ਪਰਿਵਾਰਕ ਵਿਵਾਦ 'ਚ ਫਸੇ ਸਿੱਧੂ: ਐਨ ਆਰ ਆਈ ਭੈਣ ਨੇ ਪੰਜਾਬ ਕਾਂਗਰਸ ਪ੍ਰਧਾਨ 'ਤੇ ਲਾਏ ਗੰਭੀਰ ਇਲਜ਼ਾਮ
ਦੀਪਕ ਗਰਗ
ਚੰਡੀਗੜ੍ਹ 28 ਜਨਵਰੀ 2022 - ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਰਿਵਾਰਕ ਵਿਵਾਦਾਂ ਵਿੱਚ ਫਸ ਗਏ ਹਨ। ਸਿੱਧੂ ਦੀ ਐਨਆਰਆਈ ਵੱਡੀ ਭੈਣ ਸੁਮਨ ਤੂਰ ਨੇ ਸ਼ੁੱਕਰਵਾਰ ਨੂੰ ਸਿੱਧੂ ਤੇ ਗੰਭੀਰ ਦੋਸ਼ ਲਾਏ। ਸੁਮਨ ਨੇ ਸ਼ੁਕਰਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਪੈਸੇ ਪਿੱਛੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। 1986 ਵਿੱਚ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਨੇ ਮਾਤਾ ਜੀ ਨਿਰਮਲ ਭਗਵੰਤ ਨੂੰ ਘਰੋਂ ਕੱਢ ਦਿੱਤਾ। ਤਿੰਨ ਸਾਲ ਬਾਅਦ, ਉਨ੍ਹਾਂ ਦੀ ਮਾਂ ਦੀ ਲਾਵਾਰਿਸ ਹਾਲਤ ਵਿੱਚ ਮੌਤ ਹੋ ਗਈ।
ਇੰਨਾ ਹੀ ਨਹੀਂ ਸਿੱਧੂ ਵਲੋਂ ਭੈਣ ਸੁਮਨ ਤੂਰ ਨੂੰ ਵਟਸਐਪ 'ਤੇ ਵੀ ਬਲਾਕ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ੈਰੀ (ਨਵਜੋਤ ਸਿੰਘ ਸਿੱਧੂ ਦਾ ਉਪਨਾਮ) ਬਹੁਤ ਜ਼ਾਲਮ ਹੈ।
ਵੀਡੀਓ ਵੀ ਦੇਖੋ.....
https://www.facebook.com/BabushahiDotCom/videos/361881445336293
ਸੁਮਨ ਨੇ ਦੱਸਿਆ ਕਿ ਉਸ ਨੇ ਬਹੁਤ ਮਾੜਾ ਸਮਾਂ ਦੇਖਿਆ ਹੈ। ਪਿਤਾ ਦੀ ਮੌਤ ਤੋਂ ਬਾਅਦ ਨਵਜੋਤ ਸਿੱਧੂ ਨੇ ਘਰ ਆਪਣੇ ਨਾਂ ਕਰਵਾ ਲਿਆ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਸਿੱਧੂ ਨੇ ਪੈਸਿਆਂ ਤੋਂ ਬਾਅਦ ਪਰਿਵਾਰ ਨੂੰ ਖਤਮ ਕਰ ਦਿੱਤਾ। ਸੁਮਨ ਨੇ ਦੱਸਿਆ ਕਿ ਜੋ ਵਿਅਕਤੀ ਆਪਣੇ ਪਰਿਵਾਰ ਦਾ ਨਹੀਂ ਹੋ ਸਕਦਾ, ਉਹ ਕਿਸੇ ਹੋਰ ਦਾ ਕੀ ਬਣੇਗਾ। ਉਹ ਕਦੇ ਵੀ ਪਰਿਵਾਰ ਦੇ ਸੁੱਖ-ਦੁੱਖ ਵਿੱਚ ਸ਼ਾਮਲ ਨਹੀਂ ਹੋਇਆ। ਉਨ੍ਹਾਂ ਦੀ ਮਾਂ ਨੇ ਆਪਣਾ ਅਕਸ ਬਚਾਉਣ ਲਈ ਦਿੱਲੀ ਦੇ ਗੇੜੇ ਮਾਰੇ ਅਤੇ ਅੰਤ ਵਿਚ ਉਹ ਦਿੱਲੀ ਰੇਲਵੇ ਸਟੇਸ਼ਨ 'ਤੇ ਲਾਵਾਰਿਸ ਵਾਂਗ ਮਰ ਗਈ।
ਸੁਮਨ ਤੂਰ ਨੇ ਕਿਹਾ ਕਿ ਸਿੱਧੂ ਨੇ ਇਹ ਸਭ ਜਾਇਦਾਦ ਲਈ ਕੀਤਾ ਹੈ। ਜਦੋਂ ਉਹ 20 ਜਨਵਰੀ ਨੂੰ ਸਿੱਧੂ ਨੂੰ ਮਿਲਣ ਗਈ ਤਾਂ ਉਸ ਨੇ ਦਰਵਾਜ਼ਾ ਵੀ ਨਹੀਂ ਖੋਲ੍ਹਿਆ ਅਤੇ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ।
ਸੁਮਨ ਤੂਰ ਨੇ ਦੱਸਿਆ ਕਿ ਉਹ 1990 ਵਿੱਚ ਅਮਰੀਕਾ ਗਈ ਸੀ। ਸਿੱਧੂ ਨੇ ਮਾਂ ਨਿਰਮਲ ਭਗਵੰਤ ਨਾਲ ਕੀਤੀ ਬੇਇਨਸਾਫੀ ਬਾਰੇ ਮੀਡੀਆ ਨੂੰ ਵੀ ਝੂਠਾ ਬਿਆਨ ਦਿੱਤਾ ਅਤੇ ਕਿਹਾ ਕਿ ਮੇਰੇ ਮਾਤਾ-ਪਿਤਾ ਅਦਾਲਤੀ ਤੌਰ 'ਤੇ ਵੱਖ ਹੋਏ ਸੀ । ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਉਹ ਵੀ ਸਭ ਝੂਠ ਹੈ। ਉਸ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ 'ਚ ਮਿਲਣ ਗਈ ਸੀ ਪਰ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਮੈਂਨੂੰ ਵਟਸਐਪ 'ਤੇ ਵੀ ਬਲਾਕ ਕਰ ਦਿੱਤਾ। ਹਾਲਾਂਕਿ ਸਿੱਧੂ ਜਾਂ ਉਨ੍ਹਾਂ ਦੇ ਪੱਖ ਤੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਸ ਬਾਰੇ ਵਿੱਚ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਸੁਮਨ ਤੂਰ ਨੂੰ ਨਹੀਂ ਜਾਣਦੀ। ਨਵਜੋਤ ਸਿੱਤੂ ਦੇ ਪਿਤਾ ਦੇ ਦੋ ਵਿਆਹ ਹੋਏ ਸਨ। ਪਹਿਲੇ ਵਿਆਹ ਤੋਂ ਉਨ੍ਹਾਂ ਦੀਆਂ 2 ਬੇਟੀਆਂ ਸਨ, ਪਰ ਮੈਂ ਉਨ੍ਹਾਂ ਨੂੰ ਨਹੀਂ ਜਾਣਦੀ।
ਪੰਜਾਬ ਵਿੱਚ ਇਸ ਸਮੇਂ ਚੋਣਾਂ ਦਾ ਮਾਹੌਲ ਹੈ। ਦੂਜੇ ਪਾਸੇ ਕਾਂਗਰਸ ਵਿੱਚ ਵੀ ਹਾਲਾਤ ਠੀਕ ਨਹੀਂ ਚੱਲ ਰਹੇ ਹਨ। ਅੱਜ ਸਿੱਧੂ ਦੀ ਭੈਣ ਨੇ ਉਨ੍ਹਾਂ 'ਤੇ ਕਈ ਗੰਭੀਰ ਦੋਸ਼ ਲਗਾਏ, ਇਸ ਤੋਂ ਪਹਿਲਾਂ ਸੀਐਮ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਈਡੀ ਨੇ ਛਾਪਾ ਮਾਰਿਆ ਸੀ, ਜਿਸ 'ਚ 10 ਕਰੋੜ ਰੁਪਏ ਬਰਾਮਦ ਹੋਏ ਸੀ।