ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਉਮੀਦਵਾਰ ਦੇ ਚਿਹਰੇ ਲਈ ਚਰਨਜੀਤ ਚੰਨੀ ਦੇ ਨਾਮ ਤੇ ਮੋਹਰ ਲਾਉਣੀ ਤੈਅ
ਸੁਖਜਿੰਦਰ ਸਿੰਘ ਪੰਜਗਰਾਈਂ
- ਹੁਣ ਤੱਕ ਦੇ ਬਹੁਤੇ ਚੋਣ ਸਰਵੇਖਣਾਂ 'ਚ ਨਵਜੋਤ ਸਿੱਧੂ ਦਾ ਨਾਮ ਸਭ ਤੋਂ ਫਾਡੀ
ਪੰਜਗਰਾਈਂ ਕਲਾਂ,27 ਜਨਵਰੀ 2022 - ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਜਲੰਧਰ ਦੇ ਮਿੱਠਾਪੁਰ ਵਿਖੇ ਵ੍ਹਾਈਟ ਡਾਇਮੰਡ ਹੋਟਲ ਤੋਂ ‘ਨਵੀਂ ਸੋਚ ਨਵਾਂ ਪੰਜਾਬ’ ਅਧੀਨ ਵਰਚੁਅਲ ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਇਹ ਸਾਫ ਕਰ ਦਿੱਤਾ ਗਿਆ ਹੈ ਕੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੀ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਵਾਂਗ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਦਾ ਐਲਾਨ ਕਰਕੇ ਹੀ ਚੋਣ ਮੈਦਾਨ ਵਿੱਚ ਉਤਰੇਗੀ।
ਭਾਵੇਂ ਰਾਹੁਲ ਗਾਂਧੀ ਨੇ ਕਿਹਾ ਹੈ ਕੇ ਉਹ ਵਰਕਰਾਂ ਦੀ ਰਾਇ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਦੇ ਉਮੀਦਵਾਰ ਦਾ ਐਲਾਨ ਕਰਨਗੇ ਪਰ ਆਉਣ ਵਾਲੇ ਦਿਨਾਂ ਵਿੱਚ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਉਪਰ ਮੁੱਖ ਮੰਤਰੀ ਦੇ ਚਿਹਰੇ ਉਪਰ ਮੋਹਰ ਲਾਉਣੀ ਲਗਪਗ ਤਹਿ ਹੋ ਗਈ ਹੈ,ਕਿਉਂ ਕੇ ਹੁਣ ਤੱਕ ਦੇ ਲਗਭਗ ਸਾਰੇ ਹੀ ਚੋਣ ਸਰਵੇਖਣਾਂ ਵਿੱਚ ਪੰਜਾਬ ਵਾਸੀਆਂ ਦੀ ਪਹਿਲੀ ਪਸੰਦ ਵਾਲੇ ਮੁੱਖ ਮੰਤਰੀ ਵਜੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਪਹਿਲੇ ਸਥਾਨ ਤੇ ਆ ਰਿਹਾ ਹੈ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਮ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਦੇ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦ ਕੇਜਰੀਵਾਲ ਨਾਲੋਂ ਵੀ ਪਿੱਛੇ ਹੈ।
ਜਿਸ ਤੋਂ ਸਾਫ ਲੱਗ ਰਿਹਾ ਹੈ ਕੇ ਰਾਹੁਲ ਗਾਂਧੀ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪੱਤਾ ਖੇਡ ਸਕਦੇ ਹਨ। ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕੇ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਲਈ ਐਲਾਨਿਆ ਉਮੀਦਵਾਰ ਵਿਧਾਇਕ ਬਣਕੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਦਾ ਵੀ ਹੈ ਕੇ ਨਹੀ।