ ਸਾਰੇ ਅਦਾਰਿਆ ਦੇ ਪ੍ਰਬੰਧ ਚੁਣੀਆਂ ਹੋਈਆਂ ਲੋਕ ਕਮੇਟੀਆਂ ਕਰਨਗੀਆ।ਸਾਮਰਾਜੀ ਮੁਲਕਾਂ ਦੇ ਦਾਬੇ ਹੇਠ ਨਾਂ ਆ ਕੇ ਆਪਣੇ ਸਾਰੇ ਗਵਾਂਢੀ ਮੁਲਕਾਂ ਨਾਲ ਚੰਗੇ ਸਬੰਧ ਕਾਇਮ ਕਰਨ ਤੇ ਸਰਹੱਦਾਂ ਖੋਲਣ,ਲੋਕਾਂ ਨੂੰ ਆਉਣ ਜਾਣ,ਵਪਾਰ ਕਰਨ,ਧਾਰਮਿਕ ਸਥਾਨਾਂ ਤੇ ਹੋਰ ਸੈਰ ਸਪਾਟੇ ਕਰਨ ਦੀ ਖੁੱਲ ਹੋਵੇਗੀ।
ਲੋਕ ਪੱਖੀ ਪ੍ਰਬੰਧ ਵਿੱਚ ਸੂਬਿਆਂ ਨੂੰ ਅੰਦਰੂਨੀ ਖੁਦ ਮੁਖਤਿਆਰੀ ਦੇਣ,ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਸਾਰੇ ਸਿੱਖਿਆ ਵਿਸ਼ੇ ਮਾਤ ਭਾਸ਼ਾਵਾਂ ਵਿੱਚ ਦੇਣ ਅਤੇ ਧਰਮ ਨਿਰਪੱਖਤਾ ਉੱਤੇ ਪੂਰਾ ਪਹਿਰਾ ਦਿੱਤਾ ਜਾਵੇਗਾ।ਇਸ ਰਾਜ ਵਿੱਚ ਲੋਕਾਂ ਨੂੰ ਆਪਣੇ ਨੁਮਾਇੰਦੇ ਚੁਣਨ ਤੇ ਲੋੜ ਪੈਣ ਤੇ ਉਨ੍ਹਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਹੋਵੇਗਾ,ਹੇਠਲੇ ਤੋ ਉੱਪਰਲੇ ਅਦਾਰੇ ਤੱਕ ਇਹ ਨਿਯਮ ਲਾਗੂ ਹੋਵੇਗਾ।ਇਸ ਮੌਕੇ ਗੁਰਲਾਲ ਸਿੰਘ ਪੰਡੋਰੀ, ਰਣਜੀਤ ਸਿੰਘ ਕਲੇਰਬਾਲਾ, ਕਮਲਜੀਤ ਕੌਰ ਹੁਸ਼ਿਆਰਪੁਰ, ਰਣਜੀਤ ਕੌਰ ਤਰਨਤਾਰਨ,ਦਵਿੰਦਰ ਕੌਰ ਗੁਰਦਾਸਪੁਰ,ਸਰਬਜੀਤ ਕੌਰ ਫਿਰੋਜ਼ਪੁਰ,ਜੋਗਿੰਦਰ ਕੌਰ ਫਾਜ਼ਿਲਕਾ,ਸਤਨਾਮ ਸਿੰਘ ਮਾਨੋਚਾਹਲ,ਰਾਣਾ ਰਣਬੀਰ ਸਿੰਘ ਨੇ ਵੀ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ।