ਭਾਜਪਾ ਕੈਪਟਨ ਜੱਫੀ: ਅਸੀਂ ਅੱਲੜ੍ਹਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ
ਅਸ਼ੋਕ ਵਰਮਾ
ਬਠਿੰਡਾ, 27 ਜਨਵਰੀ 2022:ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਰਤੀ ਜੰਤਾ ਪਾਰਟੀ ਵਿਚਕਾਰ ਹੋਇਆ ਗੱਠਜੋੜ ਜਮੀਨੀ ਪੱਧਰ ਤੇ ਸਾਰਥਿਕ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਖਾਸ ਤੌਰ ਤੇ ਦੋਵਾਂ ਪਾਰਟੀਆਂ ਵਿਚਲੇ ਸੱਭਿਆਚਾਰਕ ਵਖਰੇਵਿਆਂ ਕਾਰਨ ਸ਼ਹਿਰੀ ਹਲਕੇ ’ਚ ਚੋਣ ਪ੍ਰਚਾਰ ਦੌਰਾਨ ਦਿੱਕਤਾਂ ਆ ਰਹੀਆਂ ਹਨ ਜੋ ਗੱਠਜੋੜ ਲਈ ਸ਼ੁਭ ਸੰਕੇਤ ਨਹੀਂ ਹਨ। ਪਿਛਲੇ ਦਿਨੀ ਸ਼ਹਿਰ ਦੇ ਇੱਕ ਨਾਮੀ ਹੋਟਲ ’ਚ ਦੋਵਾਂ ਪਾਰਟੀਆਂ ਵਿਚਕਾਰ ਹੋਈ ਮੀਟਿੰਗ ਉਪਰੰਤ ਏਕੇ ਦਾ ਚਿਹਰਾ ਮੋਹਰਾ ਪੇਸ਼ ਕਰਨ ਦੇ ਬਾਵਜੂਦ ਭਾਜਪਾ ਆਗੂਆਂ ’ਚ ਗਠਜੋੜ ਉਮੀਦਵਾਰ ਰਾਜ ਨੰਬਰਦਾਰ ਪ੍ਰਤੀ ਓਪਰਾਪਣ ਖਤਮ ਨਹੀਂ ਹੋ ਰਿਹਾ ਹੈ। ਭਾਵੇਂ ਭਾਜਪਾ ਆਗੂ ਹਾਈਕਮਾਂਡ ਦੇ ਆਦੇਸ਼ਾਂ ਨਾਲ ਬੱਝੇ ਕੁੱਝ ਵੀ ਕਹਿਣ ਪਰ ਮਨਾਂ ’ਚ ਆਪਣੇ ਤੌਰ ਤੇ ਚੋਣ ਨਾਂ ਲੜ ਸਕਣ ਦਾ ਮਲਾਲ ਬਣਿਆ ਹੋਇਆ ਹੈ।
ਹਾਲਾਂਕਿ ਰਾਜ ਨੰਬਰਦਾਰ ਦਾ ਬਠਿੰਡਾ ਹਲਕੇ ਨਾਲ ਸਿਰੇ ਦਾ ਵਾਹ ਵਾਸਤਾ ਰਿਹਾ ਹੈ ਫਿਰ ਵੀ ਜੋਰ ਲਾਉਣ ਦੇ ਬਾਵਜੂਦ ਸ਼ੁਰੂਆਤੀ ਪ੍ਰਚਾਰ ਦੌਰਾਨ ਮਿਲ ਰਿਹਾ ਮੱਠਾ ਹੁੰਗਾਰਾ ਉਮੀਦਵਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਭਾਰਤੀ ਜੰਤਾ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਭਾਈਵਾਲੀ ਤਹਿਤ ਹਰ ਤਰਾਂ ਦੀਆਂ ਚੋਣਾਂ ਲੜਕੇ ਸੱਤਾ ਦਾ ਅਨੰਦ ਮਾਣਦੀ ਆ ਰਹੀ ਸੀ। ਇਸ ਦੇ ਬਾਵਜੂਦ ਭਗਵਾ ਪਾਰਟੀ ’ਚ ਭਾਰੂ ਵਿਸਥਾਰਵਾਦੀ ਨੀਤੀਆਂ ਕਰਕੇ ਗਾਹੇ ਬਗਾਹੇ ਦੋਵਾਂ ਭਾਈਵਾਲਾਂ ਵਿਚਕਾਰ ਅੰਦਰੂਨੀ ਠੰਢੀ ਜੰਗ ਭੜਕਦੀ ਰਹਿੰਦੀ ਸੀ। ਭਾਜਪਾ ਲੀਡਰ ਜਨਤਕ ਤੌਰ ਤੇ ਕੁੱਝ ਕਹਿਣ ਤੋਂ ਬੇਸ਼ੱਕ ਗੁਰੇਜ਼ ਕਰਦੇ ਸਨ ਪਰ ਅੰਦੋ ਅੰਦਰੀ ਸ਼ਹਿਰੀ ਹਲਕਿਆਂ ਤੇ ਹੱਕ ਜਤਾਇਆ ਜਾਂਦਾ ਰਿਹਾ ਹੈ।
ਖਾਸ ਤੌਰ ਤੇ ਬਠਿੰਡਾ ਅਤੇ ਬਰਨਾਲਾ ਸਮੇਤ ਦੋ ਤਿੰਨ ਹੋਰ ਸ਼ਹਿਰੀ ਹਲਕੇ ਅਜਿਹੇ ਸਨ ਜਿੰਨ੍ਹਾਂ ਤੇ ਭਾਜਪਾ ਦੀ ਅੱਖ ਟਿਕੀ ਹੋਈ ਸੀ ਪਰ ਗੱਠਜੋੜ ਕਾਰਨ ਲੀਡਰ ਮਨਮਸੋਸ ਕੇ ਰਹਿ ਜਾਂਦੇ ਸਨ। ਨਰਿੰਦਰ ਮੋਦੀ ਵੱਲੋਂ ਕੇਂਦਰ ’ਚ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ’ਚ ਭਾਜਪਾ ਨੂੰ ਖੰਭ ਤਾਂ ਲੱਗੇ ਹੋਏ ਸਨ ਪਰ ਦੋਵਾਂ ਧਿਰਾਂ ਚੋਂ ਭਾਈਵਾਲੀ ਤੋੜਨ ਲੲਂ ਕੋਈ ਵੀ ਪਹਿਲ ਨਹੀਂ ਕਰ ਰਿਹਾ ਸੀ। ਇਸੇ ਦੌਰਾਨ ਮੋਦੀ ਸਰਕਾਰ ਤਿੰਨ ਨਵੇਂ ਖੇਤੀ ਕਾਨੂੰਨ ਲੈ ਆਈ ਜਿੰਨ੍ਹਾਂ ਦੇ ਲੰਮਾਂ ਸਮਾਂ ਅਕਾਲੀ ਦਲ ਸੋਹਲੇ ਗਾਉਂਦਾ ਰਿਹਾ ਪਰ ਕਿਸਾਨ ਧਿਰਾਂ ਦੇ ਵਧੇ ਦਬਾਅ ਤੋਂ ਬਾਅਦ ਪੰਜਾਬ ’ਚ ਸਿਆਸੀ ਨਫੇ ਨੁਕਸਾਨ ਨੂੰ ਦੇਖਦਿਆਂ ਅੰਤ ਨੂੰ ਭਾਜਪਾ ਨਾਲੋਂ ਗੱਠਜੋੜ ਤੋੜ ਦਿੱਤਾ।
