ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਫਾਇਰ ਸੇਫਟੀ ਟ੍ਰੈਨਿੰਗ ਕੈਂਪ ਲਾਇਆ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 14 ਮਈ, 2022:
ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਕੰਵਲਜੀਤ ਸਿੰਘ ਬਾਜਵਾ, ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਤਹਿਤ ਫਾਇਰ ਬ੍ਰਿਗੇਡ ਨਵਾਂਸ਼ਹਿਰ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ, ਨਵਾਂਸ਼ਹਿਰ ਵਿਖੇ ਇਕ ਦਿਨਾਂ ਫਾਇਰ ਸੇਫ਼ਟੀ ਟ੍ਰੈਨਿੰਗ ਕੈਂਪ ਲਾਇਆ ਗਿਆ।
ਇਸ ਫਾਇਰ ਸੇਫ਼ਟੀ ਟ੍ਰੈਨਿੰਗ ਕੈਂਪ ਵਿੱਚ ਸਾਰੇ ਜੂਡੀਸ਼ੀਅਲ ਅਫਸਰਾਂ ਅਤੇ ਅਦਾਲਤਾਂ ਦੇ ਕਰਮਚਾਰੀਆਂ ਨੇ ਭਾਗ ਲਿਆ। ਫਾਇਰ ਅਫ਼ਸਰ ਅਜੇ ਗੋਇਲ, ਵੱਲੋਂ ਅਲੱਗ-ਅਲੱਗ ਪਹਿਲੂਆਂ ਤੋਂ ਅੱਗ ਬੁਝਾਉਣ ਦੇ ਤਰੀਕਿਆਂ ਬਾਰੇ ਦੱਸਿਆ ਗਿਆ। ਇਹ ਵੀ ਦੱਸਿਆ ਗਿਆ ਕਿ ਅੱਗ ਲੱਗਣ ਤੇ ਘਬਰਾਉਣ ਦੀ ਬਜਾਏ, ਜੇਕਰ ਸਾਨੂੰ ਅੱਗ ਬੁਝਾਊ ਯੰਤਰਾਂ ਦੀ ਜਾਣਕਾਰੀ ਹੋਵੇ ਤਾਂ ਫੁਰਤੀ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਾਨੂੰ ਸਭ ਨੂੰ ਦਫਤਰਾਂ, ਘਰਾਂ ਵਿੱਚ ਅੱਗ ਬਝਾਊ ਯੰਤਰ ਲਗਾਉਣੇ ਚਾਹੀਦੇ ਹਨ ਤਾਂ ਜੋ ਹੰਗਾਮੀ ਹਾਲਤ ਬਣਨ ਤੇ ਇਨ੍ਹਾਂ ਨਾਲ ਅਸੀ ਅੱਗ ਤੇ ਕਾਬੂ ਪਾ ਸਕੀਏ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਾਰੇ ਸਟਾਫ ਦੇ ਕਰਮਚਾਰੀਆਂ ਨੂੰ ਅੱਗ ਬਝਾਊ ਯੰਤਰ ਚਲਾਉਣ ਦੀ ਸਿਖਲਾਈ ਦਿੱਤੀ ਗਈ ।