ਰਾਜ ਸਭਾ ਚੋਣਾਂ: ਪੰਜਾਬ ਵਿੱਚ ਅਕਾਲੀ ਦਲ-ਬਸਪਾ ਨੂੰ ਝਟਕਾ, ਆਮ ਆਦਮੀ ਪਾਰਟੀ ਨੂੰ ਫਾਇਦਾ, ਦੋਵਾਂ ਸੀਟਾਂ ਤੇ ਕਰ ਸਕਦੀ ਹੈ ਕਬਜ਼ਾ
-ਕਾਂਗਰਸੀ ਆਗੂ ਅੰਬਿਕਾ ਸੋਨੀ ਤੇ ਅਕਾਲੀ ਆਗੂ ਬਲਵਿੰਦਰ ਸਿੰਘ ਭੁੰਦੜ ਹੋਏ ਵਿਹਲੇ
- ਕੇਂਦਰੀ ਮੰਤਰੀ ਗੋਇਲ, ਨਕਵੀ, ਸਿੱਬਲ ਤੇ ਸਤੀਸ਼ ਚੰਦਰ ਮਿਸ਼ਰਾ ਦਾ ਕਾਰਜਕਾਲ ਖਤਮ
- ਮੈਂਬਰਾਂ ਦੀ ਮਿਆਦ 21 ਜੂਨ ਤੋਂ 1 ਅਗਸਤ ਤੱਕ ਖਤਮ ਹੋ ਰਹੀ ਹੈ
- 245 ਮੈਂਬਰੀ ਰਾਜ ਸਭਾ ਵਿੱਚ ਭਾਜਪਾ ਦੇ ਇਸ ਸਮੇਂ 95 ਮੈਂਬਰ ਹਨ
ਦੀਪਕ ਗਰਗ
ਕੋਟਕਪੂਰਾ 12 ਮਈ 2022 - ਪੰਦਰਾਂ ਰਾਜਾਂ ਦੀਆਂ 57 ਰਾਜ ਸਭਾ ਸੀਟਾਂ ਲਈ 10 ਜੂਨ ਨੂੰ ਚੋਣਾਂ ਹੋਣਗੀਆਂ।ਚੋਣ ਕਮਿਸ਼ਨ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ।ਇਨ੍ਹਾਂ ਸੀਟਾਂ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰਾਂ ਦਾ ਕਾਰਜਕਾਲ ਜੂਨ ਅਤੇ ਅਗਸਤ ਦੇ ਵਿਚਕਾਰ ਖਤਮ ਹੋ ਰਿਹਾ ਹੈ।
ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੱਡੇ ਸਦਨ 'ਚ ਅਕਾਲੀ ਦਲ ਦੀ ਨੁਮਾਇੰਦਗੀ ਖਤਮ ਹੋਣ ਦੀ ਸੰਭਾਵਨਾ ਹੈ, ਜਦਕਿ ਹਾਲ ਹੀ 'ਚ ਰਾਜ ਸਭਾ 'ਚ 100 ਮੈਂਬਰਾਂ ਦਾ ਅੰਕੜਾ ਪਾਰ ਕਰਨ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਗਿਣਤੀ ਵੀ ਘਟਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ, ਮੁਖਤਾਰ ਅੱਬਾਸ ਨਕਵੀ, ਕਾਂਗਰਸੀ ਆਗੂ ਅੰਬਿਕਾ ਸੋਨੀ, ਜੈਰਾਮ ਰਮੇਸ਼ ਅਤੇ ਕਪਿਲ ਸਿੱਬਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਤੀਸ਼ ਚੰਦਰ ਮਿਸ਼ਰਾ ਪ੍ਰਮੁੱਖ ਹਨ।
ਇਨ੍ਹਾਂ ਮੈਂਬਰਾਂ ਦੀ ਮਿਆਦ 21 ਜੂਨ ਤੋਂ 1 ਅਗਸਤ ਦਰਮਿਆਨ ਖਤਮ ਹੋ ਰਹੀ ਹੈ। 245 ਮੈਂਬਰੀ ਰਾਜ ਸਭਾ 'ਚ ਇਸ ਸਮੇਂ ਭਾਜਪਾ ਦੇ 95 ਮੈਂਬਰ ਹਨ ਜਦਕਿ ਕਾਂਗਰਸ ਦੇ 29 ਮੈਂਬਰ ਹਨ।
ਉੱਤਰ ਪ੍ਰਦੇਸ਼ ਦੇ 11 ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ ਜਦਕਿ ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਛੇ-ਛੇ ਮੈਂਬਰ ਇਸ ਸਮੇਂ ਦੌਰਾਨ ਸੇਵਾਮੁਕਤ ਹੋ ਰਹੇ ਹਨ। ਚਾਰ-ਚਾਰ ਮੈਂਬਰ ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਕਰਨਾਟਕ ਦੇ ਹਨ।
ਤਿੰਨ-ਤਿੰਨ ਮੈਂਬਰ ਮੱਧ ਪ੍ਰਦੇਸ਼ ਅਤੇ ਉੜੀਸਾ ਤੋਂ ਹਨ। ਸੇਵਾਮੁਕਤ ਹੋਣ ਵਾਲੇ ਮੈਂਬਰਾਂ ਵਿੱਚ ਦੋ-ਦੋ ਮੈਂਬਰ ਤੇਲੰਗਾਨਾ, ਛੱਤੀਸਗੜ੍ਹ, ਪੰਜਾਬ, ਝਾਰਖੰਡ ਅਤੇ ਹਰਿਆਣਾ ਤੋਂ ਹਨ ਜਦਕਿ ਇੱਕ ਮੈਂਬਰ ਉੱਤਰਾਖੰਡ ਤੋਂ ਹੈ।
ਭਾਜਪਾ ਨੂੰ ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਰਾਜਸਥਾਨ ਵਿੱਚ ਝਟਕਾ ਲੱਗ ਸਕਦਾ ਹੈ। ਆਂਧਰਾ ਪ੍ਰਦੇਸ਼ ਤੋਂ ਭਾਜਪਾ ਦੇ ਤਿੰਨ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਹਾਲਾਂਕਿ, ਭਾਜਪਾ ਨੂੰ ਉਮੀਦ ਹੈ ਕਿ ਉਹ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਇਸ ਨੁਕਸਾਨ ਦੀ ਭਰਪਾਈ ਕਰੇਗੀ। ਪੰਜਾਬ ਤੋਂ ਅਕਾਲੀ ਦਲ ਦੇ ਇਕਲੌਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਕਾਂਗਰਸ ਦੀ ਅੰਬਿਕਾ ਸੋਨੀ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ। ਆਮ ਆਦਮੀ ਪਾਰਟੀ ਇੱਥੇ ਦੋਵੇਂ ਸੀਟਾਂ 'ਤੇ ਕਬਜ਼ਾ ਕਰ ਸਕਦੀ ਹੈ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਗੱਠਜੋੜ ਸਰਕਾਰ ਹੈ। ਇਸ ਰਾਜ ਵਿੱਚੋਂ ਖਾਲੀ ਪਈਆਂ ਛੇ ਸੀਟਾਂ ਵਿੱਚੋਂ ਇਸ ਵੇਲੇ ਤਿੰਨ ’ਤੇ ਗਠਜੋੜ ਅਤੇ ਤਿੰਨ ’ਤੇ ਭਾਜਪਾ ਦਾ ਕਬਜ਼ਾ ਹੈ।
ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਗਠਜੋੜ ਆਪਣੀਆਂ ਸਾਰੀਆਂ ਤਿੰਨ ਸੀਟਾਂ ਬਚਾ ਲਵੇਗਾ ਜਦੋਂਕਿ ਭਾਜਪਾ ਆਸਾਨੀ ਨਾਲ ਤਿੰਨ ਵਿੱਚੋਂ ਸਿਰਫ਼ ਦੋ ਸੀਟਾਂ ਜਿੱਤਣ ਦੀ ਸਥਿਤੀ ਵਿੱਚ ਹੈ। ਰਾਜ ਸਭਾ ਚੋਣਾਂ ਲਈ 24 ਮਈ ਨੂੰ ਅਧਿਕਾਰਿਤ ਸੂਚਨਾ ਜਾਰੀ ਹੋਵੇਗੀ ਜਦਕਿ 10 ਜੂਨ ਨੂੰ ਵੋਟਾਂ ਪੈਣਗੀਆਂ।
ਪੰਜਾਬ ਦੀਆਂ ਦੋਵੇਂ ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਉਣਗੀਆਂ । ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਵਿਰੋਧੀ ਧਿਰ ਦਾ ਕੋਈ ਰਾਜ ਸਭ ਮੈਂਬਰ ਪੰਜਾਬ 'ਚੋ ਨਹੀਂ ਹੋਵੇਗਾ.