ਅਕਾਲੀ ਦਲ ਦੇ ਅਲੱਗ ਹੋਣ ਤੋਂ ਬਾਅਦ ਹਾਲਾਤ ਕਿੰਨੇ ਵੀ ਔਖੇ ਰਹੇ ਹੋਣ ਬੀਜੇਪੀ ਆਗੂ ਇੱਕ ਗੱਲੋਂ ਤਾਂ ਖੁਸ਼ ਸਨ ਕਿ ਹੁਣ ਉਨ੍ਹਾਂ ਦੀ ਚੋਣ ਲੜਨ ਦੀ ਵਾਰੀ ਆਏਗੀ ਜਿੱਤ ਹਾਰ ਅਲਹਿਦਾ ਗੱਲ ਹੈ। ਇਸ ਦੇ ਉਲਟ ਕੇਂਦਰੀ ਲੀਡਰਸ਼ਿਪ ਨੇ ਕੈਪਟਨ ਅਤੇ ਢੀਂਡਸਿਆਂ ਨਾਲ ਗੱਠਜੋੜ ਕਰ ਲਿਆ ਜਿਸ ਤਹਿਤ ਸਭ ਤੋਂ ਵੱਡੀ ਬਿਜਲੀ ਭਾਜਪਾ ਦੇ ਸ਼ਹਿਰੀ ਆਗੂਆਂ ਤੇ ਡਿੱਗੀ ਜੋ ਅੰਦਰੋ ਅੰਦਰੀ ਹੀ ਸਹੀ ਆਪਣਾ ਸਿਆਸੀ ਵਜ਼ਨ ਤੋਲਣ ’ਚ ਲੱਗੇ ਹੋਏ ਸਨ। ਭਾਜਪਾ ਦੇ ਇੱਕ ਆਗੂ ਨੇ ਤਾਂ ਇੱਥੋਂ ਤੱਕ ਆਖਿਆ ਕਿ ਪਾਰਟੀ ਨੂੰ ਕਿਸੇ ਨਾਲ ਗੱਠਜੋੜ ਕਰਨਾ ਹੀ ਨਹੀਂ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਚਲੋ ਸਿਆਸੀ ਮਜਬੂਰੀਆਂ ਤਹਿਤ ਇਸ ਰਾਹ ਤੁਰਨਾ ਵੀ ਪਿਆ ਤਾਂ ਬਠਿੰਡਾ ਵਰਗੀ ਮਹੱਤਵਪੂਰਨ ਸੀਟ ਤਾਂ ਆਪਣੇ ਕੋਲ ਰੱਖਣੀ ਚਾਹੀਦੀ ਸੀ।
ਹਾਲਾਂਕਿ ਭਾਜਪਾ ਆਗੂਆਂ ਨੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਨੂੰ ਭਰੋਸਾ ਦਿਵਾਇਆ ਸੀ ਕਿ ਗੱਠਜੋੜ ਤਹਿਤ ਚੋਣ ਪ੍ਰਚਾਰ ਮੁਹਿੰਮ ਪੂਰੀ ਤਨਦੇਹੀ ਨਾਲ ਚਲਾਈ ਜਾਏਗੀ ਫਿਰ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅਲਹਿਦਾ ਹੋਕੇ ਵੱਖਰੀ ਸਿਆਸੀ ਤਾਲ ਠੋਕਣ ਵਾਲਾ ਰਾਜ ਨੰਬਰਦਾਰ ਹਾਲ ਦੀ ਘੜੀ ਸਿਆਸੀ ਮੁਹਿੰਮ ਦੌਰਾਨ ਉਹ ਰੰਗ ਬੰਨ੍ਹਣ ’ਚ ਸਫਲ ਨਹੀਂ ਹੋ ਸਕਿਆ ਜਿਸ ਦੀ ਬਠਿੰਡਾ ਵਾਲੇ ਲੋਕ ਵਿਸ਼ੇਸ਼ ਤੌਰ ਤੇ ਵਿੱਤ ਮੰਤਰੀ ਦੇ ਵਿਰੋਧੀ ਤਵੱਕੋ ਕਰ ਰਹੇ ਸਨ। ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਆਗੂ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਸ਼ੋਕ ਭਾਰਤੀ, ਤੱਤੇ ਵਿਚਾਰਾਂ ਵਾਲੇ ਲੀਡਰ ਸੁਖਪਾਲ ਸਿੰਘ ਸਰਾਂ ਅਤੇ ਸ਼ਹਿਰ ਦੀ ਔਰਤ ਆਗੂ ਵੀਨੂੰ ਗੋਇਲ ਟਿਕਟ ਦੇ ਦਾਅਵੇਦਾਰ ਸਨ।
ਵੱਡੀ ਗੱਲ ਹੈ ਕਿ ਉਮੀਦਵਾਰੀ ਦੇ ਚਾਹਵਾਨ ਭਾਜਪਾ ਆਗੂਆਂ ਵੱਲੋਂ ਆਪੋ ਆਪਣੇ ਢੰਗ ਨਾਲ ਚੋਣ ਮੁਹਿੰਮ ਵਿੱਢੀ ਹੋਈ ਸੀ। ਇਹ ਲੀਡਰ ਇਸ ਕਰਕੇ ਵੀ ਆਸਵੰਦ ਸਨ ਕਿ ਚੋਣ ਤਿਆਰੀਆਂ ਲਈ ਦੋ ਵਾਰ ਪਿੱਠ ਥਾਪੜਨ ਬਠਿੰਡਾ ਆਏ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਜਿਹੀ ਭਾਫ ਵੀ ਬਾਹਰ ਨਹੀਂ ਨਿੱਕਲਣ ਦਿੱਤੀ ਜਦੋਂਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਚੋਣ ਤਿਆਰੀਆਂ ਕਰਨ ਦੀ ਗੱਲ ਆਖੀ ਸੀ। ਇੱਕ ਭਾਜਪਾ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਮੰਨਿਆ ਕਿ ਵੱਡੀ ਸਮੱਸਿਆ ਉਮੀਦਵਾਰ ਨੂੰ ਭਾਜਪਾ ਦੇ ਕਲਚਰ ਬਾਰੇ ਪੂਰੀ ਤਰਾਂ ਜਾਣਕਾਰੀ ਨਾ ਹੋਣਾ ਹੈ । ਮਾਮਲੇ ਸਬੰਧੀ ਭਾਜਪਾ ਦਾ ਪੱਖ ਜਾਨਣ ਲਈ ਸੰਪਰਕ ਕਰਨ ਤੇ ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਫੋਨ ਨਹੀਂ ਚੁੱਕਿਆ।
ਚਰਚਾ ਬੇਬੁਨਿਆਦ: ਰਾਜ ਨੰਬਰਦਾਰ
ਗੱਠਜੋੜ ਉਮੀਦਵਾਰ ਰਾਜ ਨੰਬਰਦਾਰ ਦਾ ਕਹਿਣਾ ਸੀ ਕਿ ਏਦਾਂ ਦੀ ਚਰਚਾ ਪੂਰੀ ਤਰਾਂ ਬੇਬੁਨਿਆਦ ਹੈ ਬਲਕਿ ਭਾਜਪਾ ਆਗੂ ਤਾਂ ਗਲੀਆਂ ਮਹੱਲਿਆਂ ’ਚ ਚੋਣ ਪ੍ਰਚਾਰ ਪੂਰੀ ਤਰਾਂ ਭਖਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਜਪਾ ਲੀਡਰਸ਼ਿਪ ਨੂੰ ਆਖ ਦਿੱਤਾ ਹੈ ਜਿਸ ਤੋਂ ਬਾਅਦ ਵੀ ਭਾਜਪਾ ਵੱਲੋਂ ਪ੍ਰਚਾਰ ’ਚ ਹੋਰ ਵੀ ਤੇਜੀ ਲਿਆਂਦੀ ਗਈ ਹੈ।