ਭਾਰਤ ਨੇ 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਕੇ ਜਿੱਤਿਆ ਥਾਮਸ ਕੱਪ
ਨਵੀਂ ਦਿੱਲੀ, 15 ਮਈ 2022 - ਟੀਮ ਇੰਡੀਆ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਥਾਮਸ ਕੱਪ ਬੈਡਮਿੰਟਨ ਖਿਤਾਬ ਜਿੱਤ ਲਿਆ ਹੈ। ਐਤਵਾਰ ਨੂੰ ਖੇਡੇ ਗਏ ਫਾਈਨਲ ਮੈਚ ਵਿੱਚ ਭਾਰਤ ਨੇ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ। ਭਾਰਤ 73 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਟੂਰਨਾਮੈਂਟ ਜਿੱਤਣ ਵਿੱਚ ਕਾਮਯਾਬ ਹੋਇਆ ਹੈ। ਥਾਮਸ ਕੱਪ ਨੂੰ ਪੁਰਸ਼ ਵਿਸ਼ਵ ਟੀਮ ਚੈਂਪੀਅਨਸ਼ਿਪ ਵੀ ਕਿਹਾ ਜਾਂਦਾ ਹੈ, ਇਸ ਲਈ ਇਹ ਜਿੱਤ 1983 ਦੇ ਕ੍ਰਿਕਟ ਵਿਸ਼ਵ ਕੱਪ ਦੀ ਜਿੱਤ ਵਰਗੀ ਹੈ।
ਪਹਿਲੇ ਮੈਚ ਵਿੱਚ ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਲਕਸ਼ਯ ਸੇਨ ਨੇ ਐਂਥਨੀ ਸਿਨਿਸੁਕਾ ਗਿਨਟਿੰਗ ਨੂੰ 8-21, 21-17, 21-16 ਨਾਲ ਹਰਾਇਆ। ਜਦਕਿ ਦੂਜੇ ਮੈਚ ਵਿੱਚ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਜੋੜੀ ਨੇ ਕੇਵਿਨ ਸੰਜੇ ਸੁਕਮੁਲਜੋ ਅਤੇ ਮੁਹੰਮਦ ਅਹਿਸਾਨ ਨੂੰ 18-21, 23-21, 21-19 ਨਾਲ ਹਰਾਇਆ। ਇਸ ਤੋਂ ਬਾਅਦ ਤੀਜੇ ਮੈਚ ਵਿੱਚ ਕਿਦਾਂਬੀ ਨੇ ਜੋਨਾਥਨ ਕ੍ਰਿਸਟੀ ਨੂੰ 21-15, 23-21 ਨਾਲ ਹਰਾਇਆ।
ਉਥੇ ਹੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਥਾਮਸ ਕੱਪ ਜਿੱਤਣ 'ਤੇ ਭਾਰਤੀ ਬੈਡਮਿੰਟਨ ਟੀਮ ਨੂੰ ਵਧਾਈ ਦਿੱਤੀ ਹੈ ਟਵੀਟ ਕਰਦਿਆਂ ਕਿਹਾ ਕਿ “ਭਾਰਤੀ ਬੈਡਮਿੰਟਨ ਲਈ ਸੁਨਹਿਰੀ ਦਿਨ। ਭਾਰਤੀ ਪੁਰਸ਼ ਟੀਮ ਨੇ ਪਹਿਲੀ ਬਾਰ ਥੌਮਸ ਕੱਪ ਜਿੱਤਿਆ। ਇਸ ਇਤਿਹਾਸਕ ਪ੍ਰਾਪਤੀ ਲਈ ਟੀਮ ਦੇ ਸਾਰੇ ਖਿਡਾਰੀਆਂ, ਕੋਚ ਤੇ ਟੀਮ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈ। ਸੱਚਮੁੱਚ ਇਹ ਇਕ ਟੀਮ ਦੀ ਜਿੱਤ ਹੈ ਜਿਹੜੀ ਖਿਡਾਰੀਆਂ ਦੀ ਸਖ਼ਤ ਮਿਹਨਤ ਸਦਕਾ ਸੰਭਵ ਹੋਈ।”