ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮਸਲਿਆਂ ਸਬੰਧੀ ਕੀਤੀ ਵਿਚਾਰ ਚਰਚਾ
ਕੇਂਦਰ ਸਰਕਾਰ ਪੰਜਾਬ ਦੇ ਮੌਲਿਕ ਅਧਿਕਾਰਾਂ ਤੇ ਡਾਕਾ ਮਾਰ ਰਹੀ - ਪੰਡੋਰੀ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ,8 ਮਾਰਚ 2022- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੱਲਾ ਕਪੂਰਥਲਾ ਦੀ ਮੀਟਿੰਗ ਹਦੀਰਾ ਦੇ ਪਾਰਕ ਸੁਲਤਾਨਪੁਰ ਲੋਧੀ ਵਿਖੇ ਹੋਈ। ਜਿਸ ਵਿੱਚ ਜਿਲਾ ਕਪੂਰਥਲਾ ਦੇ ਤਿੰਨਾ ਜੋਨਾਂ ਦੀਆ ਸਮੂਹ ਇਕਾਈਆ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ , ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜਿਲਾ ਸਕੱਤਰ ਸੁਖਪ੍ਰੀਤ ਸਿੰਘ ਪਸੱਣ ਕਦੀਮ ਨੇ ਸਾਝਾ ਬਿਆਨ ਜਾਰੀ ਕਰਦਿਆ ਕਿਹਾ ਕੇ ਕੇਂਦਰ ਸਰਕਾਰ ਨੇ ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ ਉਸ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਦੀ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰਕੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ।
ਇਹ ਸਿੱਧੇ ਤੌਰ ਤੇ ਪੰਜਾਬ ਦੇ ਮੌਲਿਕ ਅਧਿਕਾਰਾਂ ਤੇ ਡਾਕਾ ਮਾਰਿਆ ਗਿਆ ਹੈ। ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਪੰਜਾਬ ਦੇ ਲੋਕਾਂ ਨੇ 93 ਫੀਸਦੀ ਕੁੁਰਬਾਨੀਆਂ ਦਿੱਤੀਆਂ ਸਨ ਪਰ ਆਜ਼ਾਦੀ ਤੋਂ ਬਾਅਦ ਦੇਸ਼ ਦੀ ਵਾਗਡੋਰ ਕਾਰਪੋਰੇਟਾਂ ਦੇ ਦਲਾਲਾਂ ਦੇ ਹੱਥਾਂ ਵਿੱਚ ਆਉਣ ਕਰਕੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ ਜੋ ਅਜੇ ਵੀ ਜਾਰੀ ਹੈ। ਬੀਬੀਐਮਬੀ ਵੀ ਇਸੇ ਲੜੀ ਦਾ ਹਿੱਸਾ ਹੈ ਜਿਸ ਨੂੰ ਪੰਜਾਬ ਦੇ ਸੂਰਬੀਰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਸਮੂਹ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਖੜਾ ਬਿਆਸ ਮੈਨਜਮੈਂਟ ਵਿੱਚ ਪੰਜਾਬ ਲਈ ਪ੍ਰਤੀਨਿਧੀ ਤੁਰੰਤ ਬਹਾਲ ਕੀਤੀ ਜਾਵੇ ਨਹੀਂ ਤਾਂ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਮੋਦੀ ਹਕੁਮਤ ਤਿਆਰ ਰਹੇ। ਪੰਜਾਬ ਸਰਕਾਰ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਨੂੰ ਆਰ ਐਸ ਅੇੈਸ ਦੇ ਇਸ਼ਾਰਿਆਂ ਤੇ ਤੋੜਿਆ ਮਰੋੜਿਆ ਜਾ ਰਿਹਾ ਹੈ। ਜੋ ਸਿੱਖ ਗੁਰੂ ਤੇ ਸ਼ਹੀਦਾਂ ਨਾਲ ਧਰੋਹ ਕਰ ਕੇ ਅਕਿਰਤਘਣ ਦਾ ਸਬੂਤ ਦਿੱਤਾ ਜਾ ਰਿਹਾ ਹੈ।
ਉਹਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਲਿਖਤਕਾਰਾ ਨੇ ਇਹ ਘਿਨੌਣਾ ਕੰਮ ਕੀਤਾ ਹੈ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ ਤੇ ਛਪੀਆਂ ਕਿਤਾਬਾਂ ਨੂੰ ਤੁਰੰਤ ਵਾਪਸ ਲੈ ਕੇ ਇਨ੍ਹਾਂ 'ਤੇ ਬੈਨ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਜੰਮੂ ਕਟਰਾ ਐਕਸਪ੍ਰੈੱਸ ਰੋਡਮੈਪ ਅਧੀਨ ਆਉਂਦੀ ਐਕਵਾਇਰ ਕੀਤੀ ਜਮੀਨ ਦਾ ਘੱਟੋ-ਘੱਟ ਸਮਰਥਨ ਮੁੱਲ ਬਜ਼ਾਰੀ ਰੇਟ ਤੋਂ ਚਾਰ ਗੁਣਾਂ ਤੇ ਨਾਲ ਹੀ ਉਜਾੜਾ ਪੱਤਾ 33 ਫੀਸਦੀ ਦੇ ਨਾਲ ਦੇਣ ਦੀ ਮੰਗ ਕੇਂਦਰ ਸਰਕਾਰ ਤੋਂ ਕੀਤੀ ਜਾਵੇ। ਜਿਲਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ,ਜਿਲਾ ਪ੍ਰੈਸ ਸਕੱਤਰ ਤਰਸੇਮ ਸਿੰਘ ਵਿੱਕੀ, ਸੀਨੀਅਰ ਮੀਤ ਪ੍ਰਧਾਨ ਸ਼ੇਰ ਸਿੰਘ ਮਹੀਂਵਾਲ, ਜੋਨ ਮੀਤ ਪ੍ਰਧਾਨ ਡਾਕਟਰ ਕੁਲਜੀਤ ਸਿੰਘ, ਜੋਨ ਸੁਲਤਾਨਪੁਰ 2 ਦੇ ਸਕੱਤਰ ਸੁਖਪ੍ਰੀਤ ਸਿੰਘ ਰਾਮੇ,ਜੋਨ ਡੱਲਾ ਸਕੱਤਰ ਮਨਜੀਤ ਸਿੰਘ ਖਿੰਡਾ,ਜੋਨ ਸੁਲਤਾਨਪੁਰ ਲੋਧੀ 1 ਖਜਾਨਚੀ ਹਰਨੇਕ ਸਿੰਘ ਜੈਨਪੁਰ, ਬਲਬੀਰ ਸਿੰਘ ਡੌਲਾ, ਜੋਨ ਉਪ ਸਕੱਤਰ ਪੁਸ਼ਪਿੰਦਰ ਸਿੰਘ, ਬੋਹੜ ਸਿੰਘ ਹਜ਼ਾਰਾ, ਬਲਜਿੰਦਰ ਸਿੰਘ ਸ਼ੇਰਪੁਰ, ਲਖਵਿੰਦਰ ਸਿੰਘ ਗਿੱਲਾ,ਸੁਖਜਿੰਦਰ ਸਿੰਘ ਫੱਤੂਵਾਲ,ਅਮਨਦੀਪ ਸਿੰਘ ਫੱਤੂਵਾਲ ਅਮਰ ਸਿੰਘ ਛੰਨਾਸ਼ੇਰ ਸਿੰਘ, ਹਰਦੀਪ ਸਿੰਘ ਬਾਊਪੁਰ, ਸਲਵਿੰਦਰ ਸਿੰਘ ਬਾਊਪੁਰ ,ਸੇਰ ਸਿੰਘ ਆਂਹਲੀ,ਰਣਜੀਤ ਸਿੰਘ ਪੱਕੇ ਕੋਠੇ,ਬਾਬਾ ਕੁਲਵੰਤ ਸਿੰਘ ਪੱਕੇ ਕੋਠੇ ਆਦਿ ਹਾਜ਼ਰ ਸਨ।