ਏਅਰ ਇੰਡੀਆ: ਟਾਟਾ ਦੇ ਹੱਥਾਂ 'ਚ ਏਅਰ ਇੰਡੀਆ ਦੀ ਕਮਾਨ, ਹੁਣ ਏਅਰਲਾਈਨਜ਼ 'ਚ ਦੇਖਣ ਨੂੰ ਮਿਲਣਗੇ ਵੱਡੇ ਬਦਲਾਅ
ਦੀਪਕ ਗਰਗ
ਨਵੀਂ ਦਿੱਲੀ 27 ਜਨਵਰੀ 2022 - ਸਰਕਾਰੀ ਏਅਰ ਇੰਡੀਆ ਨੂੰ ਅੱਜ ਤੋਂ ਦੇਸ਼ ਦੇ ਪ੍ਰਮੁੱਖ ਉਦਯੋਗਿਕ ਸਮੂਹ ਟਾਟਾ ਸੰਨਜ਼ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਵਿਨਿਵੇਸ਼ ਦੀ ਪ੍ਰਕਿਰਿਆ ਵੀ ਪੂਰੀ ਹੋ ਗਈ ਹੈ। ਵਿੱਤ ਮੰਤਰਾਲੇ ਦੇ ਅਧੀਨ ਵਿਨਿਵੇਸ਼ ਅਤੇ ਜਨਤਕ ਸੰਪੱਤੀ ਪ੍ਰਬੰਧਨ ਵਿਭਾਗ (DIPAM), ਨੇ ਅੱਜ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਲਿਮਟਿਡ (AIXL) ਵਿੱਚ 100 ਪ੍ਰਤੀਸ਼ਤ ਹਿੱਸੇਦਾਰੀ ਅਤੇ AISATS ਵਿੱਚ 50 ਪ੍ਰਤੀਸ਼ਤ ਹਿੱਸੇਦਾਰੀ ਟੈਲੇਸ ਪ੍ਰਾਈਵੇਟ ਲਿਮਟਿਡ ਨੂੰ ਸੌਂਪ ਦਿੱਤੀ, ਜੋ ਕਿ ਪੂਰੀ ਤਰ੍ਹਾਂ ਟਾਟਾ ਸੰਨਜ਼ ਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਇਸ ਦੇ ਲਈ ਟਾਟਾ ਸੰਨਜ਼ ਨੇ ਸਰਕਾਰ ਨੂੰ 2700 ਕਰੋੜ ਰੁਪਏ ਨਕਦ ਦਿੱਤੇ ਹਨ।
ਟਾਟਾ ਨੇ ਏਅਰ ਇੰਡੀਆ ਅਤੇ ਇਸਦੀ ਸਹਾਇਕ ਕੰਪਨੀ ਏਆਈਐਕਸਐੱਲ ਨੂੰ 15,300 ਕਰੋੜ ਰੁਪਏ ਦਾ ਕਰਜ਼ਾ ਵੀ ਮੋੜਨਾ ਹੈ। ਸ਼ੇਅਰ ਟਰਾਂਸਫਰ ਤੋਂ ਪਹਿਲਾਂ ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। 11 ਅਕਤੂਬਰ 2021 ਨੂੰ, ਟਾਟਾ ਦੀ ਕੰਪਨੀ ਟੈਲੇਸ ਪ੍ਰਾਈਵੇਟ ਲਿਮਟਿਡ ਇਸ ਵਿਨਿਵੇਸ਼ ਲਈ ਸਫਲ ਬੋਲੀਕਾਰ ਵਜੋਂ ਉਭਰੀ।
ਸ਼ੇਅਰ ਖਰੀਦਣ ਦਾ ਸੌਦਾ ਬੀਤੀ 25 ਅਕਤੂਬਰ ਨੂੰ ਹੋਇਆ ਸੀ। ਇਸ ਤੋਂ ਬਾਅਦ ਵੱਖ-ਵੱਖ ਰੈਗੂਲੇਟਰਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅੱਜ ਇਨ੍ਹਾਂ ਕੰਪਨੀਆਂ ਦਾ ਕੰਟਰੋਲ ਟਾਟਾ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਟਾਟਾ ਸੰਨਜ਼ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਅਤੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਸਰਕਾਰ ਅਤੇ ਇਸ ਪ੍ਰਕਿਰਿਆ ਵਿੱਚ ਸ਼ਾਮਲ ਵੱਖ-ਵੱਖ ਵਿਭਾਗਾਂ ਦਾ ਧੰਨਵਾਦ ਕੀਤਾ।
ਇਸ ਮੌਕੇ 'ਤੇ ਬੋਲਦਿਆਂ ਸ੍ਰੀ ਚੰਦਰਸ਼ੇਖਰਨ ਨੇ ਕਿਹਾ ਕਿ ਉਹ ਏਅਰ ਇੰਡੀਆ ਨੂੰ ਟਾਟਾ ਸਮੂਹ ਵਿੱਚ ਵਾਪਸ ਲਿਆਉਣ ਲਈ ਬਹੁਤ ਉਤਸ਼ਾਹਿਤ ਹਨ ਅਤੇ ਇਸ ਨੂੰ ਵਿਸ਼ਵ ਪੱਧਰੀ ਏਅਰਲਾਈਨ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਨੇ ਏਅਰ ਇੰਡੀਆ ਦੇ ਕਰਮਚਾਰੀਆਂ ਦਾ ਟਾਟਾ ਸਮੂਹ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਟਾਟਾ ਸੰਨਜ਼ ਦੇ ਜੇਆਰਡੀ ਟਾਟਾ ਨੇ ਏਅਰਲਾਈਨ ਸ਼ੁਰੂ ਕੀਤੀ ਸੀ ਅਤੇ ਉਸ ਕੰਪਨੀ ਦੇ ਜਹਾਜ਼ ਨੇ 15 ਅਕਤੂਬਰ 1932 ਨੂੰ ਪਹਿਲੀ ਉਡਾਣ ਭਰੀ ਸੀ।
ਦੇਸ਼ ਦੀ ਆਜ਼ਾਦੀ ਤੋਂ ਬਾਅਦ, ਇਸ ਏਅਰਲਾਈਨ ਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਇਸਦਾ ਨਾਮ ਬਦਲ ਕੇ ਏਅਰ ਇੰਡੀਆ ਕਰ ਦਿੱਤਾ ਗਿਆ।