ਮਾਲ ਵਿਭਾਗ ਦੇ ਸੁਵਿਧਾ ਕੈਂਪ 'ਚ 56 ਇੰਤਕਾਲ ਪ੍ਰਵਾਨ ਕੀਤੇ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 19 ਅਪ੍ਰੈਲ 2022 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੇ ਹੁਕਮਾਂ 'ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਮੁਤਾਬਕ ਮਾਲ ਵਿਭਾਗ ਵੱਲੋਂ ਸੁਵਿਧਾ ਕੈਂਪ ਬਹਾਦਰਗੜ੍ਹ ਵਿਖੇ ਲਗਾਇਆ ਗਿਆ ਜਿਸ ਵਿਚ 56 ਜ਼ਮੀਨੀ ਕੇਸਾਂ ਦੇ ਇੰਤਕਾਲ ਪ੍ਰਵਾਨ ਕੀਤੇ ਗਏ।
ਤਹਿਸੀਲਦਾਰ ਰਾਮ ਕ੍ਰਿਸ਼ਨ ਦੀ ਅਗਵਾਈ ਹੇਠ ਲੱਗੇ ਇਸ ਸੁਵਿਧਾ ਕੈਂਪ ਵਿਚ ਨਾਇਬ ਤਹਿਸੀਲ ਭੁਪਿੰਦਰ ਸਿੰਘ, ਜ਼ੈਲਦਾਰ ਰੁਪਿੰਦਰ ਸਿੰਘ, ਪਟਵਾਰੀ ਗੁਰਪ੍ਰੀਤ ਸਿੰਘ ਹਲਕਾ ਕਸਬਾ ਪਟਵਾਰੀ ਪਵਨੀਤ ਕੌਰ ਅਤੇ ਮਾਲ ਵਿਭਾਗ ਦੇ ਹੋਰ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।
ਤਹਿਸੀਲਦਾਰ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਇਸ ਕੈਂਪ ਵਿਚ ਅੱਜ ਵੱਖ ਵੱਖ ਪਿੰਡਾਂ ਦੇ ਇੰਤਕਾਲ ਦੇ ਕੇਸ ਆਏ ਸਨ ਤੇ ਮੌਕੇ 'ਤੇ 56 ਜ਼ਮੀਨੀ ਇੰਤਕਾਲਾਂ ਦੀ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਅਜਿਹੇ ਸੁਵਿਧਾ ਕੈਂਪ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋ ਰਹੇ ਹਨ ਕਿਉਂਕਿ ਇਹ ਉਹਨਾਂ ਦੇ ਘਰਾਂ ਨਜ਼ਦੀਕ ਲੱਗ ਰਹੇ ਹਨ ਜਿਸ ਵਿਚ ਵਿਭਾਗ ਦੇ ਵੱਖ ਵੱਖ ਅਧਿਕਾਰੀ ਤੇ ਇਲਾਕੇ ਦੇ ਪਟਵਾਰੀ ਭਾਗ ਲੈਂਦੇ ਹਨ ਤੇ ਜ਼ਮੀਨੀ ਇੰਤਕਾਲ ਤੇ ਹੋਰ ਮਾਲ ਵਿਭਾਗ ਨਾਲ ਸਬੰਧਤ ਮਸਲਿਆਂ ਦਾ ਮੌਕੇ 'ਤੇ ਨਿਪਟਾਰਾ ਹੋ ਜਾਂਦਾ ਹੈ।
ਇਸ ਮੌਕੇ ਪਿੰਡ ਆਲਮਪਰ ਦੇ ਨੰਬਰਦਾਰ ਕੁਲਵੰਤ ਸਿੰਘ, ਪੰਜਾਬੀ ਯੂਨੀਵਰਸਿਟੀ ਏ ਕਲਾਸ ਅਫਸਰ ਐਸੋਸੀਏਸ਼ਨ ਦੇ ਖ਼ਜ਼ਾਨਚੀ ਬੱਚਿਤਰ ਸਿੰਘ ਤੇ ਹੋਰ ਆਗੂ ਵੀ ਮੌਜੂਦ ਸਨ।