ਪ੍ਰਾਈਵੇਟ ਹਸਪਤਾਲ ਐਸੋਸੀਏਸ਼ਨ ਦੀ ਮੰਗ: ਹਸਪਤਾਲਾਂ ਅਤੇ ਡਾਕਟਰਾਂ 'ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਕੀਤੇ ਜਾਂਦੇ ਹਮਲਿਆਂ ਤੋਂ ਬਚਾਅ ਲਈ ਠੋਸ ਕਦਮ ਚੁੱਕੇ ਮਾਨ ਸਰਕਾਰ
ਹਮਲਾ ਹੋਣ ਦੇ ਕੇਸਾਂ ਵਿਚ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ : ਡਾ. ਸਰਬਜੀਤ ਸਿੰਘ, ਡਾ. ਐਚ ਐਸ ਮੱਲ੍ਹੀ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 22 ਮਾਰਚ 2022 : ਹਸਪਤਾਲਾਂ ਅਤੇ ਡਾਕਟਰਾਂ 'ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਕੀਤੇ ਜਾਂਦੇ ਹਮਲਿਆਂ ਤੋਂ ਬਚਾਅ ਲਈ ਰਾਜ ਦੀ ਭਗਵੰਤ ਮਾਨ ਸਰਕਾਰ ਨੁੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇਹ ਮੰਗ ਪ੍ਰਾਈਵੇਟ ਹਸਪਤਾਲ ਐਸੋਸੀਏਸ਼ਨ ਨੇ ਕੀਤੀ ਹੈ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸਕੱਤਰ ਡਾ. ਵਿਵਨੀਤ ਅਤੇ ਮੈਂਬਰਾਂ ਡਾ. ਹਰਮੇਸ਼ ਸਿੰਘ ਮਲ੍ਹੀ, ਡਾ. ਪਰਵੀਨ, ਡਾ. ਰੋਹਿਤ, ਡਾ. ਅਭਿਸ਼ੇਕ, ਡਾ. ਐਸ ਪੀ ਸਿੰਘ, ਡਾ. ਅੰਕੁਰ, ਡਾ. ਸਾਹਿਲ, ਡਾ. ਅਮਨ, ਡਾ. ਨਰੇਸ਼ ਗਰਗ, ਡਾ. ਉਮੇਸ਼, ਡਾ ਰਾਜਨ ਅਤੇ ਡਾ. ਅਨਿਲਜੀਤ ਤੇ ਕਾਨੁੰਨੀ ਸਲਾਹਕਾਰ ਸ੍ਰੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਲੰਬੇ ਸਮੇਂ ਤੋਂ ਇਸ ਗੰਭੀਰ ਮਸਲੇ ਤੋਂ ਪ੍ਰੇਸ਼ਾਨ ਹਨ। ਜੇਕਰ ਮਰੀਜ਼ ਇਲਾਜ ਨਾਲ ਠੀਕ ਹੋ ਜਾਂਦਾ ਹੈ ਤਾਂ ਮਰੀਜ਼ ਤੇ ਰਿਸ਼ਤੇਦਾਰ ਖੁਸ਼ੀ ਖੁਸ਼ੀ ਚਲੇ ਜਾਂਦੇ ਹਨ ਤੇ ਅਕਸਰ ਡਾਕਟਰ ਦਾ ਧੰਨਵਾਦ ਵੀ ਕਰਨਾ ਭੁੱਲ ਜਾਂਦੇ ਹਨ ਪਰ ਜੇਕਰ ਮਰੀਜ਼ ਨੁੰ ਕੋਈ ਮੁਸ਼ਕਿਲ ਆ ਜਾਂਦੀ ਹੈ ਤਾਂ ਰਿਸ਼ਤੇਦਾਰ ਤੇ ਨਜ਼ਦੀਕੀ ਨਾ ਸਿਰਫ ਹਸਪਤਾਲਾਂ 'ਤੇ ਹਮਲਾ ਕਰਕੇ ਪ੍ਰਾਪਰਟੀ ਦਾ ਨੁਕਸਾਨ ਕਰਦੇ ਹਨ ਬਲਕਿ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ 'ਤੇ ਵੀ ਹਮਲਾ ਕਰ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਇਹਨਾਂ ਆਗੂਆਂ ਨੇ ਕਿਹਾ ਕਿ ਅਕਸਰ ਜ਼ਿਆਦਾਤਰ ਕੇਸਾਂ ਵਿਚ ਮਰੀਜ਼ ਦੀ ਮੌਤ ਡਾਕਟਰੀ ਇਲਾਜ ਦੀ ਥਾਂ ਕਿਸੇ ਹੋਰ ਕਾਰਨ ਹੋਈ ਹੁੰਦੀ ਹੈ। ਉਦਾਹਰਣ ਦਿੰਦਿਆਂ ਇਹਨਾਂ ਦੱਸਿਆ ਕਿ ਇਕ ਮਰੀਜ਼ ਹਸਪਤਾਲ ਵਿਚ ਜ਼ਖ਼ਮ 'ਤੇ ਪੱਟੀ ਕਰਵਾਉਣ ਆਇਆ ਜਦੋਂ ਉਸਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਪਰ ਉਸਦੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਨੇ ਆ ਕੇ ਹਸਪਤਾਲ ਘੇਰ ਲਿਆ ਤੇ ਭੰਨ ਤੋੜ ਕੀਤੀ ਤੇ ਡਾਕਟਰਾਂ 'ਤੇ ਵੀ ਜਾਨਲੇਵਾ ਹਮਲਾ ਕੀਤਾ।
ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਹੁਣ ਨਵੀਂ ਭਗਵੰਤ ਮਾਨ ਸਰਕਾਰ ਆ ਗਈ ਤਾਂ ਇਸਨੁੰ ਡਾਕਟਰਾਂ ਦੀ ਮੁਸ਼ਕਿਲ ਹੱਲ ਕਰਨੀ ਚਾਹੀਦੀ ਹੈ ਤੇ ਅਜਿਹੇ ਹਮਲੇ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਹਮਲਾ ਹੋਣ ਦੇ ਕੇਸਾਂ ਵਿਚ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਯਕੀਨੀ ਬਣਾਉਣੀ ਚਾਹੀਦੀ ਹੈ। ਇਹਨਾਂ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਵੱਲੋਂ ਅਕਸਰ ਡਾਕਟਰਾਂ ਨੁੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਤੇ ਮੌਕੇ 'ਤੇ ਪਹੁੰਚ ਕੇ ਹਾਲਾਤ ਸੰਭਾਲਣ ਲਈ ਵੀ ਯਤਨ ਕੀਤੇ ਜਾਂਦੇ ਹਨ।