ਸਮਾਜਿਕ ਕਾਰਕੁਨ ਨੇ ਗੜਸ਼ੰਕਰ ਲਾਗੇ ਜੰਗਲ ਅਤੇ ਪਹਾੜਾਂ ਦੀ ਤਬਾਹੀ ਦੀ ਪੰਜਾਬ ਸਰਕਾਰ ਨੂੰ ਕੀਤੀ ਸ਼ਿਕਾਇਤ
ਚੰਡੀਗੜ੍ਹ, 15 ਮਈ, 2022: ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਨੇ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖ ਕੇ ਗੜ੍ਹਸ਼ੰਕਰ ਲਾਗੇ ਜੰਗਲ ਤੇ ਪਹਾੜਾਂ ਦੀ ਤਬਾਹੀ ਦੀ ਸ਼ਿਕਾਇਤ ਕੀਤੀ ਹੈ ਤੇ ਦੱਸਿਆ ਹੈ ਕਿ ਕਿਵੇਂ ਗੈਰ ਕਾਨੂੰਨੀ ਸਟੋਨ ਕਰੱਸ਼ਰ ਨਾਲ ਨੁਕਸਾਨ ਹੋ ਰਿਹਾ ਹੈ।
ਪੜ੍ਹੋ ਉਸ ਦੀ ਸ਼ਿਕਾਇਤ ਦੀ ਕਾਪੀ :
ਹਵਾਲਾ:62/22
ਮਿਤੀ: 14/05/2022
ਸੇਵਾ ਵਿਖੇ
ਸ਼੍ਰੀ ਕ੍ਰਿਸ਼ਨ ਕੁਮਾਰ ਜੀ,
ਮਾਨਯੋਗ ਪ੍ਰਮੁੱਖ ਸਕੱਤਰ,
ਜਲ ਸਰੋਤ, ਮਾਈਨਿੰਗ ਅਤੇ ਜਿਓਲੋਜੀ ਵਿਭਾਗ ਪੰਜਾਬ,
ਚੰਡੀਗੜ੍ਹ।
ਵਿਸ਼ਾ: ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਹੱਦ ’ਤੇ ਚੱਲ ਰਹੇ M/s AAR ESS stone crusher ਦੀ ਚੈਕਿੰਗ ਕਰਨ ਵਾਸਤੇ।
ਸ਼੍ਰੀਮਾਨ ਜੀ,
ਉਕਤ ਕਰੱਸ਼ਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜੰਗਲਾਤ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਬੰਧਤ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਦੇ ਚੱਲਦਿਆਂ ਲੱਗਿਆ ਸੀ।ਸਭ ਤੋਂ ਪਹਿਲਾਂ ਪਿੰਡ ਰਾਮਪੁਰ ਬਿੱਲੜੋਂ (ਬਲਾਕ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ) ਦੀ ਪੰਚਾਇਤ ਨੇ ਇੱਕ ਧਾਰਮਿਕ ਸਥਾਨ ‘ਚਿੜੇ ਦਾ ਪੌਅ’ ਤੱਕ ਸ਼ਰਧਾਲੂਆਂ ਦੇ ਆਉਣ-ਜਾਣ ਦਾ ਬਹਾਨਾ ਲਗਾ ਕੇ ਰਸਤਾ ਬਣਾਉਣ ਦੀ ਆਗਿਆ ਲੈ ਲਈ ਜਦਕਿ ਇਸਦੀ ਵਰਤੋਂ ਮਾਈਨਿੰਗ ਮਾਫੀਆ ਵਲੋਂ ਆਪਣੇ ਭਾਰੀ ਅਤੇ ਓਵਰਲੋਡ ਵਾਹਨ ਲੰਘਾਉਣ ਲਈ ਕੀਤੀ ਜਾਂਦੀ ਰਹੀ।ਇਲਾਕੇ ਦੇ ਲੋਕਾਂ, ਵਾਤਾਵਰਣ ਪ੍ਰੇਮੀਆਂ ਅਤੇ ਸਮਾਜਿਕ ਕਾਰਕੁੰਨਾਂ ਵਲੋਂ ਅਵਾਜ਼ ਉਠਾਉਣ ਦੇ ਬਾਵਜੂਦ ਉਕਤ ਵਿਭਾਗਾਂ ਦੇ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ।ਪਤਾ ਲੱਗਿਆ ਹੈ ਕਿ ਇਸ ਕਰੱਸ਼ਰ ਦੇ ਮਾਲਕ Ministry of Environment, Forest And Climate Change ਤੋਂ ਪ੍ਰਵਾਨਗੀ ਲੈਣ ਵਿੱਚ ਵੀ ਕਾਮਯਾਬ ਹੋ ਗਏ ਹਨ।ਇਸ ਕਰੱਸ਼ਰ ਦੇ ਚੱਲਦਿਆਂ ਜੰਗਲ ਅਤੇ ਜੰਗਲੀ ਜੀਵਾਂ ਦਾ ਬਹੁਤ ਨੁਕਸਾਨ ਹੋਇਆ ਹੈ।
ਕਿਰਪਾ ਕਰਕੇ ਹੇਠ ਲਿਖੇ ਅਨੁਸਾਰ ਚੈਕਿੰਗ (ਹੋਰ ਜ਼ਿਲ੍ਹਿਆਂ ਨਾਲ ਸਬੰਧਤ ਇਮਾਨਦਾਰ ਅਧਿਕਾਰੀਆਂ ਰਾਹੀਂ) ਕਰਕੇ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇ:
1. ਕੀ ਜੰਗਲ ਵਿੱਚ ਦਿੱਤਾ ਗਿਆ ਰਸਤਾ ਨਿਯਮਾਂ ਮੁਤਾਬਕ ਸਹੀ ਹੈ?
2. ਕੀ ਇਹ ਕਰੱਸ਼ਰ ਦਿੱਤੀ ਗਈ ਮਨਜ਼ੂਰੀ ਦੀ ਲੋਕੇਸ਼ਨ ’ਤੇ ਚੱਲ ਰਿਹਾ ਹੈ ਜਾਂ ਇਸ ਵਿੱਚ ਕੋਈ ਤਬਦੀਲੀ ਕੀਤੀ ਗਈ ਹੈ?ਆਪ ਜੀ ਨੂੰ ਦੱਸਣਾ ਉਚਿੱਤ ਰਹੇਗਾ ਕਿ 2018 ਵਿੱਚ ਇਹ ਮੁੱਦਾ ਉੱਠਿਆ ਸੀ ਕਿ ਇਸ ਕਰੱਸ਼ਰ ਦੀ ਮਨਜ਼ੂਰੀ ਹਿਮਾਚਲ ਵਿੱਚ ਗੋਂਦਪੁਰ ਦੀ ਦਿੱਤੀ ਗਈ ਹੈ ਜਦਕਿ ਅਸਲ ਵਿੱਚ ਇਹ ਪੰਜਾਬ ਵਿੱਚ ਚੱਲ ਰਿਹਾ ਹੈ।ਮਾਲ ਵਿਭਾਗ ਦੇ ਅਧਿਕਾਰੀ ਇਸ ਸਬੰਧੀ ‘ਰਿਕਾਰਡ ਨਹੀਂ ਮਿਲ ਰਿਹਾ’ ਦਾ ਬਹਾਨਾ ਲਗਾ ਕੇ ਚੁੱਪ ਰਹੇ ਸਨ।
3. ਕੀ ਇਸ ਵਪਾਰਕ ਅਦਾਰੇ ਦੇ ਮਾਲਕਾਂ ਵਲੋਂ ਰਸਤੇ ਦੀ ਮਨਜ਼ੂਰੀ ਸਬੰਧੀ ਜਾਰੀ ਪੱਤਰ ਨੰ 9-PBB337/2021-CHA ਮਿਤੀ 09/06/2021 ਵਿੱਚ ਦਰਜ ਸ਼ਰਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ?
4. ਇਸ ਸਟੋਨ ਕਰੱਸ਼ਰ ਦੁਆਰਾ ਜੰਗਲ, ਜੰਗਲੀ ਬਨਸਪਤੀ ਅਤੇ ਜੰਗਲੀ ਜੀਵਾਂ ਦੇ ਕੀਤੇ ਨੁਕਸਾਨ ਅਤੇ ਇਸਦੀ ਭਰਪਾਈ ਲਈ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਪੱਤਰ ਨੂੰ ਕਿਸੇ ਸਮਰੱਥ ਅਦਾਲਤ, ਟ੍ਰਿਬਿਊਨਲ ਜਾਂ ਕਮਿਸ਼ਨ ਅੱਗੇ ਸਬੂਤ ਦੇ ਤੌਰ ’ਤੇ ਪੇਸ਼ ਕੀਤਾ ਜਾ ਸਕੇਗਾ।
ਧੰਨਵਾਦ ਸਹਿਤ
ਪਰਵਿੰਦਰ ਸਿੰਘ ਕਿੱਤਣਾ
217, ਕੇ.ਸੀ. ਟਾਵਰ, ਚੰਡੀਗੜ੍ਹ ਰੋਡ,
ਨਵਾਂਸ਼ਹਿਰ-144514, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਇਲ: 98143-13162,
ਈਮੇਲ: activepunjab123@gmail.com