ਪ੍ਰਾਈਵੇਟ ਬੱਸ ਅਪਰੇਟਰਾਂ ਨੇ ਮੁੱਖ ਮੰਤਰੀ ਮਾਨ ਤੋਂ ਧੰਦੇ ਨੂੰ ਬਚਾਉਣ ਲਈ ਲਗਾਈ ਗੁਹਾਰ
ਮੁਫ਼ਤ ਬੱਸ ਯਾਤਰਾ ਕੋਵਿਡ ਤੇ ਡੀਜ਼ਲ ਦੇ ਲਗਾਤਾਰ ਵਧਦੇ ਰੇਟਾਂ ਨੇ ਪ੍ਰਾਈਵੇਟ ਬੱਸਾਂ ਦਾ ਧੰਦਾ ਕੀਤਾ ਚੌਪਟ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 30 ਮਾਰਚ 2022 - ਕੋਵਿਡ ਦੀ ਪਹਿਲਾਂ ਹੀ ਮਾਰ ਹੇਠਾਂ ਆਏ ਪ੍ਰਾਈਵੇਟ ਬੱਸ ਅਪਰੇਟਰ ਹਾਲੇ ਤਕ ਸੰਭਲ ਵੀ ਨਹੀਂ ਪਾਏ ਸਨ ਤੇ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਔਰਤਾਂ ਦੇ ਲਈ ਫ੍ਰੀ ਬੱਸ ਯਾਤਰਾ ਦਾ ਐਲਾਨ ਕਰ ਦਿੱਤਾ ਤੇ ਬਾਕੀ ਬਚੀ ਕਸਰ ਡੀਜ਼ਲ ਦੇ ਲਗਾਤਾਰ ਵਧਦੇ ਰੇਟਾਂ ਨੇ ਜਿਥੇ ਪ੍ਰਾਈਵੇਟ ਬੱਸ ਅਪਰੇਟਰਾਂ ਦਾ ਧੰਦਾ ਚੌਪਟ ਕਰ ਦਿੱਤਾ ਹੈ ਉਥੇ ਇਸ ਵਪਾਰ ਨਾਲ ਜੁੜੇ ਕਈ ਪਰਿਵਾਰਾਂ ਦੇ ਚੁੱਲ੍ਹੇ ਠੰਡੇ ਹੋਣ ਦੀ ਕਗਾਰ ਤੇ ਹਨ। ਇਹ ਸ਼ਬਦ ਬੱਸ ਆਪ੍ਰੇਟਰ ਤੇ ਇਨਸਾਨੀਅਤ ਲੋਕ ਭਲਾਈ ਪਾਰਟੀ ਦੇ ਸਰਦੂਲ ਸਿੰਘ ਨੇ ਅੱਜ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਪ੍ਰਾਈਵੇਟ ਬੱਸ ਅਪ੍ਰੇਟਰਾਂ ਦੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਦੋ ਸਾਲ ਕੋਵਿਡ ਕਾਰਨ ਕਈ ਬੱਸ ਅਪ੍ਰੇਟਰਾਂ ਨੇ ਬੱਸਾਂ ਬੰਦ ਹੋਣ ਤੋਂ ਘੱਟ ਸਵਾਰੀਆਂ ਕਾਰਨ ਆਮਦਨ ਖ਼ਤਮ ਹੋਣ ਤੇ ਟੈਕਸ ਭਰਨ ਤੋਂ ਦੁਖੀ ਬੱਸਾਂ ਨੂੰ ਹੀ ਵੇਚ ਦਿੱਤਾ ਸੀ।
ਬੱਸਾਂ ਦੇ ਡਰਾਈਵਰ ਕੰਡਕਟਰ ਆਦਿ ਨੂੰ ਦੋ ਡੰਗ ਦੀ ਰੋਟੀ ਮਿਲਣੀ ਮੁਸ਼ਕਲ ਹੋ ਗਈ ਸੀ। ਹੁਣ ਜਦੋਂ ਕੋਵਿਡ ਦਾ ਪ੍ਰਕੋਪ ਘਟਿਆ ਹੈ ਤਾਂ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕੁਝ ਘਾਟੇ ਤੋਂ ਬਾਹਰ ਨਿਕਲਣ ਦੀ ਉਮੀਦ ਜਾਗੀ ਸੀ ਤੇ ਹੁਣ ਸਰਕਾਰ ਨੇ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ 58 ਸਾਲ ਤੋਂ ਉੱਪਰ ਉਮਰ ਦੀਆਂ ਔਰਤਾਂ ਲਈ ਬੱਸ ਯਾਤਰਾ ਫਰੀ ਸੀ ਪ੍ਰੰਤੂ ਹੁਣ ਤਾਂ ਹਰੇਕ ਉਮਰ ਦੀ ਔਰਤ ਵਾਸਤੇ ਫ੍ਰੀ ਯਾਤਰਾ ਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰਕੇ ਲੱਖਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਵਿੱਚ ਲੱਤ ਮਾਰੀ ਹੈ। ਆਪਣੀ ਪਾਰਟੀ ਨੂੰ ਆਮ ਆਦਮੀ ਪਾਰਟੀ ਕਹਿਣ ਵਾਲੇ ਇਸ ਪਾਰਟੀ ਨੇ ਸਿਰਫ ਵੋਟਾਂ ਹੀ ਵੇਖੀਆਂ ਨਾ ਕਿ ਕਿਸੇ ਦੀ ਰੋਜ਼ੀ ਰੋਟੀ ਬਾਰੇ ਸੋਚਿਆ। ਸਰਦੂਲ ਸਿੰਘ ਨੇ ਕਿਹਾ ਕਿ ਸਰਕਾਰੀ ਬੱਸਾਂ ਵਿਚ ਫ੍ਰੀ ਯਾਤਰਾ ਕਰਨ ਲਈ ਔਰਤਾਂ ਦੋ ਤਿੰਨ ਘੰਟੇ ਤੱਕ ਸਰਕਾਰੀ ਬੱਸ ਦੀ ਇੰਤਜ਼ਾਰ ਕਰਦੀਆਂ ਹਨ ਪ੍ਰੰਤੂ ਪ੍ਰਾੲੀਵੇਟ ਬੱਸ ਵਿਚ ਨਹੀਂ ਚੜ੍ਹਦੀਆਂ ਜੇ ਚੜ੍ਹਦੀਆਂ ਵੀ ਹਨ ਤਾਂ ਕੰਡਕਟਰ ਨਾਲ ਫਰੀ ਲੈ ਕੇ ਜਾਣ ਲਈ ਝਗੜਾ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕੋਈ ਵੀ ਫਰੀ ਚੀਜ਼ ਹੋਣੀ ਹੀ ਨਹੀਂ ਚਾਹੀਦੀ। ਹਰੇਕ ਸਿਆਸੀ ਪਾਰਟੀ ਆਪਣੀ ਵੋਟ ਦੀ ਖਾਤਰ ਐਲਾਨ ਕਰ ਦਿੰਦੀਆਂ ਹਨ ਜਿਸ ਦਾ ਨਤੀਜਾ ਬਾਅਦ ਵਿੱਚ ਫਿਰ ਸੱਤਾਧਾਰੀ ਪਾਰਟੀ ਨੂੰ ਭੁਗਤਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਫ੍ਰੀ ਬੱਸ ਯਾਤਰਾ ਲਈ ਕੁਝ ਨਿਯਮ ਹੋਣੇ ਚਾਹੀਦੇ ਹਨ। ਇਕ ਉਮਰ ਤੇ ਦੂਸਰਾ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਤੱਕ ਸਾਰੇ ਪੰਜਾਬ ਦੀ ਇਹ ਫ੍ਰੀ ਬੱਸ ਯਾਤਰਾ ਕਰਨੀ ਗ਼ਲਤ ਹੈ। ਉਨ੍ਹਾਂ ਕਿਹਾ ਕਿ ਹੁਣ ਤੀਸਰੀ ਬਾਕੀ ਕਸਰ ਡੀਜ਼ਲ ਦੇ ਲਗਾਤਾਰ ਵਧਦੇ ਰੇਟਾਂ ਨੇ ਪੂਰੀ ਕਰ ਦਿੱਤੀ ਹੈ ਜਿਸ ਉੱਪਰ ਸਰਕਾਰ ਦਾ ਕੋਈ ਵੀ ਕੰਟਰੋਲ ਨਹੀਂ ਹੈ। ਰੋਜ਼ਾਨਾ ਡੀਜ਼ਲ ਦੇ ਵਧੇ ਰੇਟਾਂ ਨੇ ਬੱਸ ਅਪਰੇਟਰਾਂ ਨੂੰ ਬੱਸਾਂ ਖੜ੍ਹੀਆਂ ਕਰਨ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਿਰਾਏ ਵਿੱਚ ਤਾਂ ਡੀਜ਼ਲ ਦਾ ਖ਼ਰਚ ਹੀ ਪੂਰਾ ਨਹੀਂ ਹੁੰਦਾ ਬਾਕੀ ਹੋਰ ਖਰਚੇ ਕਿਵੇਂ ਪੂਰੇ ਹੋਣਗੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਾਈਵੇਟ ਬੱਸਾਂ ਦੇ ਅਪਰੇਟਰਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਹਰੇਕ ਵਰਗ ਦੇ ਹਿੱਤ ਲਈ ਯੋਗ ਫ਼ੈਸਲੇ ਲਏ ਜਾਣ ਜਿਸ ਲਈ ਸੂਬੇ ਦੀ ਜਨਤਾ ਨੇ ਰਵਾਇਤੀ ਪਾਰਟੀਆਂ ਨੂੰ ਪਿੱਛੇ ਸੁੱਟ ਕੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦਿੱਤਾ ਹੈ।