ਪੰਜਾਬ ਵਿਧਾਨ ਸਭਾ ਚੋਣਾਂ ; ਮਤਦਾਨ ਕਰਨ ਲਈ ਉਤਸ਼ਾਹਿਤ ਨਜ਼ਰ ਆਏ ਬਜ਼ੁਰਗ ਅਤੇ ਦਿਵਆਂਗਜਨ
-11 ਵਜੇ ਤੱਕ 18.4 ਫੀਸਦੀ ਹੋਇਆ ਮਤਦਾਨ
ਹੁਸ਼ਿਆਰਪੁਰ, 20 ਫਰਵਰੀ 2022 - ਪੰਜਾਬ ਵਿਧਾਨ ਸਭਾ ਚੋਣਾਂ-2022 ਸਬੰਧੀ ਅੱਜ ਵੋਟਿੰਗ ਦੌਰਾਨ ਬਜ਼ੁਰਗਾਂ ਅਤੇ ਦਿਵਆਂਗਜਨ ਵਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੌਰਾਨ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ। ਇਨ੍ਹਾਂ ਦੀ ਸਹੂਲਤ ਲਈ ਬਾਕੀ ਵਿਸ਼ੇਸ਼ ਪ੍ਰਬੰਧਾਂ ਤੋਂ ਇਲਾਵਾ ਵਲੰਟੀਅਰ ਵੀ ਤਾਇਨਾਤ ਕੀਤੇ ਗਏ, ਤਾਂ ਜੋ ਬਜ਼ੁਰਗਾਂ ਅਤੇ ਦਿਵਆਂਗਜਨ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬਜ਼ੁਰਗਾਂ ਅਤੇ ਦਿਵਆਂਗਜਨ ਵੋਟਰਾਂ ਵਲੋਂ ਵੋਟ ਦੀ ਵਰਤੋਂ ਕਰਨ ਦੌਰਾਨ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ’ਤੇ ਦਿਵਆਂਗਜਨ ਅਤੇ ਬਜ਼ੁਰਗਾਂ ਦੀ ਸਹੂਲਤ ਲਈ ਵੀਲ੍ਹ ਚੇਅਰਜ਼ ਆਦਿ ਤੋਂ ਇਲਾਵਾ ਵਿਸ਼ੇਸ਼ ਪ੍ਰਬੰਧ ਯਕੀਨੀ ਬਣਾਏ ਗਏ। ਇਸ ਤੋਂ ਇਲਾਵਾ ਹਰ ਬੂਥ ’ਤੇ ਵਲੰਟੀਅਰ ਵੀ ਤਾਇਨਾਤ ਕੀਤੇ ਗਏ, ਜੋ ਬਜ਼ੁਰਗਾਂ ਅਤੇ ਦਿਵਆਂਗਜਨ ਦੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 80 ਸਾਲ ਤੋਂ ਵੱਧ ਉਮਰ ਦੇ 37,550 ਵੋਟਰ ਅਤੇ ਕਰੀਬ 10,868 ਦਿਵਆਂਗਜਨ ਵੋਟਰ ਹਨ, ਜਿਨ੍ਹਾਂ ਵਲੋਂ ਵੱਧ ਚੜ੍ਹ ਕੇ ਮਜ਼ਬੂਤ ਲੋਕਤੰਤਰ ਵਿਚ ਹਿੱਸੇਦਾਰੀ ਪਾਈ ਜਾ ਰਹੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 11 ਵਜੇ ਤੱਕ ਜ਼ਿਲ੍ਹੇ ਵਿਚ 18.4 ਫੀਸਦੀ ਵੋਟ ਪੋਲ ਹੋਈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ 18.2 ਫੀਸਦੀ, ਦਸੂਹਾ 18.4, ਗੜ੍ਹਸ਼ੰਕਰ 21.6, ਹੁਸ਼ਿਆਰਪੁਰ 15.2, ਮੁਕੇਰੀਆਂ 20 ਫੀਸਦੀ, ਸ਼ਾਮਚੁਰਾਸੀ 17.2 ਅਤੇ ਉੜਮੁੜ ਵਿਧਾਨ ਸਭਾ ਹਲਕੇ ਵਿਖੇ 18.4 ਫੀਸਦੀ ਮਤਦਾਨ ਹੋਇਆ।