ਹਰਸਿਮਰਤ ਵੱਲੋਂ ਵੱਖ ਵੱਖ ਮੁੱਦਿਆਂ ’ਤੇ ਭਗਵੰਤ ਮਾਨ ਸਰਕਾਰ ਦੀ ਘੇਰਾਬੰਦੀ
ਅਸ਼ੋਕ ਵਰਮਾ
ਬਠਿੰਡਾ,14ਮਈ2022:ਬਠਿੰਡਾ ਤੋ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ 2 ਮਹੀਨਿਆਂ ਵਿਚ 8 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਤੇ ਅਗਲੇ 5 ਸਾਲਾਂ ਵਿਚ ਇਹ ਕੀ ਕਰਨਗੇ, ਇਸਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਉਹਨਾਂ ਕਿਹਾਕਿ ਆਪ ਸਰਕਾਰ ਪੰਜ ਸਾਲਾਂ ਵਿਚ ਪੰਜਾਬ ਨੂੰ ਡੋਬ ਦੇਵੇਗੀ। ਅੱਜ ਇਥੇ ਜਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਚੋਣਾਂ ਤੋ ਪਹਿਲਾਂ ਤੇ ਚੋਣਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਾਰ ਵਾਰ ਇਹ ਦਾਅਵੇ ਕਰਦੇ ਸਨ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾਵਾਂਗੇ।
ਉਹਨਾਂ ਕਿਹਾ ਕਿ ਕਰਜ਼ਾ ਮੁਕਤੀ ਵਾਲੇ ਪਾਸੇ ਕੰਮ ਕਰਨ ਦੀ ਥਾਂ ਇਹਨਾਂ ਦੋ ਮਹੀਨਿਆਂ ਵਿਚ 8 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ। ਉਹਨਾਂ ਕਿਹਾ ਕਿ ਇਹ ਪੈਸਾ ਕਿਥੇ ਵਰਤਿਆ ਗਿਆ ਸਾਰੇ ਵੇਖ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਪੈਸੇ ਨਾਲ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਕਸ਼ਮੀਰ ਤੋ ਕੰਨਿਆ ਕੁਮਾਰੀ ਤੱਕ ਅਖ਼ਬਾਰਾਂ ਵਿਚ ਫੁਲ ਪੇਜ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਾਂਗੂ ਹੀ ਮੌਜੂਦਾ ਆਪ ਸਰਕਾਰ ਬਿਜਲੀ ਸੰਕਟ ‘ਤੇ ਯੋਜਨਾਬੰਦੀ ਕਰਨ ਵਿਚ ਨਾਕਾਮ ਰਹੀ ਹੈ ਜਿਸ ਕਾਰਨ ਪੰਜਾਬ ਵਿਚ ਅੱਜ 4 ਤੋ 14 ਘੰਟੇ ਦੇ ਬਿਜਲੀ ਕੱਟ ਹਰ ਵਰਗ ਲਈ ਲੱਗ ਰਹੇ ਹਨ।
ਉਹਨਾਂ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਪ੍ਰਾਈਵੇਟ ਥਰਮਲਾਂ ਨੂੰ ਲੈ ਕੇ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕਰਦੇ ਸਨ, ਅੱਜ ਆਪ ਸਰਕਾਰ ਦੇ ਮੰਤਰੀ ਖੁਦ ਇਹਨਾਂ ਪਲਾਂਟਾਂ ਵਿਚ ਜਾ ਕੇ ਕਹਿ ਰਹੇ ਹਨ ਕਿ ਸਾਰੇ ਯੂਨਿਟ ਚਲਾਏ ਜਾਣ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਸੀ ਪਰ ਹੁਣ ਪੰਜਾਬ ਵਿਚ ਫਿਰ ਤੋ ਬਿਜਲੀ ਦੀ ਘਾਟ ਬਣ ਗਈ ਹੈ ਤੇ ਆਪ ਸਰਕਾਰ ਇਸ ਮਾਮਲੇ ਵਿਚ ਯੋਜਨਾਬੰਦੀ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ 300 ਯੁਨਿਟ ਤਾਂ ਕੀ ਮੁਫਤ ਮਿਲਣੇ ਹਨ, ਸਗੋਂ ਬਿਜਲੀ ਸਪਲਾਈ ਹੀ ਨਹੀਂ ਆਉਣੀ ਤੇ ਲੋਕਾਂ ਨੁੰ ਫਿਰ ਤੋ ਜਨਰੇਟਰ ਖਰੀਦਣੇ ਪੈਣਗੇ।
ਉਨ੍ਹਾਂ ਕਿਹਾ ਕਿ ਇਹ ਪਾਰਟੀ ਲੋਕਾਂ ਨੁੰ 300 ਯੁਨਿਟ ਮੁਫਤ ਬਿਜਲੀ ਅਤੇ ਔਰਤਾਂ ਨੂੰ 1 ਹਜ਼ਾਰ ਰੁਪਏ ਦਾ ਝੂਠਾ ਵਾਅਦਾ ਕਰ ਕੇ ਸੱਤਾ ਵਿਚ ਆਈ ਹੈ। ਉਹਨਾਂ ਕਿਹਾ ਕਿ ਚੋਣਾਂ ਤੋ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਅਸੀਂ ਭਿ੍ਰਸ਼ਟਾਚਾਰ ਖਤਮ ਕਰ ਕੇ ਸਾਲਾਨਾ 36 ਹਜ਼ਾਰ ਕਰੋੜ ਰੁਪਏ ਬਚਾ ਲਵਾਂਗੇ। ਉਹਨਾਂ ਕਿਹਾ ਕਿ ਫਰਵਰੀ ਤੋ ਅਪ੍ਰੈਲ ਤੱਕ ਤਿੰਨ ਮਹੀਨਿਆਂ ਵਿਚ 10 ਤੋ 15 ਹਜ਼ਾਰ ਰੁਪਏ ਇਕੱਠੇ ਹੋ ਗਏ ਹੋਣਗੇ ਤਾਂ ਫਿਰ ਆਪ ਸਰਕਾਰ ਔਰਤਾਂ ਨੁੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਉਂ ਨਹੀਂ ਦੇ ਰਹੀ।
ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਭਿ੍ਰਸ਼ਟਾਚਾਰ ਖਿਲਾਫ ਹੈਲਪਲਾਈਨ ਜਾਰੀ ਕੀਤੀ ਜਿਸ ‘ਤੇ ਕਿੰਨੇ ਕੇਸ ਆਏ ਤੇ ਕਿੰਨੇ ਮਾਮਲਿਆਂ ਵਿਚ ਕਾਰਵਾਈ ਹੋਈ, ਇਹ ਪੰਜਾਬੀਆਂ ਨੂੰ ਤਾਂ ਪਤਾ ਨਹੀਂ ਪਰ ਅਰਵਿੰਦ ਕੇਜਰੀਵਾਲ ਹਿਮਾਚਲ ਪ੍ਰਦੇਸ਼ ਵਿਚ ਜਾ ਕੇ ਦਾਅਵਾ ਕਰ ਰਹੇ ਹਨ ਕਿ ਅਸੀਂ ਪੰਜਾਬ ਵਿਚੋ ਭਿ੍ਰਸ਼ਟਾਚਾਰ ਖਤਮ ਕਰ ਦਿੱਤਾ। ਬੀਬਾ ਬਾਦਲ ਨੇ ਕਿਹਾ ਕਿ ਤਰਨਤਾਰਨ ਵਿਚ ਆਮ ਆਦਮੀ ਪਾਰਟੀ ਦਾ ਸਰਪੰਚ ਤੇ ਉਸਦੀ ਪਤਨੀ ਨਸ਼ਾ ਵੇਚਦੇ ਫੜੇ ਗਏ ਹਨ। ਇਸ ਮਾਮਲੇ ਵਿਚ ਮੁੱਖ ਮੰਤਰੀ ਨੇ ਹਾਲੇ ਤੱਕ ਚੁੱਪੀ ਨਹੀਂ ਤੋੜੀ।
ਉਹਨਾਂ ਕਿਹਾ ਕਿ 2015 ਤੋ ਹੁਣ ਤੱਕ ਕਾਂਗਰਸ ਤੇ ਆਪ ਅਕਾਲੀ ਦਲ ਦੇ ਖਿਲਾਫ ਨਸ਼ਿਆਂ ਦੇ ਮਾਮਲੇ ‘ਤੇ ਕੂੜ ਪ੍ਰਚਾਰ ਕਰਦੇ ਸਨ ਪਰ ਹੁਣ 100 ਦਿਨਾਂ ਵਿਚ 100 ਮੌਤਾਂ ਪੰਜਾਬ ਵਿਚ ਨਸ਼ਿਆਂ ਨਾਲ ਹੋਈਆਂ ਹਨ। ਨਾ ਤਾਂ ਨਵਜੋਤ ਸਿੱਧੂ ਕੁਝ ਬੋਲੇ ਹਨ ਤੇ ਨਾ ਹੀ ਆਪ ਦੇ ਆਗੂਆਂ ਦਾ ਕੋਈ ਪ੍ਰਤੀਕਰਮ ਆਇਆ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 10 ਦਿਨਾਂ ਵਿਚ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ ਜਦੋ ਕਿ 60 ਦਿਨਾਂ ਮਗਰੋ ਵੀ ਨਸ਼ਾ ਆਮ ਵਿਕ ਰਿਹਾ ਹੈ ਤੇ ਇਹਨਾਂ ਦੀ ਵੀਡੀਓ ਵਾਇਰਲ ਹੋ ਰਹੀਆਂ ਹਨ।
ਬੀਬੀ ਬਾਦਲ ਨੇ ਕਿਹਾ ਕਿ ਜਦੋ ਸੰਵਿਧਾਨ ਵਿਚ ਸਭ ਨੁੰ ਬਰਾਬਰ ਦੇ ਹੱਕ ਮਿਲੇ ਹਨ ਤਾਂ ਫਿਰ ਆਪਣੀਆਂ ਸਜ਼ਾਵਾਂ ਤੋਂ ਵੀ ਵੱਧ ਸਾਲ ਜੇਲ੍ਹਾਂ ਅੰਦਰ ਕੱਟਣ ਤੋਂ ਬਾਅਦ ਬੰਦੀ ਸਿੰਘ ਵੀ ਇਹਨਾਂ ਹੱਕਾਂ ਮੁਤਾਬਕ ਰਿਹਾਅ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹਨਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਵਾਸਤੇ ਭਾਰਤ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਪਰ 4 ਸਾਲ ਬੀਤਣ ਮਗਰੋ ਵੀ ਇਹਨਾਂ ਦੀ ਰਿਹਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਤੋ ਇਨਕਾਰੀ ਹੈ ਪਰ ਹਾਲੇ ਤੱਕ ਭਗਵੰਤ ਮਾਨ ਨੇ ਇਸ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ।