ਆਪਣੇ ਘਰ ’ਚ ਹੋਈ ਚੋਰੀ ਦੀ ਘਟਨਾ ਦਾ ਇਨਸਾਫ ਲੈਣ ਲਈ ਜ਼ਲੀਲ ਹੋ ਰਿਹੈ ਬਜ਼ੁਰਗ ਐੱਨਆਰਆਈ
ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 27 ਜਨਵਰੀ 2022- ਪਿੰਡ ਬੀੜ ਸਿੱਖਾਂਵਾਲਾ ਦੇ ਬਜ਼ੁਰਗ ਐੱਨਆਰਆਈ ਅਵਤਾਰ ਸਿੰਘ ਬਰਾੜ ਨੂੰ ਕਰੀਬ 5 ਮਹੀਨੇ ਪਹਿਲਾਂ ਆਪਣੇ ਘਰ ਵਿੱਚ ਵਾਪਰੀ ਚੋਰੀ ਦੀ ਘਟਨਾ ਦਾ ਇਨਸਾਫ ਲੈਣ ਲਈ ਪੁਲਿਸ ਥਾਣਿਆਂ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਜਲੀਲ ਹੋਣਾ ਪੈ ਰਿਹਾ ਹੈ। ਸ਼ਿਕਾਇਤ ਕਰਤਾ ਅਵਤਾਰ ਸਿੰਘ ਬਰਾੜ ਪੁੱਤਰ ਜੋਗਿੰਦਰ ਸਿੰਘ ਮੁਤਾਬਿਕ ਉਸ ਦੇ ਘਰ 17 ਅਤੇ 18 ਅਗਸਤ 2021 ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਘਰ ਦੀਆਂ ਖਿੜਕੀਆਂ ਤੋੜ ਕੇ ਏ.ਸੀ. ਦਾ ਆਊਟਲੈੱਟ, ਦੋ ਗੈਸ ਸਿਲੰਡਰ, ਟੀ.ਵੀ. ਦਾ ਰਸੀਵਰ, ਦੋ ਮੋਬਾਇਲ ਫੋਨ ਅਤੇ ਹੋਰ ਜ਼ਰੂਰੀ ਸਮਾਨ ਚੋਰੀ ਕਰ ਲਿਆ।
ਇਸ ਸਬੰਧੀ ਮੁਦੱਈ ਦੀ ਜ਼ਮੀਨ ਠੇਕੇ ’ਤੇ ਬੀਜਣ ਵਾਲੇ ਗੁਰਪ੍ਰੀਤ ਸਿੰਘ ਢਿੱਲੋਂ ਪੁੱਤਰ ਜਲੌਰ ਸਿੰਘ ਵਾਸੀ ਕੋਠੇ ਇੰਦਰ ਸਿੰਘ (ਦੇਵੀਵਾਲਾ) ਨੇ ਇਕ ਦਰਖਾਸਤ ਸਥਾਨਕ ਸਦਰ ਥਾਣੇ ਦੇ ਐਸਐਚਓ ਨੂੰ ਸੋਂਪੀ, ਜਿਸ ’ਤੇ ਕੋਈ ਅਸਰ ਨਾ ਹੋਇਆ ਤਾਂ ਉਸਨੂੰ ਖੁਦ ਸਰੀ (ਕੈਨੇਡਾ) ਤੋਂ ਆ ਕੇ ਐਸਐਸਪੀ ਫਰੀਦਕੋਟ ਨੂੰ ਲਿਖਤੀ ਸ਼ਿਕਾਇਤ ਕਰਨੀ ਪਈ। ਸ਼ਿਕਾਇਤ ਕਰਤਾ ਮੁਤਾਬਿਕ ਥਾਣਾ ਸਦਰ ਕੋਟਕਪੂਰਾ ਦੇ ਏਐੱਸਆਈ ਹਾਕਮ ਸਿੰਘ ਦਾ ਇਕ ਵਾਰ ਫੋਨ ਆਇਆ ਪਰ ਉਸ ਤੋਂ ਬਾਅਦ ਵੀ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਲਾਕਾ ਵਾਸੀਆਂ ਮੁਤਾਬਿਕ ਅਵਤਾਰ ਸਿੰਘ ਬਰਾੜ ਇਕ ਸਮਾਜਸੇਵੀ ਇਨਸਾਨ ਹੈ ਤੇ ਜੇਕਰ ਅਜਿਹੇ ਸਮਾਜਸੇਵਕ ਦੀ ਪੁਲਿਸ ਪ੍ਰਸ਼ਾਸ਼ਨ ਸੁਣਵਾਈ ਨਹੀਂ ਕਰਦਾ ਤਾਂ ਇਸ ਨੂੰ ਨਿੰਦਣਯੋਗ, ਦੁਖਦਾਇਕ, ਅਫਸੋਸਨਾਕ ਹੀ ਨਹੀਂ ਬਲਕਿ ਸ਼ਰਮਨਾਕ ਮੰਨਿਆ ਜਾਵੇਗਾ। ਤਫਤੀਸ਼ੀ ਅਫਸਰ ਏਐਸਆਈ ਹਾਕਮ ਸਿੰਘ ਮੁਤਾਬਿਕ ਉਹ ਅੱਜ ਹੀ ਸ਼ਿਕਾਇਤ ਕਰਤਾ ਨੂੰ ਮਿਲ ਕੇ, ਉਸਦੇ ਬਿਆਨ ਕਲਮਬੰਦ ਕਰਕੇ ਅਗਲੇਰੀ ਕਾਰਵਾਈ ਕਰੇਗਾ।