ਅਨੁਸੂਚਿਤ ਜਾਤੀ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਉੱਪਰ ਹੱਕ ਬਹਾਲ ਕਰੇ ਪੰਜਾਬ ਸਰਕਾਰ - ਗਹਿਰੀ ਘਾਰੂ
- ਦਲਿਤ ਮਹਾਂ ਪੰਚਾਇਤ ਵੱਲੋਂ ਡੀ ਸੀ ਫ਼ਰੀਦਕੋਟ ਨੂੰ ਦਿੱਤਾ ਮੰਗ ਪੱਤਰ
ਦੀਪਕ ਗਰਗ
ਕੋਟਕਪੂਰਾ 15 ਮਈ 2022 - ਦਲਿਤ ਨੇਤਾ ਤੇ ਕਾਂਗਰਸ ਪਾਰਟੀ ਦੇ ਸੂਬਾ ਜਨਰਲ ਸਕੱਤਰ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਦਲਿਤ ਮਹਾਂ ਪੰਚਾਇਤ ਪੰਜਾਬ ਅਤੇ ਬੋਹੜ ਸਿੰਘ ਘਾਰੂ ਮੀਤ ਪ੍ਰਧਾਨ ਪੰਜਾਬ ਨੇ ਦਲਿਤ ਮਹਾਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਇੱਕ ਮੰਗ ਪੱਤਰ ਦਿੰਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਨੁਸੂਚਿਤ ਜਾਤੀ ਕੋਟੇ ਦੀ ਪੰਚਾਇਤੀ ਜ਼ਮੀਨ ਉੱਪਰ ਉਨ੍ਹਾਂ ਦਾ ਹੱਕ ਬਹਾਲ ਕੀਤਾ ਜਾਵੇ ਗਹਿਰੀ ਨੇ ਕਿਹਾ ਕਿ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਚਿੱਠੀ ਜਾਰੀ ਕੀਤੀ।
ਜਿਸ ਵਿਚ ਅਨੁਸੂਚਿਤ ਜਾਤੀ ਕੋਟੇ ਦੀ ਜ਼ਮੀਨ ਉੱਪਰੋਂ ਐੱਸਸੀ ਭਾਈਚਾਰੇ ਦਾ ਹੱਕ ਅਤੇ ਮਿਲਦੀਆਂ ਰਿਆਇਤਾਂ ਨੂੰ ਖ਼ਤਮ ਕਰ ਦਿੱਤਾ ਜਦੋਂ ਕਿ 2017 ਅਤੇ 2018 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਅਨੁਸੂਚਿਤ ਜਾਤੀ ਦੀ ਚਾਲੀ ਫ਼ੀਸਦੀ ਆਬਾਦੀ ਨੂੰ ਵਿਸ਼ੇਸ਼ ਹੱਕ ਦਿੰਦੇ ਹੋਏ ਐਸਸੀ ਕੋਟੇ ਦੀ ਪੰਚਾਇਤੀ ਜ਼ਮੀਨ ਉਪਰ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਇਕ ਏਕੜ ਦਾ ਠੇਕਾ ਦੇਣ ਦੀ ਗੱਲ ਅਤੇ ਦਲਿਤ ਭਾਈਚਾਰੇ ਦੇ 5 ਵਿਅਕਤੀ ਪੰਚਾਇਤੀ ਜ਼ਮੀਨ ਉੱਪਰ ਇਕੱਠੇ ਹੋ ਕੇ ਬੋਲੀ ਦਿੰਦੇ ਸਨ ਤਾਂ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਨਾ ਬਣਦਾ ਸੀ ਪਰ ਹੁਣ ਕੇਜਰੀਵਾਲ ਦੇ ਹੁਕਮਾਂ ਨਾਲ ਅਨੁਸੂਚਿਤ ਜਾਤੀ ਭਾਈਚਾਰੇ ਦਾ ਇਹ ਹੱਕ ਖ਼ਤਮ ਕਰ ਦਿੱਤਾ ਗਿਆ ਜਿਸ ਨੂੰ ਦਲਿਤ ਮਹਾਂ ਪੰਚਾਇਤ ਨੇ ਗੰਭੀਰਤਾ ਨਾਲ ਲੈਂਦੇ ਹੋਏ ਡੀ ਸੀ ਰਾਹੀਂ ਮੰਗ ਪੱਤਰ ਭੇਜ ਕੇ 21ਮਈ ਤੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਅੰਦੋਲਨ ਵਿੱਢਣ ਦਾ ਪ੍ਰੋਗਰਾਮ ਉਲੀਕਿਆ ਹੈ।
ਬੋਹੜ ਸਿੰਘ ਘਾਰੂ ਨੇ ਅੱਜ ਪਿੰਡ ਬੀੜ ਵਿਖੇ ਦਲਿਤ ਭਾਈਚਾਰੇ ਦੀ ਇਕ ਵਿਸ਼ੇਸ਼ ਮੀਟਿੰਗ ਕਰਦਿਆਂ ਅੰਦੋਲਨ ਦੀ ਤਿਆਰੀ ਸਬੰਧੀ ਅਤੇ ਡਿਪਟੀ ਕਮਿਸ਼ਨਰ ਰਾਹੀਂ ਭੇਜੇ ਜਾ ਰਹੇ ਮੰਗ ਪੱਤਰਾਂ ਦੇ ਪ੍ਰਤੀ ਦਲਿਤ ਭਾਈਚਾਰੇ ਨੂੰ ਸੁਚੇਤ ਕਰਦਿਆਂ ਦਲਿਤ ਮਹਾਂ ਪੰਚਾਇਤ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਬੋਹੜ ਸਿੰਘ ਘਾਰੂ ਅਤੇ ਮਹਿਲਾ ਆਗੂ ਮਹਿੰਦਰ ਕੌਰ ਦੀ ਅਗਵਾਈ ਵਿਚ ਵਕੀਲ ਸਿੰਘ ਦੇ ਨਾਲ ਇੱਕੀ ਮੈਂਬਰੀ ਦਲਿਤ ਮਹਾਂ ਪੰਚਾਇਤ ਦੀ ਕਮੇਟੀ ਦਾ ਗਠਨ ਕਰਦੇ ਹੋਏ ਫ਼ਰੀਦਕੋਟ ਦੇ ਸਾਰੇ ਪਿੰਡਾਂ ਵਿੱਚ ਇਕਾਈਆਂ ਬਣਾ ਕੇ ਦਲਿਤ ਮਹਾਂ ਪੰਚਾਇਤ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਨੂੰ ਤੇਜ਼ ਕੀਤਾ ਬੋਹੜ ਸਿੰਘ ਘਾਰੂ ਨੇ ਪਿੰਡਾਂ ਵਿੱਚ ਪਾਏ ਜਾ ਰਹੇ ਝੋਨੇ ਦੀ ਲਵਾਈ ਨੂੰ ਲੈ ਕੇ ਮਤਿਆਂ ਦੇ ਸਬੰਧੀ ਬੋਲਦਿਆਂ ਕਿਹਾ ਕਿ ਇਹ ਸਾਰੇ ਕੰਮ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।
ਇਨ੍ਹਾਂ ਮਤਿਆਂ ਨਾਲ ਮਜ਼ਦੂਰਾਂ ਤੇ ਕਿਸਾਨਾਂ ਵਿਚ ਜੋ ਰੰਜਿਸ਼ ਪੈਦਾ ਹੋ ਰਹੀ ਹੈ ਟਕਰਾਅ ਦੀ ਸਥਿਤੀ ਬਣ ਰਹੀ ਹੈ ਪੰਜਾਬ ਸਰਕਾਰ ਵੱਲੋਂ ਕੋਈ ਕਦਮ ਨਹੀਂ ਉਠਾਇਆ ਜਾ ਰਿਹਾ ਮਜ਼ਦੂਰਾਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਨੇਤਾ ਜਾਂ ਐਮਐਲਏ ਬੋਲਣ ਦੀ ਹਿੰਮਤ ਨਹੀਂ ਕਰ ਰਿਹਾ ਕਿਉਂਕਿ ਸਰਕਾਰ ਕੇਜਰੀਵਾਲ ਦੀ ਅਗਵਾਈ ਵਿੱਚ ਚੱਲ ਰਹੀ ਹੈ ਫੈਸਲੇ ਦਲਿਤ ਵਿਰੋਧੀ ਹੋ ਰਹੇ ਹਨ ਉਨ੍ਹਾਂ ਦੀ ਸੋਚ ਹੈ ਕਿ ਪੰਜਾਬ ਦੇ ਵਿੱਚ ਐਸਸੀਬੀਸੀ ਭਾਈਚਾਰਾ ਮਜ਼ਦੂਰ ਕਿਸਾਨ ਅਤੇ ਹਰ ਵਰਗ ਦੇ ਲੋਕਾਂ ਵਿੱਚ ਆਪਸੀ ਰੰਜਿਸ਼ ਪੈਦਾ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾਵੇ ਤਾਂ ਜੋ ਦਿੱਤੀਆਂ ਝੂਠੀਆਂ ਗਾਰੰਟੀਆਂ ਨੂੰ ਲੋਕ ਭੁੱਲ ਜਾਣ ਪਰ ਸਮੁੱਚਾ ਦਲਿਤ ਭਾਈਚਾਰਾ ਅਤੇ ਇਨਸਾਫਪਸੰਦ ਲੋਕ ਇਹ ਗੱਲ ਮਹਿਸੂਸ ਕਰ ਰਹੇ ਹਨ ਕਿ ਝਾੜੂ ਨੂੰ ਵੋਟ ਪਾ ਕੇ ਉਨ੍ਹਾਂ ਤੋਂ ਇਕ ਇਤਿਹਾਸਕ ਗ਼ਲਤੀ ਹੋਈ ਹੈ ਜਿਸ ਨੂੰ ਜਲਦੀ ਹੀ ਲੋਕ ਸੁਧਾਰ ਲੈਣਗੇ