ਮਿ੍ਤਕ ਨੌਜਵਾਨ ਜੁਗਰਾਜ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਲਾਇਆ ਸਵਾਲੀਆ ਨਿਸ਼ਾਨ?
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 5 ਮਈ 2022 ਬੀਤੇ ਦਿਨ ਸੁਲਤਾਨਪੁਰ ਲੋਧੀ-ਡਡਵਿੰਡੀ ਮਾਰਗ ‘ਤੇ ਪਿੰਡ ਜੈਨਪੁਰ ਦੇ ਨਜਦੀਕ ਇੱਕ ਨੌਜਵਾਨ ਜੁਗਰਾਜ ਸਿੰਘ ਵਾਸੀ ਸ਼ੇਰਪੁਰ ਸੱਧਾ ਦੀ ਸ਼ੱਕੀ ਹਾਲਤ ‘ਚ ਮਿਲੀ ਲਾਸ਼ ਤੇ ਪੁਲਸ ਵੱਲੋਂ ਦਰਜ ਕੀਤੇ ਗਏ ਕੇਸ ‘ਤੇ ਮਿ੍ਰਤਕ ਨੌਜਵਾਨ ਦੇ ਪਰਿਵਾਰਿਕ ਮੈਂਬਰ ਸੰਤੁਸ਼ਟ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਪੁਲਸ ਦੇ ਕੇਸ ਨੂੰ ਗੋਲਮੋਲ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਮਿ੍ਰਤਕ ਨੌਜਵਾਨ ਦੇ ਚਾਚਾ ਬੂਟਾ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਮੇਰੇ ਭਤੀਜੇ ਦੀ ਕੁਝ ਨਸ਼ਿਆਂ ਦੇ ਤਸਕਰਾਂ ਨੇ ਹੱਤਿਆ ਕੀਤੀ ਹੈ ਤੇ ਹੱਤਿਆ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਮੂੰਹ ਤੇ ਕਪੜਾ ਬੰਨ੍ਹ ਕੇ ਉਹ ਜੰਗਲ ‘ਚ ਸੁੱਟ ਆਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਜੁਗਰਾਜ ਦੇ ਗਲੇ ‘ਚ ਰੱਸੀ ਦੇ ਵੀ ਨਿਸ਼ਾਨ ਪਾਏ ਗਏ ਹਨ ਜਿਸ ਤੇ ਸਾਫ ਤੇ ਸਪੱਸ਼ਟ ਹੈ ਕਿ ਉਸਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਉਕਤ ਦੋਸ਼ੀ ਦਾ ਪਿਤਾ ਤੇ ਇੱਕ ਚਚੇਰਾ ਭਰਾ ਪੰਜਾਬ ਪੁਲਸ ‘ਚ ਮੁਲਾਜਮ ਹਨ ਤੇ ਉਹ ਸੁਲਤਾਨਪੁਰ ਲੋਧੀ ਥਾਣੇ ‘ਚ ਹੀ ਤਾਇਨਾਤ ਹਨ ਜਿਸ ਕਾਰਨ ਪੁਲਸ ਆਪਣੇ ਮੁਲਾਜਮ ਨੂੰ ਬਚਾਉਣ ਲਈ ਕੇਸ ਦਰਜ ਕਰਨ ਤੋਂ ਆਨਾਕਾਨੀ ਕਰ ਰਹੇ ਸਨ।
ਹੁਣ ਜਦੋਂ ਮੁਲਜਮ ਨੂੰ ਫੜ ਲਿਆ ਤਾਂ ਉਨ੍ਹਾਂ ਨੂੰ ਥਾਣੇ ‘ਚ ਵੀ.ਆਈ.ਪੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ। ਚਾਚਾ ਬੂਟਾ ਸਿੰਘ ਨੇ ਕਿਹਾ ਕਿ ਜੇ ਕਿਸੇ ਆਮ ਵਿਅਕਤੀ ਨੇ ਅਜਿਹੀ ਵਾਰਦਾਤ ਕੀਤੀ ਹੋਵੇ ਤਾਂ ਪੁਲਸ ਤੁਰੰਤ ਕਾਰਵਾਈ ਕਰਦੀ ਹੈ ਤੇ ਉਸਦੇ ਸਾਰੇ ਪਰਿਵਾਰ ਨੂੰ ਚੁੱਕ ਲਿਆਉਂਦੀ ਹੈ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਥਾਣੇ ‘ਚ ਇਸ ਤਰ੍ਹਾਂ ਘੁੰਮ ਰਹੇ ਸੀ ਜਿਵੇਂ ਕੋਈ ਵੱਡਾ ਕਾਰਨਾਮਾ ਕਰਕੇ ਆਏ ਹਨ ਤੇ ਉਨ੍ਹਾਂ ਨੂੰ ਕਿਸੇ ਦਾ ਕੋਈ ਡਰ ਨਹੀ ਹੈ। ਉਨ੍ਹਾਂ ਦੀ ਜਗ੍ਹਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣੀ ਚਾਹੀਦੀ ਸੀ ਜਦਕਿ ਉਹ ਥਾਣੇ ‘ਚ ਗੱਦਿਆਂ ਤੇ ਆਰਾਮ ਨਾਲ ਬੈਠੇ ਸਨ। ਉਨ੍ਹਾਂ ਕਿਹਾ ਕਿ ਇਹ ਕੇਸ ਕਤਲ ਦਾ ਹੈ ਤੇ ਉਕਤ ਮੁਲਜਮਾਂ ‘ਤੇ ਧਾਰਾ 302 ਲੱਗਣੀ ਚਾਹੀਦੀ ਹੈ ਪ੍ਰੰਤੂ ਪੁਲਸ ਨੇ ਕੇਸ ਨੂੰ ਕਮਜੋਰ ਕਰਨ ਵਾਸਤੇ ਜਾਣਬੁੱਝ ਕੇ 304 ਦਾ ਕੇਸ ਦਰਜ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਵਤੀਰੇ ਕਾਰਨ ਸਾਨੂੰ ਪੁਲਸ ਦੀ ਕਾਰਜਪ੍ਰਣਾਲੀ ‘ਤੇ ਵੀ ਸ਼ੱਕ ਹੈ ਕਿ ਸਾਨੂੰ ਇਨਸਾਫ ਮਿਲੇਗਾ ਵੀ ਜਾਂ ਨਹੀ। ਉਨ੍ਹਾਂ ਕਿਹਾ ਕਿ ਹਲਕੇ ‘ਚ ਸਰੇਆਮ ਚਿੱਟਾ ਵਿਕ ਰਿਹਾ ਹੈ ਜਿਸਦਾ ਪੁਲਸ ਨੂੰ ਸਾਰਾ ਮਾਲੂਮ ਹੈ ਪ੍ਰੰਤੂ ਕੁਝ ਪੁਲਸ ਮੁਲਾਜਮ ਜੋ ਵਿਭਾਗ ‘ਚ ਅਜਿਹੇ ਕਾਰਨਾਮੇ ਕਰਕੇ ਪੁਲਸ ਵਿਭਾਗ ਨੂੰ ਵੀ ਬਦਨਾਮ ਕਰ ਰਹੇ ਹਨ। ਉਨ੍ਹਾਂ ਦੇ ਬੱਚੇ, ਰਿਸ਼ਤੇਦਾਰ ਬਗੈਰ ਕਿਸੇ ਡਰ ਜਾਂ ਖੌਫ ਦੇ ਨਸ਼ਿਆਂ ਦਾ ਧੰਦਾ ਕਰ ਰਹੇ ਹਨ। ਜਿਨ੍ਹਾਂ ਤੇ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ। ਮਿ੍ਰਤਕ ਦੇ ਚਾਚਾ ਬੂਟਾ ਸਿੰਘ ਨੇ ਕਿਹਾ ਕਿ ਸਾਨੂੰ ਆਸ ਸੀ ਕਿ ਨਵੀਂ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਬਣੀ ਹੈ ਤੇ ਨਸ਼ਿਆਂ ਨੂੰ ਇਹ ਸਰਕਾਰ ਜਰੂਰ ਹੁਣ ਠੱਲ੍ਹ ਪਾਵੇਗੀ ਪ੍ਰੰਤੂ ਇਹ ਨਸ਼ਾ ਪਹਿਲੀ ਸਰਕਾਰ ਤੋਂ ਵੀ ਜਿਆਦਾ ਖੁੱਲੇਆਮ ਤੇ ਦੁਗਣੇ ਰੇਟਾਂ ‘ਤੇ ਵਿਕਣ ਲੱਗ ਪਿਆ ਹੈ। ਜਿਸਦੇ ਸਬੰਧ ‘ਚ ਪੁਲਸ ਕਿਉਂ ਨਹੀ ਕਾਰਵਾਈ ਕਰਦੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਨ ਕਿ ਸਾਡੇ ਲੜਕੇ ਦੇ ਕਤਲ ਦੇ ਮਾਮਲੇ ‘ਚ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਰੇ ਦੋਸ਼ੀਆਂ ਨੂੰ ਫੜ ਕੇ ਧਾਰਾ 302 ਦੇ ਤਹਿਤ ਕਾਰਵਾਈ ਕਰਕੇ ਜ਼ਿਲੇ ਦੇ ਕਿਸੇ ਹੋਰ ਥਾਣੇ ‘ਚ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਜੇ ਪੁਲਸ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਸਾਨੂੰ ਮਜਬੂਰ ਹੋ ਕੇ ਇਨਸਾਫ ਲੈਣ ਲਈ ਸੜਕਾਂ ‘ਤੇ ਉਤਰ ਕੇ ਧਰਨਾ ਵੀ ਲਗਾਉਣਾ ਪਿਆ ਤਾਂ ਲਗਾਵਾਂਗੇ।ਇਸ ਮੌਕੇ ਜਗਰੂਪ ਸਿੰਘ, ਗੁਰਭੇਜ ਸਿੰਘ, ਹਰਜੀਤ ਸਿੰਘ, ਸੰਦੀਪ ਸਿੰਘ, ਬਚਿੱਤਰ ਸਿੰਘ, ਸੁਖਜਿੰਦਰ ਸਿੰਘ ਹੈਪੀ, ਰਵੀਪਾਲ, ਅਮਰੀਕ ਸਿੰਘ ਆਦਿ ਵੀ ਹਾਜਰ ਸਨ।
ਕੀ ਕਹਿਣਾ ਹੈ ਡੀ.ਐਸ.ਪੀ ਦਾ
ਇਸ ਸਬੰਧੀ ਜਦੋਂ ਡੀ.ਐਸ.ਪੀ ਸੁਲਤਾਨਪੁਰ ਲੋਧੀ ਰਾਜੇਸ਼ ਕੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਇਸ ਮਾਮਲੇ ‘ਚ ਮੁਲਜਮ ਉਨ੍ਹਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ ਹੈ ਤੇ ਨਸ਼ਾ ਤਸਕਰਾਂ ਨੂੰ ਵੀ ਪੁਲਸ ਨੇ ਗਿ੍ਰਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ‘ਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀ ਜਾਵੇਗਾ ਤੇ ਕਾਨੂੰਨ ਮੁਤਾਬਕ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਸਜਾਵਾਂ ਹੋਵੇਗਾ। ਦੋਸ਼ੀਆਂ ਨੂੰ ਮਿਲ ਰਹੀ ਵੀ.ਆਈ.ਪੀ ਟ੍ਰੀਟਮੈਂਟ ਬਾਰੇ ਡੀ.ਐਸ.ਪੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ।