ਵਿਧਾਇਕ ਢਿੱਲੋਂ ਨੇ ਬਾਗੀ ਹੋ ਹਲਕਾ ਸਮਰਾਲਾ ਤੋਂ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ
- ਕਾਂਗਰਸ ਹਾਈਕਮਾਂਡ ਨੇ ਮੇਰੇ ਅਤੇ ਹਲਕੇ ਦੇ ਵਰਕਰਾਂ ਨਾਲ ਧੋਖਾ ਕੀਤਾ
ਸਮਰਾਲਾ, 27 ਜਨਵਰੀ 2022 - ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਟਿਕਟ ਨਾ ਮਿਲਣ ਕਾਰਨ ਖੁੱਲ੍ਹੇਆਮ ਆਪਣੀ ਹੀ ਪਾਰਟੀ ਖਿਲਾਫ਼ ਚੋਣ ਬਿਗੁਲ ਵਜਾਉਂਦਿਆਂ ਬਾਗੀ ਹੋ ਕੇ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰਦਿਆਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ।
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕਰਨ ਉਪਰੰਤ ਉਹ ਆਪਣੇ ਸਮਰਥਕਾਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਰਵਾਨਾ ਹੋਏ।
ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਕਾਂਗਰਸ ਪਾਰਟੀ ਨਾਲ ਸਬੰਧਿਤ ਭਾਰੀ ਗਿਣਤੀ ’ਚ ਸੀਨੀਅਰ ਕਾਂਗਰਸੀ ਆਗੂ, ਸ਼ਹਿਰਾਂ ਦੇ ਕੌਂਸਲਰ, ਸਰਪੰਚ, ਪੰਚ, ਜ਼ਿਲਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਵਰਕਰ ਵੀ ਇਕੱਠੇ ਹੋਏ। ਜਿਨ੍ਹਾਂ ਨੇ ਵਿਧਾਇਕ ਢਿੱਲੋਂ ਦਾ ਡਟ ਕੇ ਸਾਥ ਦੇਣ ਦਾ ਐਲਾਨ ਕੀਤੇ।
ਇਸ ਮੌਕੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾਕਿ ਕਾਂਗਰਸ ਪਾਰਟੀ ਨੇ ਟਿਕਟ ਨਾ ਦੇ ਕੇ ਮੇਰੇ ਪਰਿਵਾਰ ਤੇ ਹਲਕੇ ਦੇ ਵਰਕਰਾਂ ਨਾਲ ਵੱਡਾ ਧੋਖਾ ਕੀਤਾ ਹੈ। ਜਿਸ ਕਾਰਨ ਅੱਜ ਇਹ ਭਾਰੀ ਇਕੱਠ ਉਨ੍ਹਾਂ ਦੇ ਸਮਰਥਨ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ਜੋ ਕਿ ਪੰਥਕ ਹਲਕੇ ਵਜੋਂ ਜਾਣਿਆ ਜਾਂਦਾ ਸੀ ਪਰ ਢਿੱਲੋਂ ਪਰਿਵਾਰ ਨੇ ਕਾਂਗਰਸੀ ਵਰਕਰਾਂ ਨੂੰ ਆਪਣੇ ਨਾਲ ਜੋੜ ਸਖ਼ਤ ਮਿਹਨਤ ਕੀਤੀ। ਜਿਸ ਸਦਕਾ ਉਹ ਇੱਥੋਂ 4 ਵਾਰ ਵਿਧਾਇਕ ਚੁਣੇ ਗਏ।
ਉਨ੍ਹਾਂ ਕਿਹਾ ਕਿ ਉਹ ਤਾਂ ਆਪ ਹੈਰਾਨ ਹਨ ਕਿ ਇਸ ਹਲਕੇ ਤੋਂ ਉਨ੍ਹਾਂ ਦੀ ਟਿਕਟ ਕਿਉਂ ਕੱਟੀ ਗਈ ਅਤੇ ਨਾ ਹੀ ਇਸ ਦਾ ਕੋਈ ਠੋਸ ਕਾਰਨ ਦੱਸਿਆ ਜਾ ਰਿਹਾ ਹੈ। ਵਿਧਾਇਕ ਢਿੱਲੋਂ ਨੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਉੱਪਰ ਸਿਆਸੀ ਦਬਾਅ ਪਾਇਆ ਜਾ ਸਕਦਾ ਹੈ ਅਤੇ ਹੋਰ ਸਿਆਸੀ ਦਾਅ ਵੀ ਖੇਡੇ ਜਾ ਸਕਦੇ ਹਨ ਇਸ ਲਈ ਉਹ ਹੁਣ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ਦੇ ਲੋਕਾਂ ਦੇ ਸਮਰਥਨ ਸਦਕਾ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ।
ਕਾਂਗਰਸੀ ਵਰਕਰਾਂ ਨੇ ਪੰਜੇ ਦੇ ਨਿਸ਼ਾਨ ਵਾਲੇ ਮਫ਼ਲਰ ਉਤਾਰ ਗੁਲਾਬੀ ਪਾ ਲਏ.....
ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਉਨ੍ਹਾਂ ਨਾਲ ਜੁੜੇ ਕਾਂਗਰਸੀ ਆਗੂ ਤੇ ਵਰਕਰ ਜਿਨ੍ਹਾਂ ਦੇ ਪਹਿਲਾਂ ਪੰਜੇ ਦੇ ਨਿਸ਼ਾਨ ਵਾਲੇ ਮਫ਼ਲਰ ਪਾਏ ਹੁੰਦੇ ਸਨ ਉਹ ਅੱਜ ਉਤਰੇ ਦਿਖਾਈ ਦਿੱਤੇ ਅਤੇ ਹੁਣ ਗੁਲਾਬੀ ਰੰਗ ਵਾਲੇ ਮਫ਼ਲਰ ਪਹਿਨੇ ਹੋਏ ਸਨ। ਕਾਂਗਰਸੀ ਵਰਕਰ ਤੇ ਆਗੂੁ ਜੋ ਕਿ ਸਿੱਧੇ ਤੌਰ ’ਤੇ ਵਿਧਾਇਕ ਢਿੱਲੋਂ ਦੇ ਹੱਕ ਵਿਚ ਖੜ੍ਹੇ ਦਿਖਾਈ ਦਿੱਤੇ ਉਨ੍ਹਾਂ ਕਿਹਾਕਿ ਬੇਸ਼ੱਕ ਅਹੁਦੇ ਚਲੇ ਜਾਣ, ਚਾਹੇ ਕਾਂਗਰਸ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦੇਵੇ ਪਰ ਉਹ ਢਿੱਲੋਂ ਪਰਿਵਾਰ ਦਾ ਡੱਟ ਕੇ ਸਾਥ ਦੇਣਗੇ।