ਕੈਰੀਅਰ ਸਬੰਧੀ ਜਾਣਕਾਰੀ ਦੇਣ ਲਈ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 16, ਮਈ, 2022; ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ ਸੰਜੀਵ ਦੱਤਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ ਕਰਵਾਈ ਗਈ। ਕਾਲਜ ਪਲੇਸਮੈਂਟ ਸੈੱਲ ਦੇ ਕਨਵੀਨਰ ਡਾ ਅਮਿਤਾ ਜੈਨ ਨੇ ਕਿਹਾ ਵਰਕਸ਼ਾਪ ਦੇ ਅਰੰਭਕ ਦਿਨ ਕੈਨੇਡਾ ਤੋਂ ਐਡਵਾਰਡ ਸਕੂਲ ਆਫ ਬਿਜਨੈੱਸ ਦੇ ਡਾ ਅਮਰਜੀਤ ਗਿੱਲ ਮੁੱਖ ਵਕਤਾ ਦੇ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਵਿਦਿਆਰਥੀਆਂ ਨਾਲ ਤਜ਼ਰਬੇ ਸਾਂਝੇ ਕੀਤੇ। ਕਾਮਰਸ ਵਿਭਾਗ ਦੇ ਡਾ ਹਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਪ੍ਰਤੀ ਸਾਕਾਰਾਤਮਕ ਨਜ਼ਰੀਆ ਰੱਖਣ ਲਈ ਪ੍ਰੇਰਿਤ ਕੀਤਾ।
ਦੂਜੇ ਦਿਨ ਕੰਪਿਊਟਰ ਵਿਭਾਗ ਦੇ ਡਾ ਵਰਿੰਦਰ ਕੁਮਾਰ ਸਿੰਗਲਾ ਤੇ ਇੰਜ: ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਵੈੱਬ ਡਿਵੈੱਲਪਮੈਂਟ ਅਤੇ ਕੋਡਿੰਗ ਆਦਿ ਬਾਰੇ ਬਹੁਮੁੱਲੀ ਜਾਣਕਾਰੀ ਦਿੱਤੀ ਅਤੇ ਕੰਪਿਊਟਰ ਦੇ ਖੇਤਰ ਵਿੱਚ ਵੱਖ–ਵੱਖ ਤਰ੍ਹਾਂ ਦੀਆਂ ਨੌਕਰੀਆਂ ਹਾਸਲ ਕਰਨ ਲਈ ਮਾਰਗ ਦਰਸ਼ਨ ਕੀਤਾ।
ਅੰਤਲੇ ਦਿਨ ਡਾ ਜਸਬੀਰ ਸਿੰਘ ਨੇ ਆਰਟਸ ਕਲਾਸਾਂ ਦੇ ਵਿਦਿਆਰਥੀਆਂ ਨੂੰ ਆਈ ਏ ਐੱਸ ਅਤੇ ਯੂ ਪੀ ਐੱਸ ਸੀ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਦੀ ਯੋਗਤਾ ਦੱਸਦੇ ਹੋਏ ਵਿਦਿਆਰਥੀਆਂ ਨੂੰ ਇਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਉਤਸ਼ਾਹਿਤ ਕੀਤਾ। ਹਵਾਈ ਸੈਨਾ ਦੀਆਂ ਸੇਵਾਵਾਂ ਨਿਭਾਅ ਚੁੱਕੇ ਕਾਲਜ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ ਚਮਕੌਰ ਸਿੰਘ ਨੇ ਵਿਦਿਆਰਥੀਆਂ ਨੂੰ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਵੱਖ ਵੱਖ ਪਦਵੀਆਂ ਦੀਆਂ ਨੌਕਰੀਆਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਰੋਜ਼ਗਾਰ ਦੇਣ ਲਈ ਆਨਲਾਈਨ ਪੋਰਟਲ ਤੇ ਰਜਿਸਟਰ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਬੀ ਏ ਕਲਾਸ ਦੀ ਗਗਨਦੀਪ ਸ਼ਰਮਾਂ ਨੂੰ ਵਿਦਿਆਰਥੀਆਂ ਦੇ ਸਨਮੁਖ ਕਰਵਾਇਆ ਗਿਆ ਜਿਸ ਨੇ ਪੰਜਾਬ ਸਰਕਾਰ ਦੇ ਪੋਰਟਲ ਤੇ ਰਜਿਸਟਰ ਕਰਕੇ ਇੰਟਰਵਿਊ ਰਾਹੀਂ ਨੌਕਰੀ ਲਈ ਪੱਤਰ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਨੇ ਵਰਕਸ਼ਾਪ ਕਰਵਾਉਣ ਦੇ ਉਪਰਾਲੇ ਦੀ ਸਲਾਘਾ ਕੀਤੀ। ਵਰਕਸ਼ਾਪ ਵਿੱਚ ਪਲੇਸਮੈਂਟ ਕਮੇਟੀ ਮੈਂਬਰ ਡਾ ਮਨਪ੍ਰੀਤ ਕੌਰ, ਅਮਨਦੀਪ ਕੌਰ ਤੋਂ ਇਲਾਵਾ ਡਾ ਸੁਭਾਸ਼ ਕੁਮਾਰ, ਰੁਪਾਲੀ, ਅਵਨੀਤ ਸਿੰਘ, ਮਾਲਵਿੰਦਰ ਕੌਰ, ਅਮਨਪ੍ਰੀਤ ਕੌਰ ਤੇ ਰਸਪ੍ਰੀਤ ਕੌਰ ਸ਼ਾਮਲ ਹੋਏ।