ਕੇਂਦਰੀ ਜੇਲ੍ਹ 'ਚ ਕੈਦੀਆਂ ਲਈ ਲਗਾਇਆ ਮੈਡੀਕਲ ਕੈਂਪ
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 23ਮਾਰਚ,2022: ਕੇਂਦਰੀ ਜੇਲ੍ਹ ਪਟਿਆਲਾ ਵਿਖੇ ਜੇਲ੍ਹ ਪ੍ਰਸ਼ਾਸਨ, ਸਿਹਤ ਵਿਭਾਗ, ਲਕਸ਼ਮੀ ਬਾਈ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਅਤੇ ਐਨ ਜੀ ੳ ਏਂਜਲ ਫਾਊਂਡੇਸ਼ਨ ਪਟਿਆਲਾ ਦੇ ਸਹਿਯੋਗ ਨਾਲ ਬੰਦੀਆਂ ਲਈ ਇੱਕ ਮੈਡੀਕਲ ਕੈਂਪ ਲਾਇਆ ਗਿਆ।ਕੈਂਪ 'ਚ ਸਰਜਰੀ ਦੇ ਮਾਹਰ ਡਾ. ਸੰਜੇ ਬਾਂਸਲ, ਹੱਡੀਆਂ ਦੇ ਡਾ. ਕਰਨਵੀਰ ਸਿੰਘ, ਛਾਤੀ ਦੇ ਡਾ. ਨਰੇਸ਼ ਕੁਮਾਰ ਬਾਂਸਲ, ਮੈਡੀਸਨ ਦੇ ਡਾ. ਵਿਪਨਪਰੀਤ ਕੌਰ, ਅੱਖਾਂ ਦੇ ਡਾ. ਸੀਮਾ ਰਾਣੀ, ਚਮੜੀ ਦੇ ਡਾ. ਰਾਕੇਸ਼ ਤਿਲਕ ਰਾਜ, ਦਿਮਾਗ ਦੇ ਡਾ. ਸ਼ਵਿੰਦਰ ਤੂਰ ਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ ਮਨੀਸ਼ ਸੇਠੀ ਵੱਲੋਂ 747 ਬੰਦੀਆਂ ਦੀ ਮੈਡੀਕਲ ਜਾਂਚ ਕੀਤੀ ਅਤੇ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਐਨ.ਜੀ.ਓ ਏਂਜਲ ਫਾਊਂਡੇਸ਼ਨ ਵੱਲੋਂ ਮਹਿਲਾ ਜੇਲ੍ਹ ਬੰਦੀਆਂ ਨੂੰ ਸੈਨੀਟਰੀ ਪੈਡ ਵੀ ਵੰਡੇ ਗਏ।
ਸੀ.ਜੇ.ਐਮ ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਵੱਲੋਂ ਇਸ ਕੈਂਪ ਦਾ ਦੌਰਾ ਕੀਤਾ ਗਿਆ ਅਤੇ ਡਾਕਟਰ ਸਾਹਿਬਾਨ ਨਾਲ ਮਿਲ ਕੇ ਕੈਂਪ ਵਿੱਚ ਕੀਤੀ ਜਾ ਰਹੀ ਮੈਡੀਕਲ ਜਾਂਚ ਬਾਰੇ ਗੱਲ ਕੀਤੀ ਗਈ। ਸੀ.ਜੇ.ਐਮ ਵੱਲੋਂ ਬੰਦੀਆਂ ਤੋਂ ਉਨ੍ਹਾਂ ਦੀ ਮੁਸ਼ਕਲਾਂ ਬਾਰੇ ਵੀ ਪੁੱਛਿਆ ਗਿਆ। ਇਸ ਕੈਂਪ ਵਿੱਚ ਮਿਸ ਮੋਨਿਕਾ ਚਾਵਲਾ, ਮੁੱਖੀ ਕਾਨੂੰਨੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਆਪਣੇ ਵਿਦਿਆਰਥੀਆਂ ਨਾਲ ਦੌਰਾ ਕੀਤਾ ਗਿਆ। ਇਸ ਦੌਰਾਨ ਸ਼ਿਵਰਾਜ ਸਿੰਘ, ਜੇਲ ਸੁਪਰਡੈਂਟ, ਰਾਜਦੀਪ ਸਿੰਘ ਬਰਾੜ, ਡਿਪਟੀ ਜੇਲ੍ਹ ਸੁਪਰਡੈਂਟ ਅਤੇ ਵਰੁਣ ਸ਼ਰਮਾ, ਸਹਾਇਕ ਜੇਲ੍ਹ ਸੁਪਰਡੈਂਟ ਵੀ ਹਾਜ਼ਰ ਸਨ।
ਇਸ ਤੋਂ ਇਲਾਵਾ ਸੀਜੇਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪਰਮਿੰਦਰ ਕੌਰ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕੈਂਪ ਕੋਰਟ ਲਗਾਈ ਗਈ । ਇਸ ਕੈਂਪ ਕੋਰਟ ਵਿੱਚ ਜੱਜ ਸਾਹਿਬ ਵੱਲੋਂ ਕੁੱਲ 07 ਕੈਦੀਆਂ ਨੂੰ ਰਿਹਾ ਕਰਨ ਦੇ ਹੁਕਮ ਜਾਰੀ ਕੀਤੇ ਗਏ।