ਡੇਰਾ ਸਿਰਸਾ ਮੁਖੀ ਨੂੰ ਬੇਅਦਬੀ ਮਾਮਲਿਆਂ ’ਚ ਮਿਲੀ ਰੈਗੂਲਰ ਜ਼ਮਾਨਤ
ਅਸ਼ੋਕ ਵਰਮਾ
ਬਠਿੰਡਾ,13ਮਈ2022:ਫਰੀਦਕੋਟ ਅਦਾਲਤ ਡੇਰਾ ਸੱਚਾ ਸੌਦਾ ਸਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਬੇਅਦਬੀ ਨਾਲ ਸਬੰਧਤ ਦੋ ਮਾਮਲਿਆਂ ’ਚ ਅੱਜ ਰੈਗੂਲਰ ਜਮਾਨਤ ਦੇ ਦਿੱਤੀ ਹੈ ਜਦੋਂਕਿ ਬੇਅਦਬੀ ਨਾਲ ਜੁੜੀ ਇੱਕ ਐਫ ਆਈ ਆਰ ’ਚ ਬਾਬਾ ਰਾਮ ਰਹੀਮ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲੋਂ ਅਗਾਊ ਜਮਾਨਤ ਮਿਲੀ ਹੋਈ ਹੈ। ਡੇਰਾ ਸਿਰਸਾ ਮੁਖੀ ਇਸ ਵੇਲੇ ਹਰਿਆਣਾ ਦੇ ਰੋਤਕ ਜਿਲ੍ਹੇ ਦੀ ਸੁਨਾਰੀਆਂ ਜੇਲ੍ਹ ’ਚ ਵੱਖ ਵੱਖ ਕੇਸਾਂ ’ਚ ਸਜ਼ਾ ਭੁਗਤ ਰਹੇ ਹਨ।
ਡੇਰਾ ਮੁਖੀ ਤਰਫੋਂ ਇੰਨ੍ਹਾਂ ਮਾਮਲਿਆਂ ਦੀ ਪੈਰਵਾਈ ’ਚ ਸ਼ਾਮਲ ਐਡਵੋਕੇਟ ਕੇਵਲ ਸਿੰਘ ਬਰਾੜ ਬਠਿੰਡਾ ਨੇ ਦੱਸਿਆ ਕਿ ਅੱਜ ਡੇਰਾ ਸਿਰਸਾ ਮੁਖੀ ਨੂੰ ਬੇਅਦਬੀ ਮਾਮਲਿਆਂ ਦੇ ਸਬੰਧ ’ਚ ਥਾਣਾ ਬਾਜਾਖਾਨਾ ’ਚ ਦਰਜ ਐਫ ਆਈ ਆਰ ਨੰਬਰ 117 ਤੇ 128 ਦੀ ਸੁਣਵਾਈ ਕਰਦਿਆਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀਮਤੀ ਮੋਨਿਕਾ ਲਾਂਬਾ ਦੀ ਅਦਾਲਤ ਨੇ ਰੈਗੂਲਰ ਜ਼ਮਾਨਤ ਦੇਣ ਦਾ ਫੈਸਲਾ ਸੁਣਾਇਆ ਹੈ।
ਉਨ੍ਹਾਂ ਦੱਸਿਆ ਕਿ ਅਜਿਹੇ ਹੀ ਕੇਸ ਨਾਲ ਸਬੰਧਤ ਐਫ ਆਈ ਆਰ ਨੰਬਰ 63 ’ਚੋਂ ਹਾਈਕੋਰਟ ’ਚੋਂ ਪਹਿਲਾਂ ਹੀ ਅਗਾਊ ਜ਼ਮਾਨਤ ਮਿਲ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੇਅਦਬੀ ਦੇ ਇੰਨ੍ਹਾਂ ਮਾਮਲਿਆਂ ਨਾਲ ਡੇਰਾ ਮੁਖੀ ਦਾ ਨਾਮ ਜੋੜਨਾ ਸੋਚੀ ਸਮਝੀ ਚਾਲ ਅਤੇ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਡੇਰਾ ਸਿਰਸਾ ਮੁਖੀ ਨੂੰ ਇਨ੍ਹਾਂ ਮਾਮਲਿਆਂ ’ਚ ਨਾਮਜਦ ਕੀਤਾ ਗਿਆ ਸੀ।
ਡੇਰਾ ਸੱਚਾ ਸੌਦਾ ਵੱਲੋਂ ਇਨ੍ਹਾਂ ਮਾਮਲਿਆਂ ’ਚ ਸੀਨੀਅਰ ਐਡਵੋਕੇਟ ਰਾਜੀਵ ਮੋਹਨ ਦਿੱਲੀ, ਐਡਵੋਕੇਟ ਕੇਵਲ ਸਿੰਘ ਬਰਾੜ ਬਠਿੰਡਾ, ਐਡਵੋਕੇਟ ਗੁਰਦਾਸ ਸਲਵਾਰਾ ਅਤੇ ਹਰੀਸ਼ ਛਾਬੜਾ ਪੈਰਵਾਈ ਕਰ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਨਾਮਜਦ ਕਰਨ ਤੋਂ ਬਾਅਦ ਖੁਦ ਡੇਰਾ ਮੁਖੀ ਆਪਣੇ ਪੱਤਰ ਰਾਹੀਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਚੁੱਕੇ ਹਨ।
ਬੇਅਦਬੀ ਦਾ ਡੇਰੇ ਨਾਲ ਸਬੰਧ ਨਹੀਂ:ਪ੍ਰਬੰਧਕ
ਓਧਰ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਅਤੇ ਡੇਰਾ ਆਗੂ ਹਰਚਰਨ ਸਿੰਘ ਇੰਸਾਂ ਨੇ ਦਾਅਵੇ ਨਾਲ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਜਾਂ ਪੈਰੋਕਾਰਾਂ ਦਾ ਬੇਅਦਬੀ ਦੇ ਮਾਮਲਿਆਂ ਨਾਲ ਕੋਈ ਸਬੰਧ ਨਹੀ ਹੈ। ਉਨ੍ਹਾਂ ਆਖਿਆ ਕਿ ਏਦਾਂ ਕਰਨਾ ਤਾਂ ਦੂਰ ਡੇਰਾ ਪੈਰੋਕਾਰ ਤਾਂ ਅਜਿਹਾ ਕਰਨ ਬਾਰੇ ਸੋਚ ਵੀ ਨਹੀ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪੂਰੀ ਨਿਰਪੱਖਤਾ ਨਾਲ ਜਾਂਚ ਕਰਵਾਏ ਤਾਂ ਸਚਾਈ ਸਾਹਮਣੇ ਆ ਜਾਏਗੀ। ਉਨ੍ਹਾਂ ਕਿਹਾ ਕਿ ਕਿਸੇ ਨਿਰਪੱਖ ਏਜੰਸੀ ਵੱਲੋਂ ਉੱਚ ਪੱਧਰੀ ਪੜਤਾਲ ਕੀਤੀ ਜਾਏ ਅਤੇ ਅਸਲੀ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਏ ਡੇਰਾ ਪ੍ਰਬੰਧਕ ਤਾਂ ਖੁਦ ਇਹ ਪੁਰਜੋਰ ਮੰਗ ਕਰ ਰਹੇ ਹਨ।