ਡਾ. ਜਸਵਿੰਦਰ ਕੌਰ ਮਾਂਗਟ ਵੱਲੋਂ ਵਿਦਿਆਰਥੀਆਂ ਨੂੰ ਸ਼ਹੀਦ ਸੁਖਦੇਵ ਥਾਪਰ ਵਰਗੇ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਸੱਦਾ
ਲੁਧਿਆਣਾ, 15 ਮਈ, 2022: ਜੇ ਅਸੀਂ ਅੱਜ ਆਜ਼ਾਦ ਫ਼ਿਜ਼ਾ ਵਿੱਚ ਸਾਹ ਲੈ ਰਹੇ ਹਾਂ ਤਾਂ ਇਹ ਸ਼ਹੀਦ ਸੁਖਦੇਵ ਥਾਪਰ ਵਰਗੇ ਸ਼ਹੀਦਾਂ ਦੀ ਬਦੌਲਤ ਸੰਭਵ ਹੋਇਆ ਹੈ ਜਿਨ੍ਹਾਂ ਨੇ ਸਾਡੇ ਲਈ ਹਸਦਿਆਂ ਹਸਦਿਆਂ ਫਾਂਸੀ ਦੇ ਰੱਸੇ ਚੁੰਮੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਸੁਖਦੇਵ ਥਾਪਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਮਾਂਗਟ ਨੇ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਨ ਸਬੰਧੀ ਰੱਖੇ ਸਮਾਗਮ ਵਿੱਚ ਬੋਲਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਵਿਸਾਰ ਦਿੰਦੇ ਹਨ ਉਨ੍ਹਾਂ ਦੇ ਦੁਬਾਰਾ ਗੁਲਾਮ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਹੀ ਸੀ ਜਿਸਨੇ ਅੰਗ੍ਰੇਜ਼ ਸਾਮਰਾਜ ਨੂੰ ਭਾਜੜਾਂ ਪਾ ਦਿੱਤੀਆਂ ਅਤੇ ਅਖੀਰ ਉਨ੍ਹਾਂ ਨੂੰ ਭਾਰਤ ਛੱਡਣਾ ਪਿਆ।ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਇਸ ਵੱਡੀ ਅਤੇ ਮਾਣਮੱਤੀ ਸੰਸਥਾ ਦਾ ਨਾਮ ਸ਼ਹੀਦ ਸੁਖਦੇਵ ਥਾਪਰ ਦੇ ਨਾਮ ’ਤੇ ਰੱਖਿਆ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਸੁਖਦੇਵ ਥਾਪਰ ਵਰਗੇ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਅਤੇ ਵਧੀਆ ਤਰੀਕੇ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਅਧਿਆਪਕ ਮੁਨੀਸ਼ ਸ਼ਰਮਾ, ਅਨੂਪ ਕੌਰ, ਸੁਖਮਿੰਦਰ ਕੌਰ, ਲਖਵੀਰ ਕੌਰ, ਸਰਬਜੀਤ ਕੌਰ, ਸਰਪਾਲ ਕੌਰ , ਕਲਰਕ ਜਸਵਿੰਦਰ ਪਾਲ ਕੌਰ ਆਦਿ ਹਾਜ਼ਰ ਸਨ।