ਅਧਿਆਪਕਾ ਨੇ ਸਾਥੀ ਅਧਿਆਪਕਾਵਾਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
ਸੁਲਤਾਨਪੁਰ ਲੋਧੀ,4 ਮਈ 2022
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਥਾਣਾ ਬੇਗੋਵਾਲ ਵਿੱਚ ਪੈਂਦੇ ਪਿੰਡ ਮਿਆਣੀ ਭੱਗੂਪੁਰੀਆ ਵਾਸੀ ਨਮਰਤਾ ਸ਼ਰਮਾ ਵੱਲੋਂ ਸਰਕਾਰੀ ਹਾਈ ਸਕੂਲ ਭਦਾਸ ਦੀਆਂ ਦੋ ਅਧਿਆਪਕਾਂਵਾਂ ਵੱਲੋਂ ਕਥਿਤ ਤੌਰ ਤੇ ਜ਼ਲੀਲ ਕਰਨ ਤੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਥਾਣਾ ਬੇਗੋਵਾਲ ਦੀ ਪੁਲਿਸ ਵੱਲੋਂ ਮਿਲੇ ਸਬੂਤਾਂ ਦੇ ਆਧਾਰ ਤੇ ਦੋਵਾਂ ਅਧਿਆਪਕਾਂਵਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ ।
ਇਸ ਸਬੰਧੀ ਮ੍ਰਿਤਕ ਅਧਿਆਪਕਾ ਦੇ ਪਤੀ ਵਿਸ਼ਾਲ ਬਜਾਜ ਪੁੱਤਰ ਅਸ਼ੋਕ ਬਜਾਜ ਵਾਸੀ ਪਿੰਡ ਮਿਆਣੀ ਭੱਗੂਪੁਰੀਆ ਵੱਲੋਂ ਪੁਲਿਸ ਨੂੰ ਦਿਤੇ ਬਿਆਨਾ ਚ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੰਡ ਕੁੱਲਾ ਵਿਖੇ ਬਤੌਰ ਈਟੀਟੀ ਟੀਚਰ ਲੱਗਾ ਹੋਇਆ ਹੈ । 2 ਮਈ ਨੂੰ ਮੇਰੀ ਪਤਨੀ ਨਮਰਤਾ ਸ਼ਰਮਾ ਉਮਰ 40 ਸਾਲ ਕਰੀਬ 9.30 ਵਜੇ ਦਿਨੇ ਆਪਣੀ ਡਿਊਟੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਗਈ ਸੀ ਅਤੇ ਦੁਪਹਿਰ ਵੇਲੇ ਉਹ ਸਕੂਲ ਤੋਂ ਘਰ ਵਾਪਸ ਆ ਗਈ ਤੇ ਮੇਰੀ ਪਤਨੀ ਨੇ ਵਾਪਸ ਘਰ ਆ ਕੇ ਮੈਨੂੰ ਦੱਸਿਆ ਕਿ ਮੇਰੀ ਰਵਨੀਤ ਕੌਰ ਅਤੇ ਮਨਦੀਪ ਕੌਰ ਨਾਲ ਸਕੂਲ ਲੇਟ ਜਾਣ ਤੋਂ ਬਹਿਸ ਹੋਈ ਹੈ ਤੇ ਉਨ੍ਹਾਂ ਨੇ ਉਸ ਨੂੰ ਜਲੀਲ ਕੀਤਾ ਹੈ। ਉਸਨੇ ਸਾਰਾ ਘਟਨਾਕ੍ਰਮ ਮੈਨੂੰ ਦੱਸਿਆ ਤੇ ਉਸ ਤੋਂ ਬਾਅਦ ਮੈਂ ਤੇ ਮੇਰੀ ਪਤਨੀ ' ਲੜਕਾ ਸ਼ਮੀਰ ਬਜਾਜ ਖਾਣਾ ਖਾ ਕੇ ਆਪਣੇ ਘਰ ਰਾਤ ਨੂੰ ਬੈਠੇ ਸੀ ਤਾ ਕਰੀਬ 10 -00 ਵਜੇ ਰਾਤ ਮੇਰੀ ਪਤਨੀ ਨਮਰਤਾ ਸ਼ਰਮਾ ਮੇਰੇ ਕਮਰੇ ਵਿੱਚੋਂ ਉੱਠ ਕੇ ਦੂਸਰੇ ਕਮਰੇ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ। ਮੇਰੇ ਕਮਰੇ ਵਾਲੇ ਦਰਵਾਜੇ ਦਾ ਬਾਹਰੋਂ ਕੁੰਡਾ ਪਹਿਲਾਂ ਹੀ ਲਾ ਦਿੱਤਾ ਸੀ ।
ਇਸ ਤੋਂ ਬਾਅਦ ਮੈਂ ਆਪਣੀ ਮਾਤਾ ' ਜਸਵੰਤ ਰਾਣੀ ਨੂੰ ਫੋਨ ਕੀਤਾ ਜਿਸ ਤੇ ਮੇਰਾ ਭਰਾ ਦੀਪਕ ਬਜਾਜ ਮੇਰੇ ਘਰ ਆਏ ਅਤੇ ਕਮਰੇ ਦਾ ਕੁੰਡਾ ਖੋਲਿਆ ਤੇ ਅਸੀਂ ਦੂਸਰੇ ਕਮਰੇ ਵਿੱਚ ਦੇਖਿਆ ਕਿ ਮੇਰੀ ਪਤਨੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਜੋ ਮੇਰੀ ਪਤਨੀ ਖੁਦਕੁਸ਼ੀ ਕਰਨ ਤੋਂ ਪਹਿਲਾ ਉਸ ਕਮਰੇ ਵਿੱਚ ਲਿਪਸਟਿਕ ਨਾਲ ਕਮਰੇ ਦੀ ਕੰਧ ਤੇ ਅਤੇ ਅਲਮਾਰੀ ਦੇ ਦਰਵਾਜੇ ਲਿਖ ਗਈ ਹੈ ਕਿ ਉਸ ਨੂੰ ਰਵਨੀਤ ਕੌਰ ਤੇ ਮਨਦੀਪ ਕੌਰ ਨੇ ਜਲੀਲ ਕੀਤਾ ਹੈ ਅਤੇ ਮੈਂਟਲੀ ਟਾਰਚਰ ਕਰਦੀਆਂ ਹਨ । ਉਹਨਾਂ ਨੂੰ ਬਿਲਕੁਲ ਵੀ ਨਾ ਬਖਸਿਆ ਜਾਵੇ | ਥਾਣਾ ਮੁਖੀ ਬੇਗੋਵਾਲ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਦੋਸ਼ੀ ਅਧਿਆਪਕਾਂਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਆਰੰਭ ਕਰ ਦਿੱਤੀ ਹੈ ਅਤੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਦੋਸ਼ੀ ਅਧਿਆਪਕਾਂਵਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।