ਫ਼ਿਜ਼ੀਕਲ ਕਾਲਜ ਵਿਖੇ ਕਰਵਾਇਆ ਬਾਸਕਟਬਾਲ ਦਾ ਇੰਟਰਾਮਿਊਰਲ
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ,28 ਅਪ੍ਰੈਲ,2022:
ਸਰਕਾਰੀ ਸਰੀਰਕ ਸਿੱਖਿਆ ਕਾਲਜ, ਪਟਿਆਲ਼ਾ ਵਿਖੇ 26 ਅਪ੍ਰੈਲ ਨੂੰ ਬੀਪੀਐੱਡ ਭਾਗ ਚੌਥਾ ਦੇ ਵਿਦਿਆਰਥੀਆਂ ਵਲੋਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਕਰਨਲ ਨਵਜੀਤ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਬਾਸਕਟਬਾਲ ਦਾ ਇੰਟਰਾਮਿਊਰਲ ਕਰਵਾਇਆ ਗਿਆ। ਬੀਪੀਐੱਡ ਭਾਗ ਚੌਥਾ ਕਲਾਸ ਦੇ ਸਲੇਬਸ ਦਾ ਹਿੱਸਾ ਹੁੰਦਿਆਂ ਇਸ ਪ੍ਰੋਜੈਕਟ ਇੰਟਰਾਮਿਊਰਲ ਦੀ ਸਾਰੀ ਤਿਆਰੀ ਅਤੇ ਜ਼ਿੰਮੇਵਾਰੀ ਸੰਬੰਧਿਤ ਕਲਾਸ ਦੇ ਵਿਦਿਆਰਥੀਆਂ ਸਿਰ ਸੀ। ਇਸ ਮੌਕੇ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਅਤੇ ਮਹਾਰਾਜਾ ਰਣਜੀਤ ਸਿੰਘ ਸਟੇਟ ਅਵਾਰਡੀ ਤਲਵਿੰਦਰ ਸਿੰਘ ਸਾਹੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀ ਉਹਨਾਂ ਦੀਆਂ ਸੈਕੜੇ ਖੇਡ ਪ੍ਰਾਪਤੀਆਂ ਤੋਂ ਉਤਸ਼ਾਹਿਤ ਨਜ਼ਰ ਆਏ।
ਪ੍ਰਬੰਧਕਾਂ ਵਲੋਂ ਕਾਲਜ ਦੇ ਚਾਰ ਹਾਊਸਾਂ, ਮਹਾਰਾਜਾ ਰਣਜੀਤ ਸਿੰਘ ਹਾਊਸ, ਦਰੋਣਾਚਾਰਿਆ ਹਾਊਸ, ਸ਼ਹੀਦ ਭਗਤ ਸਿੰਘ ਹਾਊਸ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਵਿਚੋਂ ਰਲ਼ਵੇਂ ਖਿਡਾਰੀਆਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਦੋ-ਦੋ ਟੀਮਾਂ ਬਣਾਈਆਂ ਗਈਆਂ। ਲੜਕੀਆਂ ਦੀ ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਦਰੋਣਾਚਾਰਿਆ ਹਾਊਸ ਦੀ ਟੀਮ 39-27 ਦੇ ਫ਼ਰਕ ਨਾਲ਼ ਜੇਤੂ ਰਹੀ ਅਤੇ ਲੜਕਿਆਂ ਦੀ ਮਹਾਰਾਜਾ ਰਣਜੀਤ ਸਿੰਘ ਅਤੇ ਦਰੋਣਾਚਾਰਿਆ ਹਾਊਸ ਦੀ ਟੀਮ ਨੇ 69-68 ਦੇ ਫ਼ਰਕ ਨਾਲ਼ ਆਪਣੀ ਜਿੱਤ ਦਰਜ ਕਰਵਾਈ। ਮੁੱਖ ਮਹਿਮਾਨ ਅਤੇ ਪ੍ਰਬੰਧਕਾਂ ਵਲੋਂ ਸਰਵੋਤਮ ਖਿਡਾਰੀ ਅਮਨ ਜੈਨ ਅਤੇ ਸਰਵੋਤਮ ਖਿਡਾਰਨ ਵਿਸ਼ਾਲੀ ਸ਼ਰਮਾ ਨੂੰ ਚੁਣਿਆ ਗਿਆ।
ਅੰਤ ਵਿੱਚ ਸਾਹੀ ਵਲੋਂ ਕਾਲਜ ਦੇ ਸਮੂਹ ਵਿਦਿਆਰਥੀਆਂ ਨਾਲ਼ ਰੂਬਰੂ ਹੁੰਦਿਆਂ ਖੇਡਾਂ ਦੀ ਜਾਣਕਾਰੀ ਦੇ ਨਾਲ਼-ਨਾਲ਼ ਰੂਹਾਨੀਅਤ ਦੇ ਹਵਾਲੇ ਨਾਲ਼ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਦਿੱਤੀ। ਸ਼ਾਹੀ ਵੱਲੋਂ ਜੇਤੂ ਟੀਮਾਂ ਅਤੇ ਸਰਵੋਤਮ ਖਿਡਾਰੀਆਂ ਨੂੰ ਟਰਾਫ਼ੀਆਂ ਨਾਲ਼ ਸਨਮਾਨਿਤ ਕੀਤਾ ਗਿਆ। ਬੀਪੀਐੱਡ ਭਾਗ ਚੌਥਾ ਕਲਾਸ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਸਮੂਹ ਕਾਲਜ ਕਾਉਂਸਲ ਵਲੋਂ ਸ਼ਾਹੀ ਦਾ ਧੰਨਵਾਦ ਕੀਤਾ।
ਬੀਪੀਐੱਡ ਕਲਾਸ ਵਲੋਂ ਇਸ ਇੰਟਰਾਮਿਊਰਲ ਦਾ ਆਯੋਜਨ ਡਾ. ਪ੍ਰਭਜੋਤ ਕੌਰ ਅਤੇ ਡਾ. ਪਰਮਿੰਦਰ ਸਿੰਘ ਦੀ ਨਿਗਰਾਨੀ ਅਤੇ ਅਗਵਾਹੀ ਹੇਠ ਕੀਤਾ ਗਿਆ। ਸਟੇਜ ਦੀ ਕਾਰਵਾਈ ਬੀਪੀਐੱਡ ਭਾਗ ਚੌਥਾ ਦੇ ਵਿਦਿਆਰਥੀਆਂ ਨੀਤਾ ਰਾਣੀ ਅਤੇ ਗੁਰਪ੍ਰੀਤ ਸਿੰਘ ਵਲੋਂ ਚਲਾਈ ਗਈ।