ਬੁੱਢਾ ਦਲ ਪਬਲਿਕ ਸਕੂਲ ਦਾ 38ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 07 ਮਈ 2022-ਬੁੱਢਾ ਦਲ ਪਬਲਿਕ ਸਕੂਲ ਵਿੱਚ 6 ਮਈ 2022 ਨੂੰ ਸਕੂਲ ਦਾ 38ਵਾਂ ਸਥਾਪਨਾ ਦਿਵਸ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ `ਤੇ ਸਕੂਲ ਦੇ ਚੀਫ ਪੇਟਰਨ ਸਤਿਕਾਰਯੋਗ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਜੀ (ਅਕਾਲੀ) 96 ਕਰੋੜੀ, ਪ੍ਰੈਜ਼ੀਡੈਂਟ ਸ੍ਰੀਮਤੀ ਸੁਖਵਿੰਦਰਜੀਤ ਕੌਰ ਜੀ, ਸਿੱਖਿਆ ਨਿਰਦੇਸ਼ਕ ਅਤੇ ਸਲਾਹਕਾਰ ਐਡਵੋਕੇਟ ਸ. ਕਰਨ ਰਾਜਬੀਰ ਸਿੰਘ ਜੀ, ਸ੍ਰੀਮਤੀ ਨਰਿੰਦਰ ਕੌਰ-ਪਿ੍ਰੰਸੀਪਲ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਅਤੇ ਸ੍ਰੀਮਤੀ ਮਨਪ੍ਰੀਤ ਕੌਰ ਜੀ ਨੇ ਸ਼ਿਰਕਤ ਕੀਤੀ। ਸਕੂਲ ਦੇ ਪਿ੍ਰੰਸੀਪਲ ਸਾਹਿਬਾਨ ਸ੍ਰੀਮਤੀ ਹਰਪ੍ਰੀਤ ਕੌਰ ਜੀ ਨੇ ਉਹਨਾਂ ਸਭ ਦਾ ਨਿੱਘਾ ਸਵਾਗਤ ਕੀਤਾ।
ਸਕੂਲ ਦੇ ਪ੍ਰੈਜ਼ੀਡੈਂਟ ਸ੍ਰੀਮਤੀ ਸੁਖਵਿੰਦਰਜੀਤ ਕੌਰ ਜੀ ਅਤੇ ਪਿ੍ਰੰਸੀਪਲ ਸਾਹਿਬਾਨ ਸ੍ਰੀਮਤੀ ਹਰਪ੍ਰੀਤ ਕੌਰ ਜੀ ਨੇ ਆਪਣੇ ਕਰ ਕਮਲਾਂ ਨਾਲ ਰੁੱਖ ਲਗਾ ਕੇ ਵਾਤਾਵਰਨ ਨੂੰ ਹਰੇ-ਭਰੇ ਰੱਖਣ ਦਾ ਸੰਦੇਸ਼ ਦਿੱਤਾ।
ਪ੍ਰੋਗਰਾਮ ਦੀ ਸ਼ੁਰੂਆਤ ਰਸਭਿੰਨੇ ਕੀਰਤਨ ਨਾਲ ਹੋਈ। ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਵਿਦਿਆਰਥੀਆਂ ਅਤੇ ਦਰਸ਼ਕਾਂ ਨੇ ਇਹਨਾਂ ਖੇਡਾਂ ਦਾ ਭਰਪੂਰ ਅਨੰਦ ਮਾਣਿਆ। ਇਸ ਤੋਂ ਇਲਾਵਾ ‘ਸੁਹਣੀ ਪੱਗ’ ਬੰਨਣ ਅਤੇ ਰੱਸਾ-ਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ। ਖੇਡਾਂ ਉਪਰੰਤ ਸਾਰੇ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ। ਸਾਰੇ ਸਾਲ ਦੌਰਾਨ ਵਧੀਆ ਪ੍ਰਦਰਸ਼ਨ ਲਈ ਬਾਬਾ ਫਤਿਹ ਸਿੰਘ ਹਾਊਸ ਨੂੰ ਵਿਜੇਤਾ ਘੋਸ਼ਿਤ ਕਰਦੇ ਹੋਏ ਵਿਜੇਤਾ ਟਰਾਫੀ ਨਾਲ ਨਿਵਾਜਿਆ ਗਿਆ। ਖੇਡਾਂ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਹਨਾਂ ਅਧਿਆਪਕਾਂ ਨੇ ਸਕੂਲ ਦੀ ਬੁਨਿਆਦ ਨੂੰ ਪੱਕੇ ਕਰਨ ਵਿੱਚ 25 ਸਾਲ ਦਾ ਸਮਾਂ ਪੂਰਾ ਕੀਤਾ ਉਹਨਾਂ ਨੂੰ ਮੈਨੈਜਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।
ਇਸ ਮੌਕੇ ਤੇ ਸਕੂਲ ਦੇ ਚੀਫ ਪੇਟਰਨ ਸਤਿਕਾਰਯੋਗ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਜੀ (ਅਕਾਲੀ) 96 ਕਰੋੜੀ ਨੇ ਸਮੂਹ ਬੁੱਢਾ ਦਲ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਆਸ਼ਿਰਵਾਦ ਦਿੱਤਾ। ਅੰਤ ਵਿੱਚ ਸਕੂਲ ਦੇ ਪਿ੍ਰੰਸੀਪਲ ਸਾਹਿਬਾਨ ਸ੍ਰੀਮਤੀ ਹਰਪ੍ਰੀਤ ਕੌਰ ਜੀ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਮੈਨੇਜਮੈਂਟ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅੱਗੇ ਵਧਣ ਲਈ ਪ੍ਰੇਰਿਤ ਕੀਤਾ।