ਪਟਿਆਲਾ ਹਿੰਸਕ ਘਟਨਾਵਾਂ ਸਰਕਾਰ ਦੀ ਅਸਲ ਮੁੱਦੇ ਤੋਂ ਧਿਆਨ ਹਟਾਉਣ ਦੀ ਘੜੀ ਸਾਜਿਸ਼ : ਪ੍ਰੋ. ਚੰਦੂਮਾਜਰਾ
ਜੀ ਐਸ ਪੰਨੂ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ,2 ਮਈ,2022: ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ.
ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਵਿਚ ਵਾਪਰੀਆਂ ਸਮੁੱਚੀਆਂ ਘਟਨਾਵਾਂ ਦੇ ਲਈ ਆਮ
ਆਦਮੀ ਪਾਰਟੀ ਦੀ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ
ਸਰਕਾਰ ਨੇ ਘੱਟ ਕਣਕ ਦਾ ਝਾੜ ਨਿਕਲਣ ਕਾਰਨ ਅਤੇ ਬਿਜਲੀ ਦੇ ਸੰਕਟ ਦੇ ਕਾਰਨ ਡਰੀ ਹੋਈ
ਅਤੇ ਭੈਭੀਤ ਸੀ, ਜਿਸ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਸਰਕਾਰ ਨੇ ਇਹ ਸਾਜਿਸ
ਰਚੀ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੂੰ ਇੱਕ ਹਫਤੇ ਤੋਂ ਪਤਾ ਸੀ ਕਿ ਖਤਰਨਾਕ
ਬਿਆਨਬਾਜੀ ਹੋ ਰਹੀ ਹੈ ਤਾਂ ਸਰਕਾਰ ਨੇ ਕੋਈ ਐਕਸ਼ਨ ਲੈਣ ਜਾਂ ਫੇਰ ਬੈਠ ਕੇ ਮਸਲੇ ਦਾ
ਹੱਲ ਕੱਢਣ ਦੀ ਕੋਈ ਕੋਸ਼ਿਸ ਨਹੀਂ ਕੀਤੀ ਅਤੇ ਬੜੀ ਅਸਾਨੀ ਨਾਲ ਘਟਨਾਵਾਂ ਨੂੰ ਹੋਣ
ਦਿੱਤਾ ਗਿਆ। ਐਨਾ ਹੀ ਨਹੀਂ ਜਦੋਂ ਘਟਨਾਵਾਂ ਵਾਪਰ ਗਈਆਂ ਫੇਰ ਵੀ ਨਾ ਤਾਂ ਮੁੱਖ ਮੰਤਰੀ
ਸਾਹਿਬ ਖੁਦ ਉਥੇ ਆਏ ਅਤੇ ਨਾ ਹੀ ਆਪਣਾ ਕੋਈ ਵਜ਼ੀਰ ਭੇਜਿਆ, ਜਿਹੜਾ ਕਿ ਸਾਰੀਆਂ ਧਿਰਾ
ਨੂੰ ਬਿਠਾ ਕੇ ਮਾਮਲੇ ਨੂੰ ਸ਼ਾਂਤ ਕਰਦਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇੰਨੀ ਹੀ ਬਸ
ਨਹੀਂ ਸਰਕਾਰ ਦੇ ਨੁੰਮਾਇੰਦਿਆਂ ਵੱਲੋਂ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਦੀ ਬਜਾਏ ਅਤੇ ਆਪਣੀ
ਨਾਲਾਇਕੀ ਛੁਪਾਉਣ ਲਈ ਰਾਘਵ ਚੱਢਾ ਨੇ ਇਸ ਦੇ ਲਈ ਅਕਾਲੀ ਦਲ ਅਤੇ ਕਾਂਗਰਸ ਨੂੰ
ਜਿੰਮੇਵਾਰ ਠਹਿਰਾ ਦਿੱਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਸਿਵ ਸੈਨਾ
ਨੂੰ ਜਿੰਮੇਵਾਰ ਠਹਿਰਾ ਕੇ ਸੱਤਾਧਾਰੀ ਧਿਰ ਦਾ ਰੋਲ ਨਿਭਾਉਣ ਦੀ ਬਜਾਏ ਵਿਰੋਧੀ ਧਿਰ
ਵਾਲੀ ਭੂੁਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਪੁਲਿਸ ਅਫਸਰ ਬਦਲ ਕੇ ਆਪਣੀ
ਜਿੰਮੇਵਾਰੀ ਤੋਂ ਭੱਜ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਆਮ ਆਦਮੀ ਪਾਰਟੀ ਭਵਿੱਖ
ਵਿਚ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਵੀ ਅਜਿਹੀ ਸਾਜਿਸ਼ ਰਚ ਸਕਦੀ ਹੈ ਤਾਂ ਕਿ ਲੋਕਾਂ ਦਾ
ਅਸਲੀ ਮੁੱਦਿਆਂ ਤੋਂ ਧਿਆਨ ਭਟਕ ਸਕੇ ਅਤੇ ਲੋਕਾਂ ਵਿਚ ਆਪਸੀ ਭਾਈਚਾਰਕ ਖਟਾਸ ਪੈਦਾ ਹੋ
ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਸ਼ਾਂਤੀ ਬਹਾਲੀ ਦੀ ਬੀਤੇ ਕੱਲ੍ਹ ਤੋਂ ਕੋਸ਼ਿਸ
ਕੀਤੀ ਜਾ ਰਹੀ ਹੈ ਅਤੇ ਅਕਾਲੀ ਦਲ ਅਗਲੇ ਹਫਤੇ ਘੱਟ ਗਿਣਤੀ ਨਾਲ ਸੰਬੰਧਿਤ ਧਾਰਮਿਕ
ਸੰਸਥਾਵਾ ਦਾ ਇੱਕ ਵਫਦ ਲੈ ਕੇ ਕੇਂਦਰੀ ਘੱਟ ਗਿਣਤੀ ਕਮਿਸ਼ਨ ਨੂੰ ਮਿਲੇਗਾ ਅਤੇ ਸਮੁੱਚੀ
ਰਿਪੋਰਟ ਪੇਸ਼ ਕਰੇਗਾ। ਉਨ੍ਹਾਂ ਪਟਿਆਲਾ ਦੇ ਲੋਕਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾ ਨੇ
ਪੰਜਾਬ ਸਰਕਾਰ ਵੱਲੋਂ ਰਚੀ ਸਾਜਿਸ ਦੇ ਬਾਵਜੂਦ ਵੀ ਸਬਰ ਤੋਂ ਕੰਮ ਲਿਆ ਅਤੇ ਆਪਸੀ
ਭਾਈਚਾਰੇ ਵਿਚ ਕੋਈ ਵਿਗਾੜ ਨਹੀਂ ਪਾਇਆ। ਇਸ ਮੌਕੇ ਜਗਜੀਤ ਸਿੰਘ ਕੋਹਲੀ, ਸ਼ੋ੍ਮਣੀ ਕਮੇਟੀ ਮੈਂਬਰ ਜਰਨੈਲ
ਸਿੰਘ ਕਰਤਾਰਪੁਰ, ਸਿਮਰਨਜੀਤ ਸਿੰਘ ਚੰਦੂਮਾਜਰਾ, ਦਵਿੰਦਰਪਾਲ ਸਿੰਘ ਭੋਲਾ ਚੱਢਾ,
ਸੁਖਵਿੰਦਰਪਾਲ ਸਿੰਘ ਮਿੰਟਾ, ਸੁਖਬੀਰ ਸਿੰਘ ਅਬਲੋਵਾਲ, ਜਸਵਿੰਦਰਪਾਲ ਸਿੰਘ ਚੱਢਾ,
ਪਲਵਿੰਦਰ ਸਿੰਘ ਰਿੰਕੂ, ਜਤਿੰਦਰ ਸਿੰਘ ਪਹਾੜੀਪੁਰ, ਹਰਪਾਲ ਸਿੰਘ ਹੈਰੀ, ਗੁਰਵਿੰਦਰ
ਸਿੰਘ ਮਿੱਠੂ ਮਾਜਰਾ, ਸੈਬੀ ਚੱਢਾ,ਰੈਬੀ ਚੱਢਾ, ਜਸਨ ਚੱਢਾ, ਅਮਨ ਸਿੰਘ ਢੋਟ ਆਦਿ ਵੀ
ਹਾਜ਼ਰ ਸਨ